ਗੁਜਰਾਤ- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਗੁਜਰਾਤ ਦੇ ਡੇਡਿਆਪਾੜਾ ਵਿਧਾਨ ਸਭਾ ਹਲਕੇ ਵਿੱਚ ਇੱਕ ਵਿਸ਼ਾਲ ਜਨਸਭਾ ਨੂੰ ਸੰਬੋਧਨ ਕੀਤਾ। ਇਹ ਜਨਸਭਾ “ਆਪ” ਦੇ ਵਿਧਾਇਕ ਚੈਤਰ ਵਸਾਵਾ ਦੀ ਗਿਰਫ਼ਤਾਰੀ ਦੇ ਵਿਰੋਧ ਵਿੱਚ ਆਯੋਜਿਤ ਕੀਤੀ ਗਈ ਸੀ।ਲੋਕਾਂ ਦੀ ਭਾਰੀ ਭੀੜ ਨੂੰ ਸੰਬੋਧਨ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗੁਜਰਾਤ ਵਿੱਚ ਭਾਜਪਾ ਦਾ ਸਮਾਂ ਹੁਣ ਖ਼ਤਮ ਹੋ ਚੁੱਕਾ ਹੈ। ਹੁਣ ਗੁਜਰਾਤ ਤੋਂ ਭਾਜਪਾ ਦੀ ਵਿਦਾਈ ਤੈਅ ਹੈ। ਇਸ ਵਾਰੀ ਜਨਤਾ ਨੇ ਭਾਜਪਾ ਨੂੰ "ਬਾਏ-ਬਾਏ" ਕਹਿਣ ਦਾ ਮਨ ਬਣਾ ਲਿਆ ਹੈ।ਉਨ੍ਹਾਂ ਨੇ ਭਾਜਪਾ ਸਰਕਾਰ ਦੀ ਦਬਾਅ ਅਤੇ ਸ਼ੋਸ਼ਣ ਦੀ ਨੀਤੀ ’ਤੇ ਪ੍ਰਹਾਰ ਕਰਦੇ ਹੋਏ ਕਿਹਾ ਕਿ ਜਦੋਂ ਆਦਿਵਾਸੀ ਨੇਤਾ ਚੈਤਰ ਵਸਾਵਾ ਨੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕੀਤਾ, ਤਾਂ ਡਰ ਕੇ ਭਾਜਪਾ ਨੇ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਫਸਾ ਕੇ ਜੇਲ੍ਹ ਭੇਜ ਦਿੱਤਾ।ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਆਉਣ ਵਾਲੇ ਤਾਲੂਕਾ-ਪੰਚਾਇਤ ਚੋਣਾਂ ਵਿੱਚ “ਆਪ” ਆਮ ਲੋਕਾਂ ਨੂੰ ਟਿਕਟ ਦੇਵੇਗੀ। ਹੁਣ ਗੁਜਰਾਤ ਵਿੱਚ “ਆਪ” ਇੱਕ ਮਜ਼ਬੂਤ ਵਿਪੱਖ ਬਣ ਚੁੱਕੀ ਹੈ ਜੋ ਇਸ ਵਾਰੀ ਜਨਤਾ ਦੇ ਨਾਲ ਮਿਲ ਕੇ ਭਾਜਪਾ ਨੂੰ ਸੱਤਾ ਤੋਂ ਬਾਹਰ ਕਰੇਗੀ।
ਡੇਡਿਆਪਾੜਾ ਵਿੱਚ "ਆਪ" ਵਿਧਾਇਕ ਚੈਤਰ ਵਸਾਵਾ ਦੀ ਗਿਰਫਤਾਰੀ ਦੇ ਵਿਰੋਧ ਵਿੱਚ ਆਯੋਜਿਤ ਵਿਸ਼ਾਲ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਆਦਿਵਾਸੀ ਸਮਾਜ ਦਾ ਸ਼ੋਸ਼ਣ ਕੀਤਾ, ਉਨ੍ਹਾਂ ਉੱਤੇ ਦਬਾਅ ਬਣਾਇਆ ਅਤੇ ਉਨ੍ਹਾਂ ਦੇ ਹੱਕਾਂ ਨੂੰ ਖੋਹ ਲਿਆ। ਅੱਜ ਪੂਰਾ ਆਦਿਵਾਸੀ ਭਾਈਚਾਰਾ ਭਾਜਪਾ ਤੋਂ ਬਹੁਤ ਨਾਰਾਜ਼ ਹੈ।ਕੇਜਰੀਵਾਲ ਨੇ ਕਿਹਾ ਕਿ ਆਦਿਵਾਸੀ ਸਮਾਜ ਨੇ ਸਦੀਆਂ ਤੱਕ ਭਾਜਪਾ ਅਤੇ ਕਾਂਗਰਸ ਦੇ ਨਿਤਾਵਾਂ ਨੂੰ ਵੋਟਾਂ ਦਿੱਤੀਆਂ, ਪਰ ਕਿਸੇ ਵੀ ਨੇਤਾ, ਮੰਤਰੀ ਜਾਂ ਪਾਰਟੀ ਨੇ ਕਦੇ ਵੀ ਆਦਿਵਾਸੀ ਭਾਈਚਾਰੇ ਦੀ ਆਵਾਜ਼ ਨਹੀਂ ਚੁੱਕੀ।2022 ਵਿੱਚ ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ ਡੇਡਿਆਪਾਡਾ ਤੋਂ ਆਦਿਵਾਸੀ ਸਮਾਜ ਦੇ ਇਕ ਨੌਜਵਾਨ ਨੇਤਾ ਚੈਤਰ ਵਸਾਵਾ ਚੋਣ ਲੜੇ। ਚੈਤਰ ਵਸਾਵਾ ਇਕ ਪੜ੍ਹੇ-ਲਿਖੇ ਅਤੇ ਸਮਾਜ ਦੀ ਸੇਵਾ ਕਰਨ ਵਾਲੇ ਵਿਅਕਤੀ ਹਨ। ਉਨ੍ਹਾਂ ਨੂੰ ਆਦਿਵਾਸੀ ਭਾਈਚਾਰੇ ਨੇ ਭਾਰੀ ਵੋਟਾਂ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ।ਵਿਧਾਇਕ ਬਣਨ ਤੋਂ ਬਾਅਦ ਚੈਤਰ ਵਸਾਵਾ ਲਗਾਤਾਰ ਆਦਿਵਾਸੀ ਸਮਾਜ ਦੇ ਮੁੱਦੇ ਉਠਾਏ ਹਨ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗੁਜਰਾਤ ਵਿੱਚ ਸਰਕਾਰੀ ਸਕੂਲਾਂ, ਹਸਪਤਾਲਾਂ ਅਤੇ ਸੜਕਾਂ ਦੀ ਹਾਲਤ ਬੇਹੱਦ ਖ਼ਰਾਬ ਹੈ। ਚੈਤਰ ਵਸਾਵਾ ਨੇ ਸਕੂਲਾਂ, ਹਸਪਤਾਲਾਂ, ਸੜਕਾਂ, ਬਿਜਲੀ, ਪਾਣੀ, ਜੰਗਲ ਅਤੇ ਜ਼ਮੀਨ ਦੇ ਮੁੱਦੇ ਉਠਾਏ। ਉਨ੍ਹਾਂ ਦੇਖਿਆ ਕਿ ਹਰ ਸਾਲ ਸਰਕਾਰ ਵੱਲੋਂ ਜੋ ਪੈਸਾ ਸਕੂਲਾਂ, ਹਸਪਤਾਲਾਂ ਤੇ ਵਿਕਾਸ ਕਾਰਜਾਂ ਲਈ ਭੇਜਿਆ ਜਾਂਦਾ ਹੈ, ਉਹ ਸਿੱਧਾ ਭਾਜਪਾ ਦੇ ਨੇਤਾਵਾਂ ਦੀ ਜੇਬ ਵਿੱਚ ਜਾਂਦਾ ਹੈ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦਾ ਇੱਕ ਛੋਟਾ ਜਿਹਾ ਆਗੂ ਜਦੋਂ ਵਿਧਾਇਕ ਨਹੀਂ ਹੁੰਦਾ, ਤਾਂ ਸਾਈਕਲ 'ਤੇ ਘੁੰਮਦਾ ਹੈ, ਟੁੱਟੇ-ਫੁੱਟੇ ਘਰ ਵਿੱਚ ਰਹਿੰਦਾ ਹੈ। ਪਰ ਜਿਵੇਂ ਹੀ ਉਹ ਵਿਧਾਇਕ ਬਣਦਾ ਹੈ, ਪੰਜ ਸਾਲਾਂ ਵਿੱਚ ਸਕੂਲਾਂ, ਹਸਪਤਾਲਾਂ ਅਤੇ ਸੜਕਾਂ ਦਾ ਪੈਸਾ ਚੋਰੀ ਕਰਕੇ ਆਪਣੇ ਲਈ 10 ਮਹਲ ਤਿਆਰ ਕਰ ਲੈਂਦਾ ਹੈ, 10 ਵੱਡੀਆਂ-ਵੱਡੀਆਂ ਗੱਡੀਆਂ ਖਰੀਦ ਲੈਂਦਾ ਹੈ। ਚੈਤਰ ਵਸਾਵਾ ਪਹਿਲੀ ਵਾਰੀ ਆਦਿਵਾਸੀ ਸਮਾਜ ਦੀ ਅਸਲ ਆਵਾਜ਼ ਬਣੇ ਅਤੇ ਉਨ੍ਹਾਂ ਨੇ ਭਾਜਪਾ ਦੇ ਭ੍ਰਿਸ਼ਟਾਚਾਰ ਦੀ ਪੋਲ ਖੋਲੀ। ਇਸ ਨਾਲ ਭਾਜਪਾ ਡਰ ਗਈ। ਉਨ੍ਹਾਂ ਨੂੰ ਲੱਗਣ ਲੱਗਾ ਕਿ ਜੇ ਚੈਤਰ ਵਸਾਵਾ ਇੰਜ ਹੀ ਆਦਿਵਾਸੀ ਭਾਈਚਾਰੇ ਦੀ ਆਵਾਜ਼ ਚੁੱਕਦੇ ਰਹੇ ਤਾਂ ਆਦਿਵਾਸੀ ਸਮਾਜ ਭਾਜਪਾ ਨੂੰ ਵੋਟ ਨਹੀਂ ਦੇਵੇਗਾ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮਨਰੇਗਾ ਸਕੀਮ ਦੇ ਤਹਿਤ ਘੱਟੋ-ਘੱਟ ਮਜ਼ਦੂਰੀ 'ਤੇ ਲੋਕਾਂ ਨੂੰ 100 ਦਿਨ ਦਾ ਰੋਜ਼ਗਾਰ ਮਿਲਦਾ ਹੈ। ਜਿਨ੍ਹਾਂ ਕੋਲ ਦੋ ਵਕਤ ਦੀ ਰੋਟੀ ਨਹੀਂ ਹੁੰਦੀ, ਉਹੀ ਮਨਰੇਗਾ 'ਚ ਮਿਹਨਤ ਕਰਦੇ ਹਨ। ਭਾਜਪਾ ਵਾਲੇ ਇੰਨੇ ਘਟੀਆ ਹਨ ਕਿ ਉਹ ਗਰੀਬਾਂ ਦੇ ਮਨਰੇਗਾ ਵਾਲੇ ਹੱਕ ਦਾ ਪੈਸਾ ਵੀ ਖਾ ਗਏ।ਚੈਤਰ ਵਸਾਵਾ ਨੇ ਮਨਰੇਗਾ ’ਚ 2500 ਕਰੋੜ ਰੁਪਏ ਦੇ ਘਪਲੇ ਦੀ ਪੋਲ ਖੋਲੀ। ਉਨ੍ਹਾਂ ਨੇ ਪਹਿਲਾਂ ਵਿਧਾਨ ਸਭਾ ਵਿੱਚ ਆਵਾਜ਼ ਉਠਾਈ, ਫਿਰ ਮੀਡੀਆ ਅਤੇ ਸੜਕਾਂ 'ਤੇ ਆਵਾਜ਼ ਚੁੱਕੀ ਅਤੇ ਭਾਜਪਾ ਦੇ ਮੰਤਰੀ ਦੇ ਦੋ ਮੁੰਡਿਆਂ ਨੂੰ ਜੇਲ੍ਹ ਭੇਜ ਦਿੱਤਾ।ਇਸ ਕਾਰਨ ਹੀ ਭਾਜਪਾ ਸਰਕਾਰ ਨੇ ਚੈਤਰ ਵਸਾਵਾ ਨੂੰ ਜੇਲ੍ਹ ਭੇਜ ਦਿੱਤਾ। ਚੈਤਰ ਵਸਾਵਾ ਨੇ ਨਾ ਤਾਂ ਕੋਈ ਜੁਰਮ ਕੀਤਾ, ਨਾ ਕੋਈ ਗਲਤ ਕੰਮ। ਭਾਜਪਾ ਦੇ ਕਹਿਣ 'ਤੇ ਪੁਲਿਸ ਨੇ ਸੀਸੀਟੀਵੀ ਫੁਟੇਜ ਗਾਇਬ ਕਰ ਦਿੱਤੀ। ਉਨ੍ਹਾਂ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ।ਭਾਜਪਾ ਚੈਤਰ ਵਸਾਵਾ ਨੂੰ ਡਰਾਉਣਾ ਚਾਹੁੰਦੀ ਹੈ, ਪਰ ਚੈਤਰ ਵਸਾਵਾ ਤਾਂ ਇੱਕ ਬੱਬਰ ਸ਼ੇਰ ਹੈ। ਭਾਜਪਾ ਉਨ੍ਹਾਂ ਨੂੰ ਜੇਲ੍ਹ ਭੇਜ ਕੇ ਵੀ ਡਰਾ ਨਹੀਂ ਸਕਦੀ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੇ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਨੂੰ ਜੇਲ੍ਹ ਭੇਜਿਆ। ਪਿਛਲੇ ਸਾਲ ਭਾਜਪਾ ਨੇ ਮੈਨੂੰ ਵੀ ਇੱਕ ਸਾਲ ਲਈ ਜੇਲ੍ਹ ਵਿੱਚ ਰੱਖਿਆ। ਉਨ੍ਹਾਂ ਨੇ ਮਨੀਸ਼ ਸਿਸੋਦੀਆ, ਸਤਿੰਦਰ ਜੈਨ, ਸੰਜੇ ਸਿੰਘ ਨੂੰ ਵੀ ਜੇਲ੍ਹ ਵਿੱਚ ਰੱਖਿਆ। ਉਨ੍ਹਾਂ ਨੂੰ ਲੱਗਿਆ ਕਿ ਇਹ ਲੋਕ ਡਰ ਜਾਣਗੇ ਅਤੇ ਆਮ ਆਦਮੀ ਪਾਰਟੀ ਟੁੱਟ ਜਾਏਗੀ, ਪਰ ਇਸ ਦੇ ਉਲਟ, "ਆਪ" ਹੋਰ ਮਜ਼ਬੂਤ ਹੋ ਗਈ। ਉਨ੍ਹਾਂ ਕਿਹਾ ਕਿ ਅਸੀਂ ਡਰਣ ਵਾਲੇ ਨਹੀਂ ਹਾਂ। 2027 ਵਿੱਚ ਗੁਜਰਾਤ ’ਚ ਚੋਣਾਂ ਹਨ। ਹੁਣ ਭਾਜਪਾ ਵਾਲੇ ਗੋਪਾਲ ਇਟਾਲੀਆ, ਇਸ਼ੁਦਾਨ ਗੜ੍ਹਵੀ ਨੂੰ ਵੀ ਜੇਲ੍ਹ ਭੇਜਣਗੇ। ਭਾਜਪਾ ਦੇ ਨੇਤਾਵਾਂ ਦੀ ਬੁਧੀ ਭ੍ਰਿਸ਼ਟ ਹੋ ਚੁੱਕੀ ਹੈ।ਜਦੋਂ ਰੱਬ ਕਿਸੇ ਨੂੰ ਬਰਬਾਦ ਕਰਨਾ ਚਾਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਦੀ ਬੁਧੀ ਭ੍ਰਿਸ਼ਟ ਕਰ ਦਿੰਦਾ ਹੈ।ਭਾਜਪਾ ਸਾਨੂੰ ਜਿੰਨਾ ਜੇਲ੍ਹ ਭੇਜਣ ਦੀ ਕੋਸ਼ਿਸ਼ ਕਰੇਗੀ, ਉਨ੍ਹਾਂ ਹੀ ਜਨਤਾ ਆਮ ਆਦਮੀ ਪਾਰਟੀ ਦੇ ਨਾਲ ਖੜੀ ਹੋਵੇਗੀ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਰ ਸਾਲ ਸਰਕਾਰ ਜੂਨ ਮਹੀਨੇ ਵਿੱਚ ਪਸ਼ੂਪਾਲਕਾਂ ਨੂੰ 17 ਫੀਸਦ ਬੋਨਸ ਦਿੰਦੀ ਹੈ, ਪਰ ਇਸ ਸਾਲ ਭਾਜਪਾ ਸਰਕਾਰ ਨੇ ਪਸ਼ੂਪਾਲਕ ਕਿਸਾਨਾਂ ਨੂੰ ਉਹ ਬੋਨਸ ਨਹੀਂ ਦਿੱਤਾ। ਇਹ ਲੋਕ ਉਹਨਾਂ ਦੇ ਹੱਕ ਦਾ ਬੋਨਸ ਖਾ ਗਏ। ਜਦੋਂ ਸਾਬਰ ਡੇਅਰੀ ਵਿੱਚ ਸਾਰੇ ਪਸ਼ੂਪਾਲਕ ਇੱਕਜੁਟ ਹੋ ਕੇ ਵਿਰੋਧ ਕਰਨ ਲੱਗੇ, ਤਾਂ ਭਾਜਪਾ ਸਰਕਾਰ ਨੇ ਉਨ੍ਹਾਂ ’ਤੇ ਲਾਠੀਆਂ ਚਲਾਈਆਂ, ਆਂਸੂ ਗੈਸ ਦੇ ਗੋਲੇ ਛੱਡੇ, ਜਿਸ ਕਾਰਨ ਇੱਕ ਗਰੀਬ ਪਸ਼ੂਪਾਲਕ ਅਸ਼ੋਕ ਚੌਧਰੀ ਦੀ ਦੁਖਦਾਈ ਮੌਤ ਹੋ ਗਈ। ਉਸ ਕਿਸਾਨ ਦੇ ਘਰ ’ਤੇ ਛੱਤ ਵੀ ਨਹੀਂ ਸੀ। ਕੇਜਰੀਵਾਲ ਨੇ ਦੱਸਿਆ ਕਿ ਭਾਜਪਾ ਦੇ ਲੋਕਾਂ ਨੇ ਗਰੀਬ ਪਸ਼ੂਪਾਲਕਾਂ ਦਾ ਪੈਸਾ ਲੁੱਟ ਕੇ ਆਪਣੇ ਲਈ ਮਹਲ ਬਣਵਾ ਲਏ, ਜ਼ਮੀਨਾਂ ਖਰੀਦ ਲਈਆਂ। ਇਹ ਲੋਕ ਪਸ਼ੂਪਾਲਕਾਂ ਦੇ ਬੋਨਸ ਦਾ ਪੈਸਾ ਵੀ ਖਾ ਗਏ।ਜਦੋਂ ਕੋਈ ਪਸ਼ੂਪਾਲਕ ਮੰਡੀ ਵਿੱਚ ਆਪਣਾ ਦੁੱਧ ਵੇਚਣ ਜਾਂਦਾ ਹੈ, ਤਾਂ ਫੈਟ ਮਾਪਣ ਵਾਲੀ ਮਸ਼ੀਨ ਵੀ ਠੀਕ ਨਹੀਂ ਚਲਦੀ। ਉਥੇ ਵੀ ਇਹ ਲੋਕ ਠੱਗੀ ਕਰਕੇ ਉਨ੍ਹਾਂ ਦਾ ਪੈਸਾ ਖਾ ਜਾਂਦੇ ਹਨ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਗੁਜਰਾਤ ਵਿੱਚ ਸੜਕਾਂ ਟੁੱਟੀ ਹੋਈਆਂ ਹਨ, ਫਲਾਈਓਵਰ ਤੇ ਪੁਲ ਢਹਿ ਰਹੇ ਹਨ। ਖੁੱਲ੍ਹੇਆਮ ਨਕਲੀ ਸ਼ਰਾਬ ਵੇਚੀ ਜਾ ਰਹੀ ਹੈ। ਹੁਣ ਸਮਾਂ ਆ ਗਿਆ ਹੈ ਕਿ ਗੁਜਰਾਤ ਦੀ ਜਨਤਾ ਨੂੰ ਖੁਦ ਖੜਾ ਹੋਣਾ ਪਵੇਗਾ। ਜਦੋਂ ਤੁਸੀਂ ਲੋਕ ਖੜੇ ਹੋਵੋਗੇ, ਤਾਂ ਰੱਬ ਵੀ ਮਦਦ ਕਰੇਗਾ। ਆਮ ਆਦਮੀ ਪਾਰਟੀ ਸਿਰਫ ਆਮ ਲੋਕਾਂ ਨੂੰ ਹੀ ਟਿਕਟ ਦਿੰਦੀ ਹੈ। ਚੈਤਰ ਵਸਾਵਾ ਖ਼ੁਦ ਇੱਕ ਆਮ ਆਦਮੀ ਹਨ। ਸਾਡੇ ਘਰ ਵਿੱਚ ਕੋਈ ਨੇਤਾ ਨਹੀਂ ਹੈ, ਅਸੀਂ ਸਭ ਆਮ ਲੋਕ ਹਾਂ। ਕੇਜਰੀਵਾਲ ਨੇ ਐਲਾਨ ਕੀਤਾ ਕਿ ਅਗਲੇ ਕੁਝ ਮਹੀਨਿਆਂ ਵਿੱਚ ਪੰਚਾਇਤ, ਜ਼ਿਲ੍ਹਾ ਪੰਚਾਇਤ ਅਤੇ ਨਗਰ ਪਾਲਿਕਾ ਦੀਆਂ ਚੋਣਾਂ ਹੋਣ ਵਾਲੀਆਂ ਹਨ। ਨੌਜਵਾਨ ਅੱਗੇ ਆਉਣ, ਆਮ ਆਦਮੀ ਪਾਰਟੀ ਗਰੀਬਾਂ ਨੂੰ ਟਿਕਟ ਦੇਵੇਗੀ। ਨੌਜਵਾਨ ਆਪਣੇ ਪਿੰਡ ਦੀ ਜ਼ਿੰਮੇਵਾਰੀ ਲੈਣ। ਸਾਡੀ ਮਦਦ ਕਰਨ ਲਈ ਕੋਈ ਬਾਹਰੋਂ ਨਹੀਂ ਆਵੇਗਾ, ਸਾਨੂੰ ਆਪਣੀ ਮਦਦ ਖੁਦ ਕਰਨੀ ਪਵੇਗੀ, ਖੁਦ ਖੜਾ ਹੋਣਾ ਪਵੇਗਾ। ਪੰਚਾਇਤ ਚੋਣਾਂ ਲਈ ਆਮ ਆਦਮੀ ਪਾਰਟੀ ਨੂੰ ਆਪਣਾ ਨਾਂ ਭੇਜੋ, ਅਸੀਂ ਤੁਹਾਨੂੰ ਟਿਕਟ ਦੇਵਾਂਗੇ। ਭਾਜਪਾ ਤੇ ਕਾਂਗਰਸ ਦੀ ਜਮਾਨਤ ਜਬਤ ਕਰਾ ਕੇ, ਚੈਤਰ ਵਸਾਵਾ ਦੀ ਗਿਰਫਤਾਰੀ ਦਾ ਬਦਲਾ ਲੈਣਾ ਹੈ।
ਅਰਵਿੰਦ ਕੇਜਰੀਵਾਲ ਨੇ ਗੁਜਰਾਤ ਦੀ ਜਨਤਾ ਨੂੰ ਕਾਂਗਰਸ ਤੋਂ ਸਾਵਧਾਨ ਕਰਦੇ ਹੋਏ ਕਿਹਾ ਕਿ ਗੁਜਰਾਤ ਵਿੱਚ ਸਿਰਫ ਭਾਜਪਾ ਦੀ ਨਹੀਂ, ਸਗੋਂ ਭਾਜਪਾ-ਕਾਂਗਰਸ ਦੀ ਮਿਲੀਭਗਤ ਵਾਲੀ ਸਰਕਾਰ ਚੱਲ ਰਹੀ ਹੈ। ਇਹ ਦੋਵਾਂ ਪਾਰਟੀਆਂ ਮਿਲ ਕੇ ਗਰੀਬ ਜਨਤਾ ਨੂੰ ਲੁੱਟ ਰਹੀਆਂ ਹਨ।ਉਨ੍ਹਾਂ ਨੇ ਕਿਹਾ ਕਿ ਮਨਰੇਗਾ, ਸੜਕਾਂ, ਸਕੂਲਾਂ ਅਤੇ ਹਸਪਤਾਲਾਂ ਦਾ ਪੈਸਾ ਭਾਜਪਾ ਅਤੇ ਕਾਂਗਰਸ ਦੇ ਨੇਤਾ ਮਿਲ ਕੇ ਹੜਪ ਲੈਂਦੇ ਹਨ। ਜਲ, ਜੰਗਲ, ਜ਼ਮੀਨ, ਫਲਾਈਓਵਰ ਅਤੇ ਨਕਲੀ ਸ਼ਰਾਬ ਦਾ ਗੋਰਖਧੰਧਾ ਭੀ ਦੋਵਾਂ ਪਾਰਟੀਆਂ ਨੇ ਮਿਲ ਕੇ ਚਲਾ ਰੱਖਿਆ ਹੈ।ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਭਾਜਪਾ ਨੂੰ ਹਰਾਉਣਾ ਹੀ ਨਹੀਂ ਚਾਹੁੰਦੀ, ਕਿਉਂਕਿ ਦੋਵਾਂ ਆਪਸ ਵਿੱਚ ਮਿਲੇ ਹੋਏ ਹਨ। ਹੁਣ ਤੱਕ ਗੁਜਰਾਤ ਵਿੱਚ ਕੋਈ ਵਿਰੋਧੀ ਧਿਰ ਨਹੀਂ ਸੀ, ਪਰ ਹੁਣ ਆਮ ਆਦਮੀ ਪਾਰਟੀ ਵਿਰੋਧੀ ਧਿਰ ਬਣ ਚੁੱਕੀ ਹੈ।ਆਮ ਆਦਮੀ ਪਾਰਟੀ ਗੁਜਰਾਤ ਦੀ ਜਨਤਾ ਦੀ ਲੜਾਈ ਲੜੇਗੀ, ਪਰ ਜ਼ਿੰਮੇਵਾਰੀ ਲੈਣ ਲਈ ਜਨਤਾ ਨੂੰ ਖੁਦ ਅੱਗੇ ਆਉਣਾ ਪਵੇਗਾ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੂਰੇ ਆਦਿਵਾਸੀ ਭਾਈਚਾਰੇ ਨੂੰ ਚੈਤਰ ਵਸਾਵਾ ਦੀ ਗਿਰਫਤਾਰੀ ਦਾ ਜਵਾਬ ਦੇਣਾ ਹੋਵੇਗਾ, ਤਾਂ ਜੋ ਅਗਲੀ ਵਾਰੀ ਭਾਜਪਾ ਉਨ੍ਹਾਂ ਵੱਲ ਦੇਖਣ ਦੀ ਹਿਮਤ ਨਾ ਕਰ ਸਕੇ। ਚੈਤਰ ਵਸਾਵਾ ਦਾ ਸੰਦੇਸ਼ ਗੁਜਰਾਤ ਦੇ ਹਰ ਇਕ ਘਰ ਤੱਕ ਪਹੁੰਚਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਪੂਰੇ ਗੁਜਰਾਤ ਨੂੰ ਹੁਣ ਇਕਜੁਟ ਹੋਣਾ ਪਵੇਗਾ। ਉੱਤਰੀ ਗੁਜਰਾਤ ਵਿੱਚ ਪਸ਼ੂਪਾਲਕ ਆਪਣੀ ਲੜਾਈ ਲੜ ਰਹੇ ਹਨ, ਦੂਜੇ ਪਾਸੇ ਆਦਿਵਾਸੀ ਸਮਾਜ ਆਪਣਾ ਹੱਕ ਮੰਗ ਰਿਹਾ ਹੈ। ਹੁਣ ਸਮਾਂ ਆ ਗਿਆ ਹੈ ਕਿ ਇਹ ਸਾਰੀਆਂ ਲੜਾਈਆਂ ਨੂੰ ਇੱਕ ਕਰ ਕੇ ਇੱਕ ਵੱਡੀ "ਗੁਜਰਾਤ ਦੀ ਲੜਾਈ" ਬਣਾਈ ਜਾਵੇ।ਉਨ੍ਹਾਂ ਕਿਹਾ ਕਿ ਪਹਿਲੇ 30 ਸਾਲ ਕਾਂਗਰਸ ਨੇ ਰਾਜ ਕੀਤਾ, ਫਿਰ 30 ਸਾਲ ਭਾਜਪਾ ਨੇ। ਪਰ "ਗੀਤਾ" ਵਿੱਚ ਭਗਵਾਨ ਸ਼੍ਰੀਕ੍ਰਿਸ਼ਨ ਕਹਿੰਦੇ ਹਨ ਕਿ ਸਮੇਂ ਦਾ ਚੱਕਰ ਘੁੰਮਦਾ ਹੈ। ਹੁਣ ਭਾਜਪਾ ਲਈ ਵੀ ਸਮੇਂ ਦਾ ਚੱਕਰ ਪੂਰਾ ਹੋ ਚੁੱਕਾ ਹੈ – ਭਾਜਪਾ ਦੇ ਜਾਣ ਦਾ ਸਮਾਂ ਆ ਗਿਆ ਹੈ।