ਨਵੀਂ ਦਿੱਲੀ -ਸ਼ਹੀਦ ਭਾਈ ਫੌਜਾ ਸਿੰਘ ਦੇ ਸਿੰਘਣੀ ਬੀਬੀ ਅਮਰਜੀਤ ਕੌਰ, ਜੋ ਇਸ ਸਾਲ 12 ਜਨਵਰੀ ਨੂੰ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ ਜਰਮਨੀ ਵਿਖੇ ਸ਼ਰਧਾਂਜਲੀ ਸਮਾਗਮ ਉਚੇਚੇ ਤੌਰ ਤੇ ਉਲੀਕੇ ਗਏ ਜਿਸ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਕੀਰਤਨ ਅਤੇ ਕਥਾ ਦਰਬਾਰ ਸਜਾਏ ਗਏ ਸਨ । ਇਸ ਮੌਕੇ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਜਿੱਥੇ ਅਸੀਂ ਅੱਜ ਬੀਬੀ ਅਮਰਜੀਤ ਕੌਰ, ਸ਼ਹੀਦ ਭਾਈ ਫੌਜਾ ਸਿੰਘ ਜੀ ਅਤੇ ਸ਼ਹੀਦ ਜਥੇਦਾਰ ਭਾਈ ਸੁਖਦੇਵ ਸਿੰਘ ਬੱਬਰ ਸਮੇਤ ਹੋਰਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ । ਜਦੋਂ ਭਾਈ ਫੌਜਾ ਸਿੰਘ ਜੀ ਦੀ ਸ਼ਹਾਦਤ ਹੋਈ, ਤਦ ਉਨ੍ਹਾਂ 13 ਸਿੰਘਾਂ ਨੂੰ ਅੰਤਿਮ ਇਸ਼ਨਾਨ ਕਰਾਉਣ ਵਾਲਿਆਂ ਵਿੱਚ ਜਥੇਦਾਰ ਸਤਨਾਮ ਸਿੰਘ ਬੱਬਰ ਵੀ ਸ਼ਾਮਲ ਸਨ ।ਭਾਈ ਰੇਸ਼ਮ ਸਿੰਘ ਬੱਬਰ ਨੇ ਜਿੱਥੇ ਬੀਬੀ ਅਮਰਜੀਤ ਕੌਰ ਜੀ ਦੇ ਜੀਵਨ ’ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਭਾਈ ਸਤਨਾਮ ਸਿੰਘ ਬੱਬਰ ਦਾ ਪ੍ਰਵਾਰ ਜੂਨ 1984 ਦੇ ਹਮਲੇ ਤੱਕ ਸ੍ਰੀ ਗੁਰੂ ਰਾਮਦਾਸ ਸਰਾਂ ਅੰਮ੍ਰਿਤਸਰ ਵਿੱਚ ਬੀਬੀ ਜੀ ਅਮਰਜੀਤ ਕੌਰ ਦੀ ਸਰਪ੍ਰਸਤੀ ਹੇਠ ਰਹਿੰਦਾ ਸੀ । ਬੀਬੀ ਜੀ ਨੇ ਹੋਰ ਵੀ ਕਈ ਪ੍ਰਵਾਰਾਂ ਦੀ ਸਾਂਭ - ਸੰਭਾਲ ਕੀਤੀ । ਭਾਈ ਸਤਨਾਮ ਸਿੰਘ ਬੱਬਰ ਹੋਰਾਂ ਨੂੰ ਕੋਈ ਜਾਣਕਾਰੀ ਨਹੀਂ ਸੀ ਕਿ ਉਨ੍ਹਾਂ ਦਾ ਪ੍ਰਵਾਰ ਜੀਵਤ ਹੈ ਜਾਂ ਨਹੀਂ । ਜਰਮਨੀ ਦੇ ਸ਼ਹਿਰ ਸਟੱਟਗਾਰਟ ਤੋਂ ਇੱਕ ਜਰਮਨ ਬੀਬੀ ‘ਅਨਾ ਬੌਰਕ ਸਿੰਘ’ ਸਾਨੂੰ ਆ ਕੇ ਮਿਲੀ । ਮੈਂ ਵੀ ਉਸ ਸਮੇਂ ਭਾਈ ਸਤਨਾਮ ਸਿੰਘ ਜੀ ਦੇ ਨਾਲ ਹੀ ਰਹਿੰਦਾ ਸੀ । ਇਹ ਬੀਬੀ ਆਪਣੇ ਪਤੀ ਨਾਲ 1984 ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਨ ਗਈ ਹੋਈ ਸੀ । ਉਸਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਪਰ 2 ਮਹੀਨੇ ਫੌਜੀ ਕੈਂਪ ਵਿੱਚ ਰੱਖਣ ਤੋਂ ਬਾਅਦ, ਜਰਮਨ ਨਾਗਰਿਕ ਹੋਣ ਕਰਕੇ, ਜਰਮਨ ਸਰਕਾਰ ਨੇ ਆਪਣੇ ਨਾਗਰਿਕ ਨੂੰ ਸੁਰੱਖਿਅਤ ਵਾਪਸ ਬੁਲਾ ਲਿਆ । ਉਸੇ ਫੌਜੀ ਕੈਂਪ ਵਿੱਚ ਹੀ ਇਸ ਬੀਬੀ ਦਾ ਬੀਬੀ ਸੁਰਿੰਦਰ ਕੌਰ ਅਤੇ ਪ੍ਰਵਾਰ ਨਾਲ ਸੰਪਰਕ ਹੋਇਆ । ਜਰਮਨ ਬੀਬੀ ਨੇ ਸਾਨੂੰ ਦੱਸਿਆ ਸੀ ਕਿ ਉਸ ਪ੍ਰਵਾਰ ਵਿੱਚ ਇੱਕ ਅਪਾਹਿਜ ਬੱਚਾ ਵੀ ਹੈ, ਜਿਸਨੂੰ ਫੌਜੀਆਂ ਨੇ ਮੇਰੀਆਂ ਅੱਖਾਂ ਦੇ ਸਾਹਮਣੇ ਠੁੱਡੇ ਮਾਰੇ । ਉੱਥੇ ਭਾਰਤ ਵਿੱਚ ਨਿਆਂ ਅਤੇ ਇਨਸਾਫ਼ ਵਾਲੀ ਕੋਈ ਗੱਲ ਨਹੀਂ ਹੈ । ਜਿਕਰਯੋਗ ਹੈ ਉਹ ਅਪਾਹਿਜ ਬੱਚਾ ਭਾਈ ਇਕਬਾਲ ਸਿੰਘ ਹੈ, ਜੋ ਅੱਜ ਸਾਡੇ ਨਾਲ ਸੰਗਤ ਵਿੱਚ ਬਿਰਾਜਮਾਨ ਹੈ । ਭਾਈ ਇਕਬਾਲ ਸਿੰਘ 6 ਮਹੀਨੇ ਦਾ ਸੀ ਜਦੋਂ ਪੋਲੀਓ ਕਾਰਣ ਉਹ ਚੱਲਣ - ਫਿਰਣ ਤੋਂ ਅਸਮਰਥ ਹੋ ਗਿਆ । ਭਾਈ ਰੇਸ਼ਮ ਸਿੰਘ ਬੱਬਰ ਨੇ ਕਿਹਾ ਕਿ ਭਾਈ ਸਾਹਿਬ ਜੀ ਦੇ ਗੀਤ / ਕਵਿਤਾਵਾਂ, ਜਦੋਂ ਤੋਂ ਅਸੀਂ ਜਰਮਨੀ ਵਿੱਚ ਆਏ ਹਾਂ, ਭਾਈ ਸਾਹਿਬ ਸਮੇਂ ਅਤੇ ਹਾਲਾਤਾਂ ਮੁਤਾਬਿਕ ਲਿਖਦੇ ਰਹੇ ਹਨ ਅਤੇ ਅਸੀਂ ਇਕੱਠੇ ਇਨ੍ਹਾਂ ਗੀਤਾਂ / ਕਵਿਤਾਵਾਂ ਨੂੰ ਗਾਉਂਦੇ ਵੀ ਰਹੇ ਹਾਂ । ਭਾਈ ਗੁਰਮੀਤ ਸਿੰਘ ਖਨਿਆਣ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸੰਗਤ ਨਾਲ ਗੱਲ ਸਾਂਝੀ ਕੀਤੀ ਜਿੱਥੇ ਉਹਨਾਂ ਨੇ ਸ਼ਹੀਦ ਭਾਈ ਫੌਜਾ ਸਿੰਘ ਜੀ ਦੀ ਕੁਰਬਾਨੀ ਨੂੰ ਯਾਦ ਕੀਤਾ, ਉੱਥੇ ਨਾਲ ਹੀ ਉਹਨਾਂ ਨੇ ਬੀਬੀ ਅਮਰਜੀਤ ਕੌਰ ਜੀ ਦੀਆਂ ਸੇਵਾਵਾਂ ਬਾਰੇ ਵੀ ਦੱਸਿਆ । ਅਖੀਰ ’ਤੇ ਜਥੇ. ਭਾਈ ਸੁਖਦੇਵ ਸਿੰਘ ਬੱਬਰ ਅਤੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਸਮਾਪਤੀ ਕੀਤੀ । ਸ੍ਰ: ਸਤਨਾਮ ਸਿੰਘ ਬੱਬਰ ਅਤੇ ਬੀਬੀ ਸੁਰਿੰਦਰ ਕੌਰ ਨੂੰ ਸਿਰੋਪਾ ਦੇ ਕੇ ਨਿਵਾਜਿਆ ਗਿਆ । ਅਖੀਰ ਵਿੱਚ ਭਾਈ ਸਤਨਾਮ ਸਿੰਘ ਬੱਬਰ ਨੇ ਦੂਰੋਂ - ਨੇੜਿਓਂ ਆਈਆਂ ਸਾਰੀਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਅਤੇ ਜੀ ਆਇਆਂ ਆਖਿਆ ।