ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਹੜ੍ਹ ਨਾਲ ਪ੍ਰਭਾਵਿਤ ਪਿੰਡਾਂ ਵਿੱਚ ਰਾਹਤ ਸੇਵਾਵਾਂ ਜਾਰੀ ਹਨ। ਕੁਦਰਤ ਦੇ ਕਹਿਰ ਨੇ ਜਿਥੇ ਲੋਕਾਂ ਦੇ ਘਰ-ਬਾਰ, ਪਸ਼ੂ ਅਤੇ ਫਸਲਾਂ ਤਬਾਹ ਕਰ ਦਿੱਤੀਆਂ ਹਨ, ਓਥੇ ਹੀ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਟੀਮ ਨੇ ਲੋੜਵੰਦ ਪਰਿਵਾਰਾਂ ਦੇ ਦਰ ‘ਤੇ ਪਹੁੰਚ ਕੇ ਉਹਨਾਂ ਨੂੰ ਹੌਸਲਾ ਦਿੱਤਾ ਅਤੇ ਜੀਵਨ-ਜਰੂਰੀ ਸਹਾਇਤਾ ਵੰਡ ਕੇ ਸਾਂਝੀ ਪੀੜ ਵਿੱਚ ਹਿੱਸਾ ਪਾਇਆ।
ਇਸ ਸੇਵਾ ਹੇਠ ਫਿਰੋਜ਼ਪੁਰ ਦੇ ਧੀਰਾ ਘਾਰਾ ਦੇ ਨੇੜਲੇ ਪਿੰਡਾਂ ਅਤੇ ਹੁਸੈਨੀ ਵਾਲਾ ਬਾਰਡਰ ਦੇ ਨੇੜਲੇ ਪਿੰਡਾਂ ਵਿੱਚ ਪ੍ਰਭਾਵਿਤ ਪਰਿਵਾਰਾਂ ਨੂੰ ਰਾਸ਼ਨ, ਪੀਣ ਵਾਲਾ ਪਾਣੀ, ਖਾਣ-ਪੀਣ ਦੀਆਂ ਵਸਤਾਂ, ਪਸ਼ੂਆਂ ਲਈ ਚਾਰਾ ਆਦਿ ਵੰਡਿਆ ਗਿਆ।
ਸੰਸਥਾ ਦੇ ਸੇਵਾਦਾਰ ਸਰਦਾਰ ਜਸਵਿੰਦਰ ਸਿੰਘ ਖਾਲਸਾ, ਜੋ ਪੂਰੀ ਟੀਮ ਸਮੇਤ ਖੁਦ ਮੌਕੇ ‘ਤੇ ਸੇਵਾ ਨਿਭਾ ਰਹੇ ਹਨ, ਨੇ ਹਾਲਾਤ ਬਿਆਨ ਕਰਦਿਆਂ ਕਿਹਾ – “ਪਾਣੀ ਘਰਾਂ ਵਿੱਚ ਵੜ ਚੁੱਕਿਆ ਹੈ, ਜਿਸ ਨਾਲ ਲੋਕਾਂ ਦੇ ਜੀਵਨ, ਪਸ਼ੂਆਂ ਅਤੇ ਫਸਲਾਂ ਨੂੰ ਅਣਗਿਣਤ ਨੁਕਸਾਨ ਹੋਇਆ ਹੈ। ਅਜੇਹੇ ਸਮੇਂ ਵਿੱਚ ਮਨੁੱਖਤਾ ਦੇ ਫ਼ਰਜ਼ ਵਜੋਂ ਜਿੰਨੀ ਵੱਧ ਮਦਦ ਕੀਤੀ ਜਾਵੇ, ਓਨੀ ਘੱਟ ਹੈ।”
ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਜੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੋਵੇ ਤਾਂ ਉਹ ਸੰਸਥਾ ਨਾਲ ਸੰਪਰਕ ਕਰ ਸਕਦਾ ਹੈ।
ਸੇਵਾਦਾਰਾਂ ਨੇ ਹੋਰ ਵੀ ਦੱਸਿਆ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਪ੍ਰੇਰਨਾ ਜਿੱਥੇ ਆਮ ਦਿਨਾਂ ਵਿੱਚ ਲੋੜਵੰਦ ਵਿਦਿਆਰਥੀਆਂ ਨੂੰ ਵਜ਼ੀਫ਼ੇ ਅਤੇ ਸਿੱਖਿਆ ਲਈ ਸਹਾਇਤਾ ਦੇ ਰਿਹਾ ਹੈ, ਉੱਥੇ ਹੀ ਆਈ ਹੋਈ ਇਸ ਕੁਦਰਤੀ ਆਫ਼ਤ ਵਿੱਚ ਵੀ ਰਾਹਤ ਕਾਰਜਾਂ ਰਾਹੀਂ ਲੋਕ ਭਲਾਈ ਲਈ ਅੱਗੇ ਵੱਧ ਰਿਹਾ ਹੈ।