ਨਵੀਂ ਦਿੱਲੀ - ਸਿੱਖ ਚਿੰਤਕ ਭਾਈ ਦਲਜੀਤ ਸਿੰਘ ਖਾਲਸਾ ਜੀ ਦੀ ਅਗਵਾਈ ’ਚ ਸੀਨੀਅਰ ਪੱਤਰਕਾਰ ਬਲਜਿੰਦਰ ਸਿੰਘ ਕੋਟਭਾਰਾ ਵੱਲੋਂ ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ ‘ਕੌਰਨਾਮਾ-2’ ਸਫ਼ਲਤਾ ਨਾਲ ਪੂਰੀ ਹੋਣ ’ਤੇ ਗੁਰਦੁਆਰਾ ਸ੍ਰੀ ਲਿਖਣਸਰ ਸਾਹਿਬ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼ੁਕਰਾਨੇ ਵਜੋਂ ਅਰਦਾਸ ਕਰਵਾਈ ਗਈ। ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ’ਚ ਤਿੰਨ ਸਿੰਘਾਂ ਨੇ ਅਰਦਾਸ ਮੌਕੇ ਸ੍ਰੀ ਗੁਰੂ ਗਰੰਥ ਸਾਹਿਬ ਵਿਚੋਂ ਸ਼ਹਾਦਤ, ਸੀਸ ਦੇਣ ਦੇ ਹਵਾਲੇ ਦਿੰਦਿਆ ਵਾਹਿਗੁਰੂ ਅੱਗੇ ਬੇਨਤੀ ਕੀਤੀ ਕਿ ਸ਼ਹੀਦ ਖਾੜਕੂ ਸਿੰਘਾਂ, ਸਿੰਘਣੀਆਂ ਕੌਮ ਦਾ ਭਵਿੱਖ ਤਹਿ ਕਰਦੀਆਂ ਹਨ ਤੇ ਇਹਨਾਂ ਦੇ ਇਤਿਹਾਸ ਲਿਖਣ ਲਈ ਬਖ਼ਸਿਸ ਕੀਤੀ ਜਾਵੇ। ਉਹਨਾਂ ਅਰਦਾਸ ਬਾਅਦ ਲੇਖਕ ਬਲਜਿੰਦਰ ਸਿੰਘ ਨੂੰ ਗੁਰੂ ਦੀ ਬਖ਼ਸਿਸ ਸਿਰਪਾਓ ਭੇਂਟ ਕਰਕੇ ਸਨਮਾਨ ਕੀਤਾ। ਬਲਜਿੰਦਰ ਸਿੰਘ ਨੇ ਅਰਦਾਸ ਕਰਕੇ ਗੁਰੂ ਸਾਹਿਬ ਤੋਂ ਬਲ ਬੁੱਧੀ, ਬਿਬੇਕ ਤੇ ਬਾਕੀ ਲਿਖਣ ਵਾਲੇ ਇਤਿਹਾਸ ਨੂੰ ਲਿਖਣ ਦਾ ਵਰ ਮੰਗਿਆ ਕਿ ਗੁਰੂ ਇਸੇ ਤਰ੍ਹਾਂ ਹੀ ਸੇਵਾ ਕਰਵਾਉਂਦੇ ਰਹਿਣ। ਜਾਰੀ ਕੀਤੇ ਗਏ ਪ੍ਰੈਸ ਬਿਆਨ ਵਿੱਚ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਸਿੱਖ ਕੌਮ ਨੂੰ ਖਾੜਕੂ ਸੰਘਰਸ਼ ਬਾਰੇ ਵੱਧ ਤੋਂ ਵੱਧ ਕਿਤਾਬਾਂ, ਇਤਿਹਾਸਕ ਦਸਤਾਵੇਜ਼ ਪੜ੍ਹਨ ਦੀ ਅਪੀਲ ਕਰਦਿਆ ਕਿਹਾ ਕਿ ਜੋ ਕੌਮਾਂ ਇਤਿਹਾਸ ਨੂੰ ਭੁੱਲ ਜਾਂਦੀਆਂ ਹਨ, ਉਹ ਉਹਨਾਂ ਖਾਤਰ ਸ਼ਹੀਦ ਹੋਇਆਂ ਨੂੰ ਬੇਦਾਵਾ ਦੇ ਦਿੰਦੀਆਂ ਹਨ। ਉਹਨਾਂ ਕਿਹਾ ਕਿ ਸ਼ਹੀਦ ਬੀਬੀਆਂ ਦੀ ਇਹ ਵਾਰਤਾ ਇੱਕ ਇਤਿਹਾਸਕ ਦਸਤਾਵੇਜ ਹੈ, ਜੋ ਲਹਿਰ ਦੇ ਅਮਰ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੀ ਪ੍ਰੇਰਨਾ ਸਦਕਾ ਸ਼ੁਰੂ ਕੀਤੀ ਗਈ ਸੀ ਪਰ ਇਸ ਦਾ ਪਹਿਲਾ ਹਿੱਸਾ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਹੀ ਪੂਰਾ ਹੋਇਆ ਤੇ ਇਹਨਾਂ ਨੂੰ ਬਿਬੇਕਵੜ੍ਹ ਪ੍ਰਸ਼ਾਸਨ ਨੇ ਛਪਵਾ ਕੇ ਕੌਮ ਦੇ ਸਨਮੁੱਖ ਕੀਤਾ। ਉਹਨਾਂ ਭਵਿੱਖ ’ਚ ਇਸ ਕਾਰਜ ਦੇ ਜਾਰੀ ਰਹਿਣ ਦੀ ਉਮੀਦ ਵੀ ਪ੍ਰਗਟ ਕੀਤੀ। ਇਸ ਮੌਕੇ ਪੰਜ ਪਿਆਰਿਆਂ ’ਚ ਤਿੰਨ ਸਿੰਘ, ਲੇਖਕ ਬਲਜਿੰਦਰ ਸਿੰਘ ਕੋਟਭਾਰਾ, ਬੀਬੀ ਜਸਪਾਲ ਕੌਰ ਚਹਿਲਾਵਾਲੀ, ਬੀਬੀ ਵੀਰਪਾਲ ਕੌਰ ਤਲਵੰਡੀ ਸਾਬੋ ਵੀ ਮੌਜੂਦ ਸਨ। ਅਰਦਾਸ ਬਾਅਦ ਪੁੱਜੇ ਸ਼ਹੀਦ ਬੀਬੀ ਜਤਿੰਦਰ ਕੌਰ ਉਰਫ ਰਾਜਵੀਰ ਕੌਰ ਨਾਗੋਕੇ ਤੇ ਸ਼ਹੀਦ ਭਾਈ ਗੁਰਮੁੱਖ ਸਿੰਘ ਨਾਗੋਕੇ ਦੀ ਸਪੁੱਤਰੀ ਬੀਬੀ ਤੇਜਬੀਰ ਕੌਰ ਨਾਗੋਕੇ ਨੂੰ ‘ਕੌਰਨਾਮਾ-2’ ਭੇਂਟ ਕੀਤਾ ਗਿਆ।