ਨਵੀਂ ਦਿੱਲੀ- ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ 17 ਸਤੰਬਰ ਨੂੰ ਨਿਕਲਣ ਵਾਲੀ ਸ਼ਹੀਦੀ ਜਾਗਰਤੀ ਯਾਤਰਾ ਨੂੰ ਲੈ ਕੇ ਸੰਗਤ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਜਾਗਰਤੀ ਯਾਤਰਾ ਵਿੱਚ ਸ਼ਾਮਿਲ ਹੋਣ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸੰਗਤ ਪਹੁੰਚ ਰਹੀ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਤ ਮਹਾਪੁਰਖ ਵੀ ਪਹੁੰਚ ਰਹੇ ਹਨ। ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਤ ਮਹਾਪੁਰਖਾਂ ਅਤੇ ਸੰਗਤ ਦੀ ਰਹਾਇਸ਼, ਲੰਗਰ, ਆਵਾਜਾਈ ਆਦਿ ਦੇ ਪੱਕੇ ਪ੍ਰਬੰਧ ਕੀਤੇ ਗਏ ਹਨ। ਦੂਜੇ ਪਾਸੇ ਪ੍ਰਸ਼ਾਸਨ ਵਲੋਂ ਵੀ ਸਾਰੀ ਤਿਆਰੀਆਂ ਦੀ ਸਮੀਖਿਆ ਕੀਤੀ ਜਾ ਰਹੀ ਹੈ। ਸਿਟੀ ਐਸਐਸਪੀ ਖੁਦ ਤਿਆਰੀਆਂ ਦੀ ਸਮੀਖਿਆ ਲਈ ਪਹੁੰਚੇ ਅਤੇ ਇੰਦਰਜੀਤ ਸਿੰਘ ਤੇ ਸਕੱਤਰ ਗੁਰਵਿੰਦਰ ਸਿੰਘ ਨਾਲ ਮੀਟਿੰਗ ਕੀਤੀ, ਜਿਸ ਵਿੱਚ ਉਨ੍ਹਾਂ ਨੂੰ ਪੂਰੇ ਪ੍ਰੋਗਰਾਮ ਦੀ ਰੂਪਰੇਖਾ ਬਾਰੇ ਜਾਣਕਾਰੀ ਦਿੱਤੀ ਗਈ। ਸ੍ਰੀ ਜਗਜੋਤ ਸਿੰਘ ਸੋਹੀ ਨੇ ਦੱਸਿਆ ਕਿ 17 ਸਤੰਬਰ ਨੂੰ ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਕੀਰਤਨ ਸਮਾਗਮ ਸ਼ੁਰੂ ਹੋਏਗਾ ਅਤੇ ਸਮਾਪਤੀ ਤੋਂ ਬਾਅਦ ਉੱਥੋਂ ਦੁਪਹਿਰ 12:30 ਵਜੇ ਜਾਗਰਤੀ ਯਾਤਰਾ ਦੀ ਸ਼ੁਰੂਆਤ ਹੋਏਗੀ ਜੋ ਕਿ ਪੈਦਲ ਤਖ਼ਤ ਪਟਨਾ ਸਾਹਿਬ ਤਕ ਪਹੁੰਚੇਗੀ ਅਤੇ ਫਿਰ ਗੁਰਦੁਆਰਾ ਗਾਇਘਾਟ ਰਾਹੀਂ ਰਾਜਗੀਰ ਵੱਲ ਰਵਾਨਾ ਹੋਏਗੀ। ਜਾਗਰਤੀ ਯਾਤਰਾ ਵਿੱਚ ਗੁਰੂ ਸਾਹਿਬ ਦੇ ਸਰੂਪ ਅਤੇ ਪੁਰਾਤਨ ਸ਼ਸਤਰ ਪਾਲਕੀ ਵਿੱਚ ਰੱਖੇ ਜਾਣਗੇ ਜਿਨ੍ਹਾਂ ਦੇ ਸੰਗਤ ਦਰਸ਼ਨ ਕਰ ਸਕੇਗੀ। ਇਸ ਤੋਂ ਇਲਾਵਾ ਪੰਜ ਪਿਆਰੇ ਸਾਹਿਬਾਨ, ਬੈਂਡ, ਗਤਕਾ ਪਾਰਟੀ ਆਦਿ ਵੀ ਨਾਲ ਹੋਣਗੇ। ਯਾਤਰਾ ਵਿੱਚ ਸ਼ਾਮਿਲ ਹੋਣ ਵਾਲੀ ਸੰਗਤ ਲਈ ਬੱਸਾਂ ਦੀ ਵੀ ਵਿਵਸਥਾ ਕੀਤੀ ਗਈ ਹੈ। ਸ੍ਰੀ ਗੁਰਵਿੰਦਰ ਸਿੰਘ ਵਲੋਂ ਦੱਸਿਆ ਗਿਆ ਕਿ ਬਾਲੀਵੁੱਡ ਦੇ ਮਸ਼ਹੂਰ ਗਾਇਕ ਸੁਖਵਿੰਦਰ ਸਿੰਘ ਵਲੋਂ ਜਾਗਰਤੀ ਯਾਤਰਾ ਲਈ ਖ਼ਾਸ ਸ਼ਬਦ ਤਿਆਰ ਕੀਤਾ ਗਿਆ ਹੈ ਅਤੇ ਉਹ ਖੁਦ ਆ ਕੇ ਇਸਦਾ ਵਿਮੋਚਨ ਕਰਨਗੇ।