ਗੁਜਰਾਤ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਜਰਾਤ ਦੇ ਡੇਡਿਆਪਾੜਾ ਵਿਧਾਨ ਸਭਾ ਹਲਕੇ ਵਿੱਚ ਇੱਕ ਵਿਸ਼ਾਲ ਜਨਸਭਾ ਨੂੰ ਸੰਬੋਧਨ ਕੀਤਾ। ਇਹ ਜਨਸਭਾ “ਆਪ” ਦੇ ਵਿਧਾਇਕ ਚੈਤਰ ਵਸਾਵਾ ਦੀ ਗਿਰਫ਼ਤਾਰੀ ਦੇ ਵਿਰੋਧ ਵਿੱਚ ਆਯੋਜਿਤ ਕੀਤੀ ਗਈ ਸੀ।ਲੋਕਾਂ ਦੀ ਭਾਰੀ ਭੀੜ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਦਿਵਾਸੀ (ਮੂਲ ਨਿਵਾਸੀ) ਹੋਣ ਦਾ ਮਤਲਬ ਹੈ ਜਲ, ਜੰਗਲ ਅਤੇ ਜ਼ਮੀਨ 'ਤੇ ਹੱਕ। ਪਰ ਭਾਜਪਾ ਤਾਂ ਜਲ, ਜੰਗਲ, ਜ਼ਮੀਨ ਹੀ ਨਹੀਂ, ਸਗੋਂ ਪੂਰਾ ਦੇਸ਼ ਵੀ ਵੇਚ ਰਹੀ ਹੈ।ਉਨ੍ਹਾਂ ਕਿਹਾ ਕਿ ਜਦੋਂ ਆਦਿਵਾਸੀ ਜਾਗ ਜਾਂਦਾ ਹੈ, ਤਾਂ ਕੋਈ ਵੀ ਤੂਫਾਨ ਉਸਨੂੰ ਰੋਕ ਨਹੀਂ ਸਕਦਾ। ਪਰ ਉਹ ਆਪਣੇ ਆਪ ਨੂੰ ਇਕੱਲਾ ਨਾ ਸਮਝਣ 'ਆਪ' ਪਾਰਟੀ ਆਦਿਵਾਸੀਆਂ ਦੇ ਨਾਲ ਖੜੀ ਹੈ, ਅਤੇ ਚੈਤਰ ਵਸਾਵਾ ਦੇ ਨਾਲ ਵੀ।ਚੈਤਰ ਵਸਾਵਾ ਪਹਿਲਾਂ ਵੀ ਕਿਸਾਨਾਂ ਦੇ ਹੱਕ ਲਈ ਟਰੈਕਟਰ ਦੇ ਸਾਹਮਣੇ ਖੜੇ ਹੋ ਕੇ ਜੇਲ੍ਹ ਗਏ ਸਨ। ਪੁਲਿਸ ਨੇ ਸੀਸੀਟੀਵੀ ਫੁਟੇਜ ਮਿਟਾ ਦਿੱਤੀ ਅਤੇ ਉਨ੍ਹਾਂ ’ਤੇ ਝੂਠੇ ਕੇਸ ਕੀਤੇ। ਇਹ ਪਹਿਲੀ ਵਾਰੀ ਨਹੀਂ ਭਾਜਪਾ ਨੇ ਇਸ ਤੋਂ ਪਹਿਲਾਂ ਵੀ "ਆਪ" ਦੇ ਆਗੂਆਂ ’ਤੇ ਝੂਠੇ ਕੇਸ ਕੀਤੇ, ਉਨ੍ਹਾਂ ਨੂੰ ਜੇਲ੍ਹ ਭੇਜਿਆ। ਪਰ ਭਾਜਪਾ ਦੇ ਕਾਗਜ਼ ਖਤਮ ਹੋ ਜਾਣਗੇ, ਪਰ ਸਾਡੇ ਲੋਕ ਖਤਮ ਨਹੀਂ ਹੋਣਗੇ।
ਭਗਵੰਤ ਮਾਨ ਨੇ ਕਿਹਾ ਕਿ ਗੁਜਰਾਤ ’ਚ ਭਾਜਪਾ ਦੀ ਪਿਛਲੇ 30 ਸਾਲਾਂ ਤੋਂ ਸਰਕਾਰ ਹੈ। ਜਨਤਾ 30 ਸਾਲ ਚੁੱਪ ਰਹਿ ਸਕਦੀ ਹੈ, ਪਰ ਜਦੋਂ ਜਾਗਦੀ ਹੈ ਤਾਂ 30 ਸਾਲਾਂ ਦਾ ਹਿਸਾਬ 30 ਮਿੰਟ ’ਚ ਲੈ ਲੈਂਦੀ ਹੈ। ਹੁਣ ਗੁਜਰਾਤ ਵਿੱਚ ਹਿਸਾਬ ਲੈਣ ਦਾ ਸਮਾਂ ਆ ਗਿਆ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਮਿਲੇ ਹੋਏ ਹਨ, ਜਿਸ ਕਾਰਨ ਗੁਜਰਾਤ ’ਚ ਕੋਈ ਵਿਰੋਧੀ ਧਿਰ ਨਹੀਂ ਸੀ। ਪਰ ਹੁਣ "ਆਪ" ਨੇ ਝਾੜੂ ਦੇ ਬਟਨ ਨਾਲ ਤੀਸਰਾ ਰਾਹ ਖੋਲ੍ਹ ਦਿੱਤਾ ਹੈ ਜੋ ਭ੍ਰਿਸ਼ਟ ਸਿਸਟਮ ਦੀ ਸਫਾਈ ਕਰੇਗਾ।ਉਨ੍ਹਾਂ ਜਨਤਾ ਨੂੰ ਏਕਤਾ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਭਾਵੇਂ ਮੀਂਹ ਹੋਵੇ ਜਾਂ ਧੁੱਪ, ਜੇ ਅਸੀਂ ਇਕੱਠੇ ਰਹੀਏ ਤਾਂ ਭਾਜਪਾ ਦੀਆਂ ਕੰਧਾਂ ਕੱੰਬਣ ਲੱਗਣਗੀਆਂ।'ਆਪ" ਪਾਰਟੀ ਸਿੱਖਿਆ, ਸਿਹਤ, ਬਿਜਲੀ, ਪਾਣੀ ਅਤੇ ਰੋਜ਼ਗਾਰ ਦੀ ਗੱਲ ਕਰਦੀ ਹੈ ਨਾ ਕਿ ਨਫਰਤ ਜਾਂ ਲੜਾਈ ਦੀ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਰਫ 3 ਸਾਲਾਂ ਵਿੱਚ 55, 000 ਸਰਕਾਰੀ ਨੌਕਰੀਆਂ ਦਿੱਤੀਆਂ, ਉਹ ਵੀ ਬਿਨਾਂ ਰਿਸ਼ਵਤ ਜਾਂ ਸਿਫ਼ਾਰਿਸ਼ ਤੋਂ। ਉਨ੍ਹਾਂ ਕਿਹਾ ਕਿ ਇੱਥੇ ਮੈਰਿਟ ਦੇ ਆਧਾਰ ’ਤੇ ਨੌਕਰੀ ਦੀ ਚਿੱਠੀ ਸਿੱਧੀ ਘਰ ਆਉਂਦੀ ਹੈ ਜਿਸ ’ਚ ਲਿਖਿਆ ਹੁੰਦਾ ਹੈ ਆ ਜਾਓ, ਕੁਰਸੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ।ਦੂਜੇ ਪਾਸੇ, ਗੁਜਰਾਤ ਵਿੱਚ ਹਰੇਕ ਸਾਲ ਭਰਤੀ ਪ੍ਰੀਖਿਆਵਾਂ ਦੇ ਪੇਪਰ ਲੀਕ ਹੋ ਰਹੇ ਹਨ ਭਾਵੇਂ ਕਲੇਕਟਰ ਪਦ ਹੋਵੇ ਜਾਂ ਹੋਰ ਵੱਡੇ ਅਹੁਦੇ। ਆਦਿਵਾਸੀ ਬੱਚੇ ਸਵੇਰੇ 3 ਵਜੇ ਉੱਠ ਕੇ ਖੇਤਾਂ ਵਿਚ ਬੈਠ ਕੇ ਪੜ੍ਹਾਈ ਕਰਦੇ ਹਨ, ਪਰ ਜਦੋਂ ਪੇਪਰ ਲੀਕ ਹੋ ਜਾਂਦੇ ਹਨ, ਤਾਂ ਉਹਨਾਂ ਦੇ ਸੁਪਨੇ ਟੁੱਟ ਜਾਂਦੇ ਹਨ। ਇਹ ਸਾਰਾ ਕਿਸੇ ਟੁੱਟੀ-ਫੁੱਟੀ ਸਰਕਾਰੀ ਪ੍ਰਣਾਲੀ ਦਾ ਨਤੀਜਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 'ਆਪ' ਸਰਕਾਰ ਨੇ ਪੇਪਰ ਲੀਕ ਹੋਣ ਤੋਂ ਰੋਕੇ, ਹੁਣ ਗੁਜਰਾਤ ਵਿੱਚ ਵੀ ਇਹੀ ਕੀਤਾ ਜਾਵੇਗਾ। ਭਾਜਪਾ ਦਾ ਹਰ ਵਾਅਦਾ ਜੁਮਲਾ ਹੈ। ਦੇਸ਼ ਦੀ ਆਬਾਦੀ 140 ਕਰੋੜ ਹੈ, ਪਰ ਇਹ ਬਰਬਾਦੀ ਵੱਲ ਵਧ ਰਿਹਾ ਹੈ। ਜਨਤਾ ਨੂੰ ਜਾਗਣਾ ਪਵੇਗਾ, ਇੱਕਜੁੱਟ ਹੋਣਾ ਪਵੇਗਾ ਅਤੇ ਆਪਣੇ ਹੱਕਾਂ ਲਈ ਸਵਾਲ ਪੁੱਛਣੇ ਪੈਣਗੇ।