ਨਵੀਂ ਦਿੱਲੀ -ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਨੇ ਬੀਤੇ ਦਿਨੀਂ ਇੱਕ ਬਿਆਨ ਵਿੱਚ ਕਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਅਤੇ ਮੰਤਰੀਆਂ ਨੁੰ ਸਿੱਖੀ ਸਰੂਪ ਧਾਰਨ ਕਰਨਾ ਚਾਹੀਦਾ ਹੈ । ਜਰਮਨੀ ਦੀਆਂ ਪੰਥਕ ਜੱਥੇਬੰਦੀਆਂ ਵਲੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਦੇ ਇਸ ਬਿਆਨ ਦਾ ਸੁਆਗਤ ਕਰਦੇ ਹਾਂ । ਅਸੀਂ ਉਨ੍ਹਾਂ ਨੂੰ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ ਪੁਰਾਣੇ ਸਮਿਆਂ ਵਿੱਚ ਜਿੰਨੇ ਵੀ ਪੰਜਾਬ ਦੇ ਮੁੱਖ ਮੰਤਰੀ ਬਣੇ ਭਾਵੇਂ ਊਹ ਕਾਂਗਰਸ ਪਾਰਟੀ ਨਾਲ ਸਬੰਧਤ ਸਨ ਜਾਂ ਅਕਾਲੀ ਦੱਲ ਨਾਲ ਸਬੰਧਤ ਰਹੇ ਸਾਰੇ ਹੀ ਸਿੱਖੀ ਸਰੂਪ ਵਾਲੇ ਸਨ । ਸ਼੍ਰੋਮਣੀ ਅਕਾਲੀ ਦੱਲ ਦੇ ਇੱਕ ਮੰਤਰੀ ਸਰਦਾਰ ਆਤਮਾ ਸਿੰਘ ਤਾਂ ਅਪਣੀ ਕਾਰ ਵਿੱਚ ਕੰਘਾ ਅਤੇ ਕੜਾ ਆਮ ਹੀ ਰੱਖਦੇ ਹੁੰਦੇ ਸਨ । ਸਰਦਾਰ ਆਤਮਾ ਸਿੰਘ ਨੁੰ ਜਦੋਂ ਵੀ ਕਿਸੇ ਸਮਾਗਮ ਵਿੱਚ ਕੋਈ ਨੌਜੂਆਨ ਕੰਘੇ ਅਤੇ ਕੜੇ ਤੋ ਵਾਂਝਾ ਦਿਖਦਾ ਤਾਂ ਊਹ ਅਪਣੀ ਕਾਰ ਵਿੱਚੋਂ ਜਾਂ ਜੇਬ ਵਿੱਚੋ ਕੰਘਾ ਅਤੇ ਕੜਾ ਕੱਢਦੇ ਅਤੇ ਨੌਜੂਆਨ ਨੁੰ ਪਹਿਨਾ ਦਿੰਦੇ ਸਨ । ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਵੀਂ ਅਕਸਰ ਹੀ ਨੌਜੂਆਨਾ ਨੁੰ ਦਾੜੀ ਕੇਸ ਰੱਖਣ ਦੀ ਪ੍ਰੇਰਣਾ ਦਿੰਦੇ ਰਹਿੰਦੇ ਸਨ । ਪੰਜਾਬ ਸਿੱਖੀ ਦਾ ਧੁਰਾ ਅਤੇ ਗੁਰੂ ਪੀਰਾਂ ਦੀ ਧਰਤੀ ਹੈ ਇਸ ਲਈ ਮੌਜੂਦਾ ਸਰਕਾਰ ਦੇ ਸਿੱਖ ਮੁੱਖ ਮੰਤਰੀ, ਮੰਤਰੀ, ਐਮ ਐੱਲ ਏਜ ਅਤੇ ਚੇਅਰਮੈਨਾ ਨੁੰ ਸਿੱਖੀ ਸਰੂਪ ਜਰੂਰ ਧਾਰਨ ਕਰਨਾ ਚਾਹੀਦਾ ਹੈ । ਇਸ ਤਰ੍ਹਾਂ ਕਰਨ ਨਾਲ ਨੌਜੂਆਨ ਪੀੜੀ ਨੂੰ ਵੀ ਪ੍ਰੇਰਣਾ ਮਿਲੇਗੀ ਅਤੇ ਊਹ ਵੀ ਸਿੱਖੀ ਸਰੂਪ ਧਾਰਨ ਕਰਨਗੇ ਨਾਲ ਹੀ ਨਸ਼ਿਆਂ ਤੋ ਵੀ ਬਚੇ ਰਹਿਣਗੇ । ਸਾਡੀ ਜਥੇਦਾਰ ਕੁਲਦੀਪ ਸਿੰਘ ਜੀ ਗੜਗੱਜ ਨੂੰ ਬੇਨਤੀ ਹੈ ਕਿ ਸਿੱਖ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੈਕਟਰੀ, ਸੈਕਟਰੀ, ਮੈਨੇਜਰ ਅਤੇ ਮੈਂਬਰ ਸਹਿਬਾਨ ਜਿਨ੍ਹਾਂ ਨੇ ਸ੍ਰੀ ਗੁਰੂ ਤੇਗ਼ ਬਹਾਦਰ ਪਾਤਸ਼ਾਹ ਜੀ ਦੀ 350 ਸਾਲਾ ਸ਼ਹੀਦੀ ਦਿਹਾੜੇ ਦੇ ਪ੍ਰੋਗਰਾਮ ਊਲੀਕੇ ਹਨ ਊਹਨਾ ਵਿੱਚੋ ਬਹੁ ਗਿਣਤੀ ਮੈਂਬਰਾਂ ਅਤੇ ਖਾਸ ਕਰਕੇ ਮੁੱਖ ਸਕੱਤਰ ਦੇ ਬੱਚਿਆਂ ਨੇ ਦਾੜੀ ਕੇਸ ਕਤਲ ਕੀਤੇ ਹੋਏ ਹਨ, ਉਨ੍ਹਾਂ ਨੂੰ ਵੀ ਅਦੇਸ ਜਾਰੀ ਕਰ ਕੇ ਆਪਣਾ ਮੁੱਢਲਾ ਫਰਜ਼ ਅਦਾ ਕਰੋ ਤੇ ਦੀਵੇ ਥੱਲੇ ਹਨ੍ਹੇਰਾ ਨਾ ਰੱਖੋ । ਜਿਹੜੇ ਪੰਥ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦੱਲ (ਸਾਰੇ ਧੜੇ) ਦੇ ਆਗੂਆਂ ਅਤੇ ਵਰਕਰਾ ਨੇ ਸਿੱਖੀ ਸਰੂਪ ਧਾਰਨ ਨਹੀਂ ਕੀਤਾ ਹੋਇਆ ਵੱਡੇ ਵੱਡੇ ਓਹਦੇ ਲੈ ਰੱਖੇ ਹਨ ਉਨ੍ਹਾਂ ਵੱਲ ਵੀ ਨਜ਼ਰ ਕਰ ਲੈਣ ਦੀ ਸਖ਼ਤ ਲੋੜ ਹੈ ਕਿਉਕਿ ਇੰਨ੍ਹਾ ਲੋਕਾਂ ਦਾ ਕੰਮ ਸਿੱਖੀ ਪ੍ਰਚਾਰ ਨਾਲ ਜੁੜਿਆ ਹੋਇਆ ਹੈ ਤੇ ਇੰਨ੍ਹਾ ਵਿਚ ਹੀ ਸਿੱਖੀ ਸਰੂਪ ਦੀ ਵੱਧ ਘਾਟ ਹੈ । ਜੱਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਸਤਨਾਮ ਸਿੰਘ ਬੱਬਰ, ਭਾਈ ਬਿਧੀ ਸਿੰਘ ਬੱਬਰ, ਭਾਈ ਰਜਿੰਦਰ ਸਿੰਘ ਬੱਬਰ ਸਮੇਤ ਬਹੁਤ ਸਾਰੇ ਆਗੂਆਂ ਨੇ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਕੀਤਾ ।