ਸ੍ਰੀ ਅੰਮ੍ਰਿਤਸਰ ਸਾਹਿਬ -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਬਰਾਂ ਜੱਥੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਭਾਈ ਮਨਜੀਤ ਸਿੰਘ, ਮਾਸਟਰ ਮਿੱਠੂ ਸਿੰਘ ਕਾਹਨੇਕੇ, ਮਲਕੀਤ ਸਿੰਘ ਚੰਗਾਲ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ, ਐਸਜੀਪੀਸੀ ਨੇ ਆਪਣੇ ਪ੍ਰਬੰਧ ਹੇਠ ਆਉਂਦੇ ਗੁਰੂਦੁਆਰਾ ਸ੍ਰੀ ਸਮਾਧ ਬਾਬਾ ਬੁੱਢਾ ਜੀ