ਮਨੁੱਖੀ ਸੇਵਾ ਕਾਰਜਾਂ ਨੂੰ ਸਮਰਪਿਤ ਸੰਸਥਾ ਯੂਨਾਈਟਿਡ ਸਿੱਖਜ਼ ਇੱਕ ਅਜਿਹੀ ਸੇਵਾ ਸੰਸਥਾ ਹੈ ।ਜਿਸ ਨੇ ਪਿਛਲੇ ਸਮੇਂ ਦੌਰਾਨ ਸੰਸਾਰ ਦੇ ਵੱਖ ਵੱਖ ਮੁਲਕਾਂ ਅੰਦਰ ਆਈਆਂ ਕੁਦਰਤੀ ਆਫਤਾਂ ਦੇ ਸਮੇਂ ਆਪਣੀ ਸਰਗਰਮ ਸੇਵਾ ਭੂਮਿਕਾ ਨਿਭਾਕੇ ਸੇਵਾ ਕਾਰਜਾਂ ਦੀ ਇੱਕ ਨਿਵੇਕਲੀ ਮਿਸਾਲ ਕਾਇਮ ਕੀਤੀ ਹੈ, ਖਾਸ ਕਰਕੇ ਪਿਛਲੇ ਦਿਨੀ ਹਿਮਾਚਲ ਪ੍ਰਦੇਸ਼ ਤੇ ਪੰਜਾਬ ਅੰਦਰ ਪੈ ਰਹੀ ਬਰਸਾਤ ਦੇ ਸਦਕਾ ਅਤੇ ਨੰਗਲ ਡੈਮ, ਹਰੀਕੇ ਹੈਂਡ ਤੋ ਲਗਾਤਾਰ ਵੱਡੀ ਪੱਧਰ ਤੇ ਛੱਡੇ ਗਏ ਪਾਣੀ ਕਾਰਨ ਪੰਜਾਬ ਦੇ ਜਿਲ੍ਹਾਂ ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਦੇ ਲਗਭਗ100ਤੋ ਵੱਧ ਪਿੰਡ ਹੜ੍ਹ ਦੇ ਪਾਣੀ ਦੀ ਮਾਰ ਝੱਲ ਰਹੇ ਹਨ।ਜਿਸ ਨਾਲ ਇਨ੍ਹਾਂ ਪਿੰਡਾਂ ਦੀ ਸਥਿਤੀ ਬੜੀ ਖਰਾਬ ਹੋ ਚੁੱਕੀ ਸੀ ਅਤੇ ਉਕਤ ਪਿੰਡਾਂ ਵਿੱਚ ਵੱਸਦੇ ਲੋਕਾਂ ਦਾ ਵੱਡੇ ਪੱਧਰ ਤੇ ਆਰਥਿਕ ਤੇ ਜਾਨੀ ਨੁਕਸਾਨ ਹੋਇਆ।
ਇਸ ਵੱਡੀ ਕੁਦਰਤੀ ਬਿਪਤਾ ਸਮੇਂ ਸਥਾਨਕ ਨਿਵਾਸੀਆਂ ਲਈ ਇੱਕ ਵਾਰ ਮੁੜ ਯੂਨਾਈਟਿਡ ਸਿੱਖਜ਼ ਦੇ ਵਲੰਟੀਅਰ
ਰੱਬੀ ਫਰਿਸ਼ਤਿਆਂ ਵੱਜੋਂ ਅੱਗੇ ਆਏ, ਖਾਸ ਕਰਕੇ ਯੂਨਾਈਟਿਡ ਸਿੱਖਜ਼ ਦੇ ਵਲੰਟੀਅਰਾਂ ਨੇ ਸੇਵਾ ਦੇ ਪੁੰਜ ਭਾਈ ਘਨ੍ਹੱਈਆ ਜੀ ਦੀ ਸੇਵਾ ਭਾਵਨਾ ਵਾਲੀ ਸੋਚ ਤੇ ਪਹਿਰਾ ਦੇਦਿਆ ਹੋਇਆ ਰਾਹਤ ਕਾਰਜਾਂ ਵਿੱਚ ਆਪਣਾ ਮੋਹਰੀ ਰੋਲ ਅਦਾ ਕੀਤਾ ਅਤੇ ਸਰੱਹਦੀ ਇਲਾਕੇ ਦੇ ਪਾਣੀ ਨਾਲ ਘਿਰੇ ਪਿੰਡਾਂ ਵਿੱਚ ਤਰੁੰਤ ਆਪਣੀ ਪਹੁੰਚ ਕਰਕੇ ਸਰਕਾਰੀ ਰਾਹਤ ਸਾਹਾਇਤਾ ਪੁੱਜਣ ਤੋ ਪਹਿਲਾਂ ਜੋ ਹੀ ਵੱਡੀ ਪੱਧਰ ਤੇ ਆਪਣੇ ਵਿਸੀਲਿਆਂ ਰਾਹੀਂ ਰਾਹਤ ਕਾਰਜ਼ ਆਰੰਭ ਕਰਕੇ ਸਥਾਨਕ ਪਿੰਡਾਂ ਦੇ ਲੋਕਾਂ ਤੇ ਉਨ੍ਹਾਂ ਦੇ ਡੰਗਰ - ਜਾਨਵਰਾਂ ਨੂੰ ਕਸ਼ਤੀਆਂ ਰਾਹੀਂ ਸੁਰੱਖਿਅਤ ਸਥਾਨਾਂ ਤੇ ਪਹੁੰਚਾਣ, ਉਨ੍ਹਾਂ ਨੂੰ ਰਾਹਤ ਸਮੱਗਰੀ, ਪੀਣ ਵਾਲਾ ਪਾਣੀ, ਭੋਜਨ, ਦਵਾਈਆਂ ਪਹਿਲ ਦੇ ਅਧਾਰ ਤੇ ਉਪਲੱਬਧ ਕਰਵਾਉਣ, ਜਾਨਵਰਾਂ ਲਈ ਹਰਾ ਤੇ ਸੁੱਕਾ ਚਾਰਾ ਲਿਆਉਣ ਦੇ ਨਾਲ ਨਾਲ ਲੋੜਵੰਦ ਮਰੀਜਾਂ ਨੂੰ ਐਬੂਲੈਸ ਰਾਹੀਂ ਹਸਪਤਾਲ ਵਿੱਚ ਪਹੁੰਚਾਣ ਅਤੇ ਵਿਸੇਸ਼ ਕਰਕੇ ਪਾਣੀ ਵਿੱਚ ਡੁਬੇ ਪਿੰਡਾਂ ਦੇ ਗੁਰਦੁਆਰਿਆਂ ਵਿੱਚੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਨੂੰ ਬੜੇ ਅਦਬ ਸਤਿਕਾਰ ਨਾਲ ਕਿਸ਼ਤੀਆਂ ਰਾਹੀਂ ਸੁਰੱਖਿਅਤ ਲਿਆਉਣ ਦੀ ਜੋ ਸੇਵਾ ਨਿਭਾਈ ਗਈ। ਉਹ ਸਮੁੱਚੀ ਕੌਮ ਲਈ ਮਾਣ ਵਾਲੀ ਗੱਲ ਹੈ।ਬੇਸ਼ਕ ਜ਼ਿਲ੍ਹਾ ਫਿਰੋਜ਼ਪੁਰ ਦੇ ਅੰਦਰ ਵੱਗਦੇ ਸਤਲੁਜ ਦਰਿਆ ਦੇ ਨਾਲ- ਨਾਲ ਵੱਸੇ ਹੋਏ ਕਰੀਬ 100 ਪਿੰਡਾਂ ਵਿੱਚ ਇਸ ਸਮੇਂ ਹੜ੍ਹਾਂ ਦੀ ਸਥਿਤੀ ਬਣੀ ਗੰਭੀਰ ਬਣੀ ਹੋਈ ਹੈ ਅਤੇ ਕਿਸਾਨਾਂ ਦੀਆਂ ਫਸਲਾਂ ਪੂਰੀ ਤਰਾਂ ਬਰਬਾਦ ਹੋ ਚੁੱਕੀਆਂ ਹਨ ਅਤੇ ਘਰਾਂ ਦੇ ਆਲੇ ਦੁਆਲੇ ਹੜ੍ਹਾਂ ਦਾ ਪਾਣੀ ਭਰਿਆ ਹੋਇਆ ਹੈ। ਪਰ ਯੂਨਾਈਟਿਡ ਸਿੱਖਜ਼ ਦੇ ਵੀਰ ਅਣਖੀ ਸੇਵਾਦਾਰ ਵੱਜੋ ਆਪਣੇ ਸੇਵਾ ਮਿਸ਼ਨ ਵਿੱਚ ਨਿਰੰਤਰ ਡੱਟੇ ਹੋਏ ਹਨ।ਹੜ੍ਹਾਂ ਦੀ ਤਾਜਾ ਸਥਿਤੀ ਸਬੰਧੀ ਗੱਲ ਕਰੀਏ ਤਾਂ ਸਰਕਾਰ ਨੇ ਵਲੰਟੀਅਰਾਂ ਤੇ ਪੈਰਾ ਮਿਲਟਰੀ ਫੋਰਸ ਦੇ ਜਵਾਨਾਂ ਰਾਹੀਂ ਸਤਲੁਜ ਦੇ ਪਾਣੀ ਦੇ ਪੱਧਰ ਵੱਧਣ ਨਾਲ ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਕਾਲੂਵਾਲਾ, ਟੇਂਡੀ ਵਾਲਾ, ਬੱਗੇ ਵਾਲਾ, ਨਿਹਾਲਾ ਲਵੇਰਾ, ਨਿਹਾਲਾ ਕਿਲਚਾ, ਹਬੀਬ ਕੇ, ਗੱਟੀ ਰਾਜੋ ਕੇ ਅਤੇ ਨਵੀਂ ਗੱਟੀ ਰਾਜੋ ਕੇ ਨੂੰ ਖਾਲੀ ਕਰਵਾ ਲਿਆ ਗਿਆ ਹੈ, ਪਰ ਦੂਜੇ ਪਾਸੇ ਵੱਡੀ ਤਰਾਸਦੀ ਇਹ ਹੈ ਕੀ ਫਿਰੋਜ਼ਪੁਰ ਵਿੱਚ 10806 ਹੈਕਟੇਅਰ ਵਿੱਚ ਫਸਲ ਨੂੰ ਵੱਡਾ ਨੁਕਸਾਨ ਪੁੱਜਾ ਹੈ।ਹੜ੍ਹਾਂ ਦੀ ਸਥਿਤੀ ਨਾਲ ਨਿੱਜਠਣ ਸਬੰਧੀ ਬੇਸ਼ਕ ਸਰਕਾਰ ਦੇ ਅਧਿਕਾਰੀਆਂ ਵੱਲੋ ਪਿੰਡ ਬੱਗੇ ਵਾਲਾ, ਬੇਰ ਕੇ, ਦੁਲਚੀ ਕੇ, ਫੱਤੇ ਵਾਲਾ, ਜੋਗੇ ਵਾਲਾ, ਦੋਨਾ ਮਠਾਰ ਅਤੇ ਮਾੜੀ ਕੇ ਵਿਖੇ 12 ਰਾਹਤ ਕੈਂਪ ਸਥਾਪਿਤ ਕੀਤੇ ਜਾਣ ਦੇ ਦਾ ਦਾਅਵੇ ਕੀਤੇ ਜਾ ਰਹੇ ਹਨ। ਪਰ ਅਸਲ ਵਿੱਚ ਰਾਹਤ ਕਾਰਜਾਂ ਨੂੰ ਚਲਾਉਣ ਵਿੱਚ ਸਰਕਾਰ ਦੀ ਕਾਰਵਾਈ ਬੜੀ ਸੁਸਤ ਚੱਲ ਰਹੀ ਹੈ । ਪਰ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸੰਸਥਾ ਯੂਨਾਈਟਿਡ ਸਿੱਖਜ਼ ਦੇ ਰਾਹਤ ਟੀਮ ਦੇ ਵਲੰਟੀਅਰ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਆਪਣੇ ਤੌਰ ਤੇ ਨਿਰੰਤਰ ਰਾਹਤ ਕਾਰਜ ਕਰ ਰਹੇ ਹਨ।ਉਨ੍ਹਾਂ ਦੇ ਵੱਲੋ ਮਾਲ ਡੰਗਰਾਂ ਨੂੰ ਚਾਰਾ, ਖਾਦ ਪਦਾਰਥ ਤੇ ਦਵਾਈਆਂ ਆਦਿ ਉਪਲੱਬਧ ਕਰਵਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।ਇਸ ਮਿਸ਼ਨ ਵਿੱਚ ਹੁਣ ਤੱਕ ਫਿਰੋਜ਼ਪੁਰ ਦੇ 812 ਬਾਸ਼ਿੰਦਿਆਂ ਦੀਆਂ ਜਿੰਦਗੀਆਂ ਨੂੰ ਸੁਰੱਖਿਅਤ ਕੀਤਾ ਜਾ ਚੁੱਕਾ ਹੈ। ਇਕੱਤਰ ਜਾਣਕਾਰੀ ਅਨੁਸਾਰ ਹੜ੍ਹਾਂ ਕਾਰਨ ਪੰਜਾਬ ਵਿੱਚ ਹੁਣ ਤੱਕ ਕੁੱਲ 1018 ਪਿੰਡ ਪ੍ਰਭਾਵਿਤ ਹੋਏ ਹਨ। ਇਨ੍ਹਾਂ
ਫਿਰੋਜ਼ਪੁਰ ਦੇ 101, ਪਠਾਨਕੋਟ ਦੇ 81, ਫਾਜ਼ਿਲਕਾ ਦੇ 52, ਤਰਨ ਤਾਰਨ ਦੇ 45, ਸ੍ਰੀ ਮੁਕਤਸਰ ਸਾਹਿਬ ਦੇ 64, ਸੰਗਰੂਰ ਦੇ 22, ਕਪੂਰਥਲਾ ਦੇ 107, ਗੁਰਦਾਸਪੁਰ ਦੇ 323, ਹੁਸ਼ਿਆਰਪੁਰ ਦੇ 85 ਅਤੇ ਮੋਗਾ ਦੇ 35 ਪਿੰਡ ਸ਼ਾਮਿਲ ਹਨ।
ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਬਣਾਏ ਕੁੱਲ 87 ਰਾਹਤ ਕੈਂਪਾਂ ਵਿੱਚੋਂ ਇਸ ਵੇਲੇ 77 ਪੂਰੀ ਤਰ੍ਹਾਂ ਚੱਲ ਰਹੇ ਹਨ। ਇਨ੍ਹਾਂ ਕੈਂਪਾਂ ਵਿੱਚ ਕੁੱਲ 4729 ਲੋਕਾਂ ਨੇ ਬਸੇਰਾ ਕੀਤਾ ਹੋਇਆ ਹਨ। ਪ੍ਰਸ਼ਾਸ਼ਨ ਇਨ੍ਹਾਂ ਸਾਰੇ ਲੋਕਾਂ ਦਾ ਹਰ ਤਰ੍ਹਾਂ ਦਾ ਖਿਆਲ ਰੱਖ ਰਿਹਾ ਹੈ। ਕਪੂਰਥਲਾ ਵਿੱਚ ਬਣਾਏ 4 ਰਾਹਤ ਕੈਂਪਾਂ ਵਿੱਚ 110 ਲੋਕ ਰਹਿ ਰਹੇ ਹਨ। ਇਸੇ ਤਰ੍ਹਾਂ ਫਿਰੋਜ਼ਪੁਰ ਦੇ 8 ਰਾਹਤ ਕੈਂਪਾਂ ਵਿੱਚ 3450 ਲੋਕ ਅਤੇ ਹੁਸ਼ਿਆਰਪੁਰ ਦੇ 20 ਰਾਹਤ ਕੈਂਪਾਂ ਵਿੱਚ 478 ਲੋਕ ਰਹਿ ਰਹੇ ਹਨ। ਗੁਰਦਾਸਪੁਰ ਦੇ 22 ਰਾਹਤ ਕੈਂਪਾਂ ਵਿੱਚੋਂ 12 ਚੱਲ ਰਹੇ ਹਨ ਜਿੱਥੇ 255 ਲੋਕ ਰਹਿ ਰਹੇ ਹਨ। ਪਠਾਨਕੋਟ ਦੇ 14 ਰਾਹਤ ਕੈਂਪਾਂ ਵਿੱਚ 411 ਲੋਕ ਅਤੇ ਬਰਨਾਲਾ ਦੇ 1 ਰਾਹਤ ਕੈਂਪ ਵਿੱਚ 25 ਹੜ੍ਹ ਪ੍ਰਭਾਵਿਤ ਲੋਕ ਰਹਿ ਰਹੇ ਹਨ। ਫਾਜ਼ਿਲਕਾ ਵਿੱਚ ਵੀ 11, ਮੋਗਾ 'ਚ 5 ਅਤੇ ਅੰਮ੍ਰਿਤਸਰ ਵਿੱਚ 2 ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ।ਪਰ ਮਿਸ਼ਨ ਬਹੁਤ ਵੱਡਾ ਹੈ, ਕਿਉਕਿ ਇਸ ਹੜ੍ਹ ਦੇ ਪਾਣੀ ਦਾ ਸਤਲੁਜ ਵਿੱਚ ਵਾਪਸ ਜਾਣ ਮਗਰੋਂ ਹੋਰ ਪ੍ਰਕੋਪ ਵੱਧਣ ਦੇ ਆਸਾਰ ਹਨ ਅਤੇ ਫਸਲਾਂ ਦੇ ਵਿੱਚ ਪਾਣੀ ਜਮ੍ਹਾਂ ਹੋ ਜਾਂਦਾ ਹੈ ਤਾਂ ਉਸ ਤੋਂ ਮਗਰੋਂ ਉਸ ਜਗ੍ਹਾਂ ਉਤੇ ਮੱਛਰ ਪੈਦਾ ਹੋ ਜਾਂਦਾ ਹੈ। ਜਿਸ ਨਾਲ ਕਈ ਤਰਾਂ ਦੀਆਂ ਬਿਮਾਰੀਆਂ ਫੈਲਣ ਦਾ ਖ਼ਦਸਾ ਬਣਿਆ ਹੋਇਆ ਹੈ!ਪਰ ਬਲਿਹਾਰੇ ਜਾਈਏ ਯੂਨਾਈਟਿਡ ਸਿੱਖਜ਼ ਦੇ ਸੇਵਾ ਨੂੰ ਸਮਰਪਿਤ ਵਲੰਟੀਅਰਾਂ ਦੇ ਜਿੰਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਹੜ੍ਹਾਂ ਨਾਲ ਪੀੜਤ ਲੋਕਾਂ ਦੀ ਸੱਚੇ ਦਿਲੋਂ ਮਦੱਦ ਤੇ ਸੇਵਾ ਕਰਕੇ ਜਿੱਥੇ ਯੂਨਾਟਿਡ ਸਿੱਖਜ਼ ਦੇ ਪਰਚੰਮ ਇੱਕ ਵਾਰ ਮੁੜ ਬੁਲੰਦ ਕੀਤਾ ਹੈ, ਉੱਥੇ ਆਪਣੇ ਫ਼ਰਜ਼ ਦੀ ਅਦਾਇਗੀ ਬਾਖੂਬੀ ਨਾਲ ਕਰਕੇ ਆਪਣੀ ਸੱਚੀ ਸੇਵਾ ਦੀ ਮਿਸਾਲ ਵੀ ਕਾਇਮ ਕਰ ਰਹੇ ਹਨ।