ਚੰਡੀਗੜ-ਪ੍ਰਧਾਨ ਮੰਤਰੀ ਵੱਲੋਂ ਪੰਜਾਬ ਦੇ ਹੜ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਤੋਂ ਪਹਿਲਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ “ਡੂੰਘੀ ਨੀਂਦ“ ਤੋਂ ਜਗਾਉਣ ਦਾ ਹੋਕਾ ਦਿੰਦਿਆਂ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ ਨੇ ਕੇਂਦਰ ਤੋਂ 20, 000 ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਮੰਗ ਕੀਤੀ ਹੈ। ਉਨਾਂ ਨੇ ਹੜਾਂ ਕਰਕੇ ਬਣੇ ਹਾਲਾਤਾਂ ਨੂੰ ਫੋਟੋਗ੍ਰਾਫ਼ੀ ਦੇ ਮੌਕੇ ਵਜੋਂ ਦੇਖਣ ਲਈ ਪੰਜਾਬ ਦੀ ਭਾਜਪਾ ਲੀਡਰਸ਼ਿਪ ਅਤੇ ਕੇਂਦਰੀ ਮੰਤਰੀਆਂ ਦੀ ਸਖਤ ਆਲੋਚਨਾ ਕਰਦਿਆਂ ਸ੍ਰੀ ਮੋਦੀ ਨੂੰ ਇਸ ਕੁਦਰਤੀ ਮਾਰ ਤੋਂ ਸੂਬੇ ਨੂੰ ਉਭਾਰਨ ਲਈ ਕੋਈ ਠੋਸ ਸਹਾਇਤਾ ਦੇਣ ਦੀ ਅਪੀਲ ਕੀਤੀ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਮੰਗਲਵਾਰ ਨੂੰ ਪੰਜਾਬ ਦੇ ਹੜ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਲਈ ਪੰਜਾਬ ਆ ਰਹੇ ਹਨ।
ਇੱਥੇ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ, “ਮੈਂ ਪੰਜਾਬ ਦੇ 3 ਕਰੋੜ ਤੋਂ ਵੱਧ ਲੋਕਾਂ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਨਿੱਘਾ ਸਵਾਗਤ ਕਰਦਾ ਹਾਂ, ਜੋ ਪੰਜਾਬ ਦੇ ਹੜ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਆ ਰਹੇ ਹਨ ਪਰ ਮੈਂ ਨਾਲ ਹੀ ਉਨਾਂ ਨੂੰ ਨਿਮਰਤਾ ਨਾਲ ਬੇਨਤੀ ਕਰਦਾ ਕਿ ਉਹ ਇਸ ਗੰਭੀਰ ਸੰਕਟ ਨੂੰ ਸਿਰਫ ਫੋਟੋਗ੍ਰਾਫ਼ੀ ਲਈ ਹੜ ਸੈਰ-ਸਪਾਟੇ ਤੱਕ ਸੀਮਤ ਨਾ ਰੱਖਦਿਆਂ ਪੰਜਾਬ ਲਈ ਵਿਸੇਸ ਸਹਾਇਤਾ ਲੈ ਕੇ ਆਉਣ। ਜੇਕਰ ਪ੍ਰਧਾਨ ਮੰਤਰੀ ਪੰਜਾਬ ਨੂੰ ਭਾਰਤ ਦਾ ਅਨਿੱਖੜਵਾਂ ਅੰਗ ਮੰਨਦੇ ਹਨ ਅਤੇ ਉਹ ਸੱਚਮੁੱਚ ਪੰਜਾਬ ਦੀ ਪਰਵਾਹ ਕਰਦੇ ਹਨ ਤਾਂ ਉਹ ਸੂਬੇ ਲਈ ਘੱਟੋ-ਘੱਟ 20, 000 ਕਰੋੜ ਰੁਪਏ ਦਾ ਪੈਕੇਜ ਲੈ ਕੇ ਆਉਣ।”
