ਚੰੜੀਗੜ - ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋ ਅੱਜ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਸਮੱਗਰੀ ਨੂੰ ਘਰ ਘਰ ਪਹੁੰਚਾਇਆ ਗਿਆ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਬਣੇ ਹੋਏ ਹਨ। ਪੰਜਾਬ ਦੇ ਅੱਠ ਜ਼ਿਲ੍ਹੇ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਹਨ। ਪੰਜਾਬ ਦੇ ਕਰੀਬ 1500 ਪਿੰਡ ਹੜ੍ਹ ਦੀ ਮਾਰ ਝੱਲ ਰਹੇ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਇਹ ਵੀ ਤ੍ਰਾਸਦੀ ਹੈ ਕਿ ਅੱਜ ਕੇਂਦਰ ਸਰਕਾਰ ਸਾਰੇ ਹਾਲਾਤਾਂ ਤੋਂ ਜਾਣੂ ਵੀ ਹੈ ਪਰ ਹਾਲੇ ਤੱਕ ਰਾਹਤ ਫੰਡ ਦੇ ਨਾਮ ਤੇ ਇੱਕ ਰੁਪਿਆ ਤੱਕ ਜਾਰੀ ਨਹੀਂ ਕੀਤਾ ਗਿਆ। ਪੰਜਾਬ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰਦੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਸੂਬੇ ਨੂੰ ਲਵਾਰਸ ਛੱਡ ਚੁੱਕੀ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ, ਪਾਰਟੀ ਲੀਡਰਸ਼ਿਪ ਨਾਲ ਵਿਚਾਰ ਕੀਤਾ ਜਾਵੇਗਾ, ਜੇਕਰ ਪੰਜਾਬ ਦੇ ਭਲੇ ਲਈ ਕਿਸੇ ਵੀ ਸਰਕਾਰ ਦੇ ਦਰ ਤੇ ਜਾਣਾ ਪਿਆ ਤਾਂ ਲਾਜ਼ਮੀ ਵਿਚਾਰ ਕੀਤਾ ਜਾਵੇਗਾ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਮਹਿਸੂਸ ਅਤੇ ਅਹਿਸਾਸ ਕਰ ਰਹੇ ਹਨ, ਕਿ ਜਿੱਥੇ ਸੂਬਾ ਸਰਕਾਰ ਆਪਣੀ ਜ਼ਿਮੇਵਾਰੀ ਤੋ ਭੱਜ ਚੁੱਕੀ ਉੱਥੇ ਹੀ ਕੇਂਦਰ ਸਰਕਾਰ ਦਾ ਪੰਜਾਬ ਪ੍ਰਤੀ ਰਵਈਆ ਬੇਗਾਨਗੀ ਵਾਲਾ ਹੈ।
ਇਸ ਮੌਕੇ ਓਹਨਾ ਦੇ ਨਾਲ ਪੰਜ ਮੈਬਰੀ ਭਰਤੀ ਕਮੇਟੀ ਦੇ ਮੈਬਰ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਸਾਬਕਾ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ, ਜਰਨੈਲ ਸਿੰਘ ਗੜਦੀਵਾਲ, ਅਮਿਤ ਕੁਮਾਰ ਸੇਠੀ , ਰਣਵੀਰ ਸਿੰਘ ਪੂਨੀਆਂ ਨਾਲ ਹਾਜ਼ਰ ਸਨ।