ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਲਈ ਵਿਸ਼ੇਸ਼ ਪੈਕੇਜ ਦਾ ਐਲਾਨ ਕਰਨ ਅਤੇ ਨਾਲ ਹੀ ਐਨ ਡੀ ਆਰ ਐਫ ਅਤੇ ਫੌਜੀ ਅਮਲੇ ਦੀ ਤਾਇਨਾਤੀ ਵਧਾਉਣ ਤਾਂ ਜੋ ਸੂਬੇ ਵਿਚ ਹੜ੍ਹ ਰਾਹਤ ਕਾਰਜਾਂ ਨੂੰ ਸੁਚੱਜੇ ਤਰੀਕੇ ਚਲਾਇਆ ਜਾ ਸਕੇ।
ਅਕਾਲੀ ਦਲ ਦੇ ਪ੍ਰਧਾਨ ਨੇ ਹੜ੍ਹ ਮਾਰੇ ਇਲਾਕਿਆਂ ਵਿਚ 10 ਦਿਨ ਬਿਤਾਉਣ ਮਗਰੋਂ ਪ੍ਰਧਾਨ ਮੰਤਰੀ ਨੂੰ ਇਹ ਅਪੀਲ ਕੀਤੀ। ਆਪਣੇ ਦੌਰੇ ਦੌਰਾਨ ਉਹਨਾਂ ਪਾਕਿਸਤਾਨ ਦੇ ਨਾਲ ਲੱਗਦੀ ਕੌਮਾਂਤਰੀ ਸਰਹੱਦ ਸਮੇਤ ਦੂਰ ਦੁਰਾਡੇ ਦੇ ਖੇਤਰਾਂ ਦਾ ਦੌਰਾ ਕੀਤਾ। ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਹਾਲਾਤਾਂ ਦੀ ਸਹੀ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਲੱਖਾਂ ਏਕੜ ਫਸਲ ਡੁੱਬ ਗਈ ਹੈ ਤੇ ਹਜ਼ਾਰਾਂ ਘਰਾਂ ਦਾ ਨੁਕਸਾਨ ਹੋਣ ਤੋਂ ਇਲਾਵਾ ਸੜਕੀ ਤੇ ਬਿਜਲੀ ਢਾਂਚੇ ਦਾ ਨੁਕਸਾਨ ਹੋਇਆ ਹੈ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅੰਨਦਾਤਾ ਦੇ ਬਚਾਅ ਵਾਸਤੇ ਫੌਰੀ ਨਿਤਰਣ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦੇ ਨਾਲ-ਨਾਲ ਉਹਨਾਂ ਦੇ ਘਰਾਂ ਅਤੇ ਦੁਧਾਰੂ ਪਸ਼ੂਆਂ ਦੇ ਹੋਏ ਨੁਕਸਾਨ ਲਈ ਸਿੱਧੀ ਸਹਾਇਤਾ ਮਿਲਣੀ ਚਾਹੀਦੀ ਹੈ। ਉਹਨਾਂ ਨੇ ਇੲ ਵੀ ਮੰਗ ਕੀਤੀ ਕਿ ਜ਼ਿਆਦਾ ਸਮੇਂ ਤੱਕ ਇਲਾਕੇ ਦੇ ਡੋਬੇ ਕਾਰਨ ਉਪਜਣ ਵਾਲੇ ਸਿਹਤ ਮਸਲਿਆਂ ਨਾਲ ਨਿੱਜਠਣ ਵਾਸਤੇ ਵਿਸ਼ੇਸ਼ ਕੇਂਦਰੀ ਟੀਮਾਂ ਤਾਹਿਨਾਤ ਕੀਤੀਆਂ ਜਾਣ।
ਅਕਾਲੀ ਦਲ ਦੇ ਪ੍ਰਧਾਨ ਨੇ ਆਪਣੇ ਪੱਤਰ ਵਿਚ ਇਹ ਵੀ ਦੱਸਿਆ ਕਿ ਕਿਸਾਨਾਂ ਨੂੰ ਕਰਜ਼ਿਆਂ ਦੀ ਵਸੂਲੀ ਤੋਂ ਵੀ ਰਾਹਤ ਦੀ ਜ਼ਰੂਰਤ ਹੈ ਅਤੇ ਕਿਹਾ ਕਿ ਸਾਰੇ ਕਿਸਾਨਾਂ ਦਾ ਕਰਜ਼ਾ ਮੁਆਫ ਕਰ ਕੇ ਨਵੇਂ ਸਿਰੇ ਤੋਂ ਸ਼ੁਰੂਆਤ ਹੋਣੀ ਚਾਹੀਦੀ ਹੈ।
ਸਰਦਾਰ ਬਾਦਲ ਨੇ ਇਹ ਵੀ ਕਿਹਾ ਕਿ ਲੋਕਾਂ ਨੂੰ ਰਾਹਤ ਦੀ ਬਹੁਤ ਵੱਡੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਰਾਜ ਸਰਕਾਰ ਹੜ੍ਹ ਮਾਰੇ ਲੋਕਾਂ ਦੀ ਜ਼ਰੂਰਤ ਮੁਤਾਬਕ ਨਹੀਂ ਚਲ ਸਕੀ ਅਤੇ ਉਹਨਾਂ ਕਿਹਾ ਕਿ ਪੰਜਾਬ ਵਿਚ ਚਲ ਰਹੇ ਰਾਹਤ ਤੇ ਬਚਾਅ ਕਾਰਜਾਂ ਵਿਚ ਵੱਡਾ ਖੱਪਾ ਨਜ਼ਰ ਆ ਰਿਹਾ ਹੈ।ਉਹਨਾਂ ਕਿਹਾ ਕਿ ਹੜ੍ਹ ਮਾਰੇ ਲੋਕਾਂ ਨੂੰ ਅੰਤਰਿਮ ਮੁਆਵਜ਼ਾ ਦੇਣ ਦਾ ਵੀ ਮਸਲਾ ਹੈ ਤੇ ਉਹਨਾਂ ਦੇ ਮੁੜ ਵਸੇਬੇ ਵਾਸਤੇ ਪ੍ਰਬੰਧਾਂ ਦੀ ਵੀ ਜ਼ਰੂਰਤ ਹੈ।
ਉਹਨਾਂ ਨੇ ਹੜ੍ਹਾਂ ਕਾਰਨ ਹੋਏ ਵਿਆਪਕ ਨੁਕਸਾਨ ਵਾਸਤੇ ਸਪੈਸ਼ਲ ਪੈਕੇਜ ਐਲਾਨੇ ਜਾਣ ਦੀ ਮੰਗ ਕੀਤੀ ਤੇ ਕਿਹਾ ਕਿ ਅਜਿਹੇ ਹਾਲਾਤ 40 ਸਾਲਾਂ ਬਾਅਦ ਬਣੇ ਹਨ। ਉਹਨਾਂ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪਿਛਲੇ ਕਈ ਸਾਲਾਂ ਤੋਂ ਹੜ੍ਹ ਰੋਕੂ ਕੰਮਾਂ ਨੂੰ ਅਣਡਿੱਠ ਕੀਤਾ ਗਿਆ ਜਿਸ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ। ਉਹਨਾਂ ਕਿਹਾ ਕਿ ਪ੍ਰਮੁੱਖ ਦਰਿਆਵਾਂ ਅਤੇ ਨਾਲਿਆਂ ਦੇ ਨਾਲ ਹੜ੍ਹ ਰੋਕੂ ਕਾਰਜਾਂ ਅਤੇ ਪੱਕੇ ਬੰਨਾਂ ਦੀ ਉਸਾਰੀ ਵਾਸਤੇ ਵਿਸ਼ੇਸ਼ ਫੰਡ ਪ੍ਰਦਾਨ ਕੀਤੇ ਜਾਣੇ ਚਾਹੀਦੇ ਹਨ।
ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਹਜ਼ਾਰਾਂ ਲੋਕ ਆਪਣੇ ਘਰ ਛੱਡਣ ਵਾਸਤੇ ਮਜਬੂਰ ਹੋਏ ਹਨ ਅਤੇ ਉਹਨਾਂ ਦੇ ਘਰ ਪਾਣੀ ਵਿਚ ਡੁੱਬ ਗਏ ਹਨ। ਉਹਨਾਂ ਕਿਹਾ ਕਿ ਲੋਕ ਤੇ ਪਸ਼ੂ ਧਨ ਠਿਕਾਣਿਆਂ, ਅਨਾਜ, ਪਾਣੀ ਤੇ ਚਾਰੇ ਵਾਸਤੇ ਤਰਸ ਰਹੇ ਹਨ ਅਤੇ ਇਹ ਪੀੜਾ ਇਸ ਕਰ ਕੇ ਹੋਰ ਵੀ ਵੱਧ ਗਈ ਹੈ ਕਿਉਂਕਿ ਰਾਜ ਦੀ ਚੁਣੀ ਹੋਈ ਸਰਕਾਰ ਨੇ ਉਹਨਾਂ ਨੂੰ ਛੱਡ ਦਿੱਤਾ ਹੈ ਤੇ ਉਹਨਾਂ ਨੂੰ ਇਹਨਾਂ ਮਾੜੇ ਹਾਲਾਤਾਂ ਵਿਚ ਆਪਣੇ ਹਾਲ ’ਤੇ ਹੀ ਛੱਡ ਦਿੱਤਾ ਹੈ। ਉਹਨਾਂ ਕਿਹਾ ਕਿ ਦੂਜੇ ਪਾਸੇਪੰਜਾਬ ਵਿਚ ਲੋਕਾਂ ਨੇ ਮਨੁੱਖ ਵੱਲੋਂ ਸਹੇੜੀ ਇਸ ਤ੍ਰਾਸਦੀ ਖਿਲਾਫ ਆਪ ਸੰਘਰਸ਼ ਲੜਿਆ ਹੈ ਤੇ ਲੋਕ ਮਾੜੇ ਹਾਲਾਤ ਵਿਚ ਵੀ ਚੜ੍ਹਦੀਕਲਾ ਵਿਚ ਹਨ। ਉਹਨਾਂ ਕਿਹਾ ਕਿ ਉਹ ਸੂਬੇ ਦੇ ਬਹਾਦਰ ਲੋਕਾਂ ਨੂੰ ਸਲਾਮ ਕਰਦੇ ਹਨ ਜਿਹਨਾਂ ਨੇ ਆਪਣੇ ਨਾਲੋਂ ਪਹਿਲਾਂ ’ਸੇਵਾ’ ਨੂੰ ਪਹਿਲ ਦਿੱਤੀ ਤੇ ਪ੍ਰਭਾਵਤ ਲੋਕਾਂ ਦੀ ਮਦਦ ਵਾਸਤੇ ਨਿੱਤਰੇ ਹਨ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਕੌਮੀ ਫਰਜ਼ ਵਾਸਤੇ ਸਭ ਤੋਂ ਮੋਹਰੀ ਹੋ ਕੇ ਭੂਮਿਕਾ ਨਿਭਾਈ ਹੈ ਭਾਵੇਂ ਇਹ ਸਾਡੀਆਂ ਸਰਹੱਦਾਂ ਦੀ ਰਾਖੀ ਹੋਵੇ ਜਾਂ ਫਿਰ ਅਨਾਜ ਸੁਰੱਖਿਆ ਯਕੀਨੀ ਬਣਾਉਣ ਦਾ ਮਾਮਲਾ ਹੋਵੇ। ਉਹਨਾਂ ਕਿਹਾ ਕਿ ਸਾਡੇ ਬਹਾਦਰ ਲੋਕ ਦੇਸ਼ ਵਿਚ ਜਿਥੇ ਕਿਤੇ ਵੀ ਕੁਦਰਤ ਦੀ ਮਾਰ ਪਈ, ਉਥੇ ਲੋਕਾਂ ਦੀ ਮਦਦ ਵਾਸਤੇ ਸਪ ਤੋਂ ਪਹਿਲਾਂ ਨਿੱਤਰੇ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਅਕਾਲੀ ਦਲ ਦੇ ਵਰਕਰ ਵੀ ਮਾੜੇ ਹਾਲਾਤ ਵਿਚ ਲੋਕਾਂ ਦੀ ਮਦਦ ਵਾਸਤੇ ਨਿੱਤਰੇ ਹਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਲੰਗਰ ਤੇ ਮੈਡੀਕਲ ਕੈਂਪ ਲਗਾ ਕੇ ਲੋਕਾਂ ਦੀ ਸੇਵਾ ਕਰ ਰਹੀ ਹੈ।