ਨਵੀਂ ਦਿੱਲੀ- ਦਿੱਲੀ ਦੇ ਚੰਦਰ ਵਿਹਾਰ ’ਚ ਖੰਡਾ ਚੌਂਕ ਵਿਖੇ ਸਿੱਖ ਨੌਜਵਾਨ ਨਾਲ ਕੁਝ ਗੁੰਡਾ ਅਨਸਰਾਂ ਵੱਲੋਂ ਕੁੱਟਮਾਰ ਕਰਨ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦਿੱਲੀ ਪੁਲਿਸ ਦੇ ਉਚ ਅਧਿਕਾਰੀਆਂ ਕੋਲ ਮਾਮਲਾ ਚੁੱਕਦਿਆਂ ਦੋਸ਼ੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਚੰਦਰ ਵਿਹਾਰ ਵਿਚ ਇਹ ਨੌਜਵਾਨ ਲੰਬੇ ਸਮੇਂ ਤੋਂ ਸਵੈ ਇੱਛਾ ਨਾਲ ਟਰੈਫਿਕ ਕੰਟਰੋਲ ਕਰਨ ਵਿਚ ਸਹਾਇਤਾ ਦਿੰਦੇ ਹਨ ਜਿਸ ਨਾਲ ਇਲਾਕੇ ਵਿਚ ਟਰੈਫਿਕ ਬਹੁਤ ਸੁਚੱਜੇ ਢੰਗ ਨਾਲ ਚਲਦਾ ਹੈ। ਉਹਨਾਂ ਦੱਸਿਆ ਕਿ ਅੱਜ ਸਵੇਰੇ ਇਕ ਨੌਜਵਾਨ ਗਲਤ ਪਾਸੇ ਤੋਂ ਵਾਹਨ ਚਲਾ ਕੇ ਆ ਰਿਹਾ ਸੀ ਤਾਂ ਇਹਨਾਂ ਸੇਵਾਦਾਰਾਂ ਵਿਚੋਂ ਇਕ ਨੇ ਉਸਨੂੰ ਗਲਤ ਪਾਸੇ ਡ੍ਰਾਇਵਿੰਗ ਨਾ ਕਰਨ ਦੀ ਸਲਾਹ ਦਿੱਤੀ। ਇਸ ’ਤੇ ਨੌਜਵਾਨ ਭੜਕ ਉਠਿਆ ਅਤੇ ਆਪਣੇ ਨਾਲ ਦੇ ਗੁੰਡਾ ਅਨਸਰ ਸੱਦ ਲਿਆ ਤੇ ਉਕਤ ਨੌਜਵਾਨ ਨਾਲ ਕੁੱਟਮਾਰ ਕੀਤੀ। ਉਹਨਾਂ ਕਿਹਾ ਕਿ ਇਹ ਸਾਰੇ ਨੌਜਵਾਨ ਸਿੱਖੀ ਸਰੂਪ ਵਿਚ ਹਨ ਜੋ ਬਿਨਾਂ ਕਿਸੇ ਦੇ ਕਹੇ ਆਪਣੇ ਆਪ ਸੇਵਾ ਕਰਦੇ ਹਨ। ਉਹਨਾਂ ਕਿਹਾ ਕਿ ਜਦੋਂ ਉਹਨਾਂ ਨੂੰ ਇਸ ਕੁੱਟਮਾਰ ਦਾ ਪਤਾ ਲੱਗਾ ਤਾਂ ਉਹਨਾਂ ਤੁਰੰਤ ਇਲਾਕੇ ਦੇ ਮੈਂਬਰ ਅਨੁਪ ਸਿੰਘ ਘੁੰਮਣ ਨੂੰ ਮੌਕੇ ਤੇ ਭੇਜਿਆ ਅਤੇ ਉੱਚ ਪੁਲਿਸ ਅਧਿਕਾਰੀਆਂ ਕੋਲ ਇਹ ਮਾਮਲਾ ਚੁੱਕਿਆ ਹੈ ਤੇ ਦੋਸ਼ੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਤੇ ਅਧਿਕਾਰੀਆਂ ਨੇ ਭਰੋਸਾ ਦੁਆਇਆ ਹੈ ਕਿ ਕੋਈ ਵੀ ਦੋਸ਼ੀ ਬਖਸ਼ਿਆ ਨਹੀਂ ਜਾਵੇਗਾ ਤੇ ਇਹਨਾਂ ਖਿਲਾਫ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।