ਨਵੀਂ ਦਿੱਲੀ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਨਾਲ ਸ਼ਹੀਦ ਹੋਏ ਮਹਾਨ ਗੁਰਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ਾਲ “ਸਰਬ ਧਰਮ ਸੰਮੇਲਨ” ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਹ ਸੰਮੇਲਨ ਸ਼ਨਿੱਚਰਵਾਰ, 20 ਸਤੰਬਰ 2025 ਨੂੰ ਸਵੇਰੇ 10 ਵਜੇ ਤੋਂ ਆਈ.ਸੀ.ਏ.ਆਰ. ਕਨਵੈਂਸ਼ਨ ਸੈਂਟਰ, ਪੂਸਾ ਰੋਡ, ਟੋਡਾਪੁਰ, ਨਵੀਂ ਦਿੱਲੀ ਵਿੱਚ ਕਰਵਾਇਆ ਜਾਵੇਗਾ।
ਸਰਦਾਰ ਕਾਲਕਾ ਨੇ ਦੱਸਿਆ ਕਿ ਇਸ ਮਹੱਤਵਪੂਰਨ ਪ੍ਰੋਗਰਾਮ ਨੂੰ ਸ਼ਾਨ ਨਾਲ ਮਨਾਉਣ ਲਈ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਅਤੇ ਦਿੱਲੀ ਦੀਆਂ ਸੰਗਤਾਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ ਗਈ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਧਰਮ, ਇਨਸਾਨੀਅਤ ਅਤੇ ਆਜ਼ਾਦੀ ਦੇ ਸਿਧਾਂਤਾਂ ਲਈ ਪ੍ਰੇਰਣਾ ਦਾ ਅਟੱਲ ਸਰੋਤ ਹੈ।
ਉਨ੍ਹਾਂ ਕਿਹਾ ਕਿ “ਸਰਬ ਧਰਮ ਸੰਮੇਲਨ” ਰਾਹੀਂ ਹਰ ਧਰਮ ਅਤੇ ਮਤ ਦੇ ਪ੍ਰਤਿਨਿਧੀਆਂ ਨੂੰ ਇਕ ਮੰਚ ‘ਤੇ ਬੁਲਾ ਕੇ ਸਾਰਿਆਂ ਵਿੱਚ ਭਾਈਚਾਰੇ, ਪ੍ਰੇਮ ਅਤੇ ਸਾਂਝੀ ਵਿਰਾਸਤ ਦਾ ਸੁਨੇਹਾ ਦਿੱਤਾ ਜਾਵੇਗਾ।