ਨਵੀਂ ਦਿੱਲੀ-ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ, ਬਿਹਾਰ ਸਰਕਾਰ ਦੇ ਸਹਿਯੋਗ ਨਾਲ, ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੇ ਅਨਿੰਨ ਸੇਵਕ ਭਾਈ ਮਤੀਦਾਸ ਜੀ, ਭਾਈ ਸਤੀਦਾਸ ਜੀ, ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਹੀਦੀ ਜਾਗਰੂਤੀ ਯਾਤਰਾ ਗੁਰੂ ਦਾ ਬਾਗ ਤੋਂ ਸ਼ੁਰੂ ਹੋਏਗੀ, ਜੋ ਕਿ ਸ਼੍ਰੀ ਆਨੰਦਪੁਰ ਸਾਹਿਬ ਪਹੁੰਚ ਕੇ ਪੂਰੀ ਹੋਏਗੀ। ਯਾਤਰਾ ਸੰਬੰਧੀ ਜਾਣਕਾਰੀ ਦੇਣ ਲਈ ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਗਜੋਤ ਸਿੰਘ ਸੋਹੀ ਅਤੇ ਹੋਰ ਅਹੁਦੇਦਾਰਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਦੱਸਿਆ ਗਿਆ ਕਿ ਸ਼ਹੀਦੀ ਜਾਗਰੂਤੀ ਯਾਤਰਾ 17 ਸਤੰਬਰ, ਬੁੱਧਵਾਰ ਦਿਨ ਦੁਪਿਹਰ 12:30 ਵਜੇ ਗੁਰੂ ਦਾ ਬਾਗ ਤੋਂ ਸ਼ੁਰੂ ਹੋਏਗੀ। ਇਹ ਯਾਤਰਾ ਸ਼ਾਮ ਦੇ ਵੇਲੇ ਗੁਰਦੁਆਰਾ ਸ਼ੀਤਲ ਕੁੰਡ, ਰਾਜਗੀਰ ਪਹੁੰਚੇਗੀ ਅਤੇ ਅਗਲੇ ਦਿਨ ਅਗਲੇ ਪੜਾਅ ਲਈ ਰਵਾਨਾ ਹੋਏਗੀ। ਇਸ ਤੋਂ ਪਹਿਲਾਂ, 15 ਸਤੰਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਸ਼ੁਰੂ ਹੋਣਗੇ, ਜੋ 17 ਤਰੀਖ ਨੂੰ ਪੂਰੇ ਹੋਣਗੇ। ਇਸ ਮੌਕੇ 'ਤੇ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀ ਜੱਥਾ ਭਾਈ ਸ਼ੁਭਦੀਪ ਸਿੰਘ ਵੱਲੋਂ ਗੁਰਬਾਣੀ ਕੀਰਤਨ ਕੀਤਾ ਜਾਵੇਗਾ ਅਤੇ ਕਥਾ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਵੱਲੋਂ ਕੀਤੀ ਜਾਵੇਗੀ। ਤਦ ਬਾਅਦ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ ਵੱਲੋਂ ਅਰਦਾਸ ਕਰਕੇ ਯਾਤਰਾ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਸਮੇਂ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਖਾਸ ਤੌਰ 'ਤੇ ਹਾਜ਼ਰੀ ਭਰਨਗੇ। ਇਸ ਮੌਕੇ ਤੇ ਕਈ ਸੰਤ ਮਹਾਪੁਰਸ਼ ਅਤੇ ਧਾਰਮਿਕ ਸ਼ਖਸੀਅਤਾਂ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਰਹੇਗੀ। ਸ. ਜਗਜੋਤ ਸਿੰਘ ਸੋਹੀ ਨੇ ਦੱਸਿਆ ਕਿ ਯਾਤਰਾ ਦੌਰਾਨ ਪਾਲਕੀ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਅਤੇ ਪੁਰਾਤਨ ਸ਼ਸਤਰ ਹੋਣਗੇ, ਜਿਨ੍ਹਾਂ ਦੇ ਸੰਗਤ ਦਰਸ਼ਨ ਕਰ ਸਕੇਗੀ। ਇਹ ਪਾਲਕੀ ਸਾਹਿਬ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਭੇਜੀ ਗਈ ਹੈ। ਇਸਦੇ ਨਾਲ ਇੱਕ ਗੱਡੀ ਵਿੱਚ ਪੰਜ ਪਿਆਰੇ ਸਾਹਿਬਾਨ, ਨਗਾੜਾ, ਸੰਤ ਮਹਾਤਮਾ ਅਤੇ ਸੰਗਤ ਸ਼ਾਮਲ ਹੋਏਗੀ। ਉਨ੍ਹਾਂ ਦੱਸਿਆ ਕਿ ਇਹ ਯਾਤਰਾ 9 ਰਾਜਾਂ ਵਿਚੋਂ ਲੰਘੇਗੀ ਅਤੇ ਦਿੱਲੀ ਰਾਹੀਂ ਸ਼੍ਰੀ ਆਨੰਦਪੁਰ ਸਾਹਿਬ ਪਹੁੰਚੇਗੀ। ਅਕਤੂਬਰ ਮਹੀਨੇ ਵਿੱਚ ਇੱਕ ਸਰਵ-ਧਰਮ ਸੰਮੇਲਨ ਵੀ ਕੀਤਾ ਜਾਵੇਗਾ। ਸ. ਸੋਹੀ ਨੇ ਕਿਹਾ ਕਿ ਸਾਡਾ ਉਦੇਸ਼ ਇਕੋ ਹੈ ਕਿ ਗੁਰੂ ਸਾਹਿਬ ਦੀ ਅਦੁੱਤੀਯ ਸ਼ਹਾਦਤ ਦਾ ਸੰਦੇਸ਼ ਹਰ ਘਰ ਤੱਕ ਪਹੁੰਚੇ। ਇਸ ਪ੍ਰੈਸ ਕਾਨਫਰੰਸ ਵਿੱਚ ਸ. ਜਗਜੋਤ ਸਿੰਘ ਸੋਹੀ ਦੇ ਨਾਲ ਜਨਰਲ ਸਕੱਤਰ ਇੰਦਰਜੀਤ ਸਿੰਘ, ਮੀਤ ਪ੍ਰਧਾਨ ਗੁਰਵਿੰਦਰ ਸਿੰਘ, ਸਕੱਤਰ ਹਰਬੰਸ ਸਿੰਘ, ਬੁਲਾਰਾ ਹਰਪਾਲ ਸਿੰਘ ਜੋਹਲ, ਮੀਡੀਆ ਪ੍ਰਭਾਰੀ ਸੁਦੀਪ ਸਿੰਘ, ਸੁਪਰਿੰਟੈਂਡੈਂਟ ਦਲਜੀਤ ਸਿੰਘ, ਮੈਨੇਜਰ ਹਰਜੀਤ ਸਿੰਘ ਅਤੇ ਪਪੀੰਦਰ ਸਿੰਘ ਮੌਜੂਦ ਸਨ।