ਸ੍ਰੀ ਅਮਨ ਅਰੋੜਾ ਨੇ ਕੇਂਦਰ ਸਰਕਾਰ ਵੱਲੋਂ ਸੂਬੇ ਦੇ 60, 000 ਕਰੋੜ ਰੁਪਏ ਦੇ ਰੋਕੇ ਗਏ ਫੰਡਾਂ ਨੂੰ ਤੁਰੰਤ ਜਾਰੀ ਕਰਨ ਦੀ ਮੰਗ ਵੀ ਕੀਤੀ, ਜਿਸ ਵਿੱਚ ਜੀ.ਐਸ.ਟੀ. ਪ੍ਰਣਾਲੀ ਲਾਗੂ ਹੋਣ ਕਾਰਨ 50, 000 ਕਰੋੜ ਰੁਪਏ ਦੇ ਮਾਲੀਆ ਦਾ ਨੁਕਸਾਨ ਅਤੇ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਪੇਂਡੂ ਵਿਕਾਸ ਫੰਡ (ਆਰਡੀਐਫ) ਅਤੇ ਮਾਰਕੀਟ ਵਿਕਾਸ ਫੰਡ (ਐਮਡੀਐਫ) ਦੇ ਬਕਾਇਆ 8, 000 ਕਰੋੜ ਰੁਪਏ ਸਾਮਲ ਹਨ। ਉਨਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਵੀ ਬਕਾਇਆ ਫੰਡ ਜਾਰੀ ਕਰਨ ਲਈ ਕੇਂਦਰ ਸਰਕਾਰ ਨੂੰ ਇੱਕ ਪੱਤਰ ਲਿਖਿਆ ਸੀ। ਉਨਾਂ ਨੇ ਹੜ ਮੁਆਵਜੇ ਵਿੱਚ ਵਾਧੇ ਦੀ ਮੰਗ ਵੀ ਕੀਤੀ ਕਿਉਂਕਿ ਹਾਲ ਹੀ ਵਿੱਚ ਆਏ ਭਿਆਨਕ ਹੜਾਂ ਕਾਰਨ 4.50 ਲੱਖ ਏਕੜ ਤੋਂ ਵੱਧ ਖੇਤੀ ਵਾਲਾ ਰਕਬਾ ਪਾਣੀ ‘ਚ ਡੁੱਬ ਗਿਆ ਹੈ ਅਤੇ 3 ਲੱਖ ਤੋਂ ਵੱਧ ਪਸੂਧਨ ਪ੍ਰਭਾਵਿਤ ਹੋਣ ਦੇ ਨਾਲ-ਨਾਲ ਸੈਂਕੜੇ ਘਰ ਨੁਕਸਾਨੇ ਗਏ ਹਨ।
ਉਨਾਂ ਨੇ ਭਾਰਤ ਦੀ ਖੁਰਾਕ ਸੁਰੱਖਿਆ ਵਿੱਚ ਪੰਜਾਬ ਦੇ ਮਹੱਤਵਪੂਰਨ ਯੋਗਦਾਨ ਨੂੰ ਧਿਆਨ ਵਿੱਚ ਰੱਖਦਿਆਂ ਸੂਬੇ ਦੀ ਹੜ ਪ੍ਰਭਾਵਿਤ ਆਰਥਿਕਤਾ ਨੂੰ ਮੁੜ ਲੀਹ ‘ਤੇ ਲਿਆਉਣ ਲਈ ਵਿਸੇਸ ਰਾਹਤ ਪੈਕੇਜ ਦੀ ਲੋੜ ‘ਤੇ ਜੋਰ ਦਿੱਤਾ।
ਕੇਂਦਰ ਸਰਕਾਰ ‘ਤੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਦਾ ਦੋਸ ਲਾਉਂਦਿਆਂ ਸ੍ਰੀ ਅਰੋੜਾ ਨੇ ਇਸ ਸੰਕਟ ਦੌਰਾਨ ਪੰਜਾਬ ਦੇ ਭਾਜਪਾ ਆਗੂਆਂ ਦੀ ਚੁੱਪੀ ‘ਤੇ ਸਵਾਲ ਉਠਾਉਂਦਿਆਂ ਸੁਝਾਅ ਦਿੱਤਾ ਕਿ ਅਜਿਹੇ ਹਾਲਾਤਾਂ ਵਿੱਚ ਇਨਾਂ ਆਗੂਆਂ ਨੂੰ ਫੋਟੋਆਂ ਖਿਚਵਾਉਣ ਦੇ ਮੌਕੇ ਤਲਾਸਣ ਦੀ ਥਾਂ ਸੂਬੇ ਲਈ ਕੇਂਦਰ ਸਰਕਾਰ ਤੋਂ ਵਿਸੇਸ ਪੈਕੇਜ ਹਾਸਲ ਕਰਨ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਸੂਬੇ ‘ਚ ਬਣੇ ਗੰਭੀਰ ਹਾਲਾਤਾਂ ‘ਚ ਸੁਧਾਰ ਲਈ ਵਿਖਾਵੇ ਦੀ ਰਾਜਨੀਤੀ ਨਹੀਂ, ਸਗੋਂ ਠੋਸ ਕਾਰਵਾਈ ਕਰਨ ਦੀ ਲੋੜ ਹੈ।
ਸ੍ਰੀ ਅਮਨ ਅਰੋੜਾ ਨੇ ਦੁਹਰਾਇਆ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨਾਲ ਡਟ ਕੇ ਖੜੀ ਹੈ ਅਤੇ ਇਸ ਕੁਦਰਤੀ ਕਹਿਰ ਕਰਕੇ ਬਣੇ ਹਾਲਾਤਾਂ ‘ਚੋਂ ਸੂਬੇ ਨੂੰ ਉਭਾਰਨ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ। ਸੂਬੇ ਦੀਆਂ ਚੁਣੌਤੀਆਂ ਦੇ ਹੱਲ ਲਈ ਲੋੜੀਂਦੀ ਰਾਹਤ ਅਤੇ ਸਹਾਇਤਾ ਦੀ ਲੋੜ ਨੂੰ ਉਜਾਗਰ ਕਰਦਿਆਂ ਉਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਦਰਪੇਸ ਸਮੱਸਿਆਵਾਂ ਦੇ ਹੱਲ ਅਤੇ ਪੰਜਾਬ ਦੇ ਹੱਕਾਂ ਲਈ ਹਰੇਕ ਪਲੇਟਫਾਰਮ ਉਤੇ ਆਵਾਜ ਉਠਾਵੇਗੀ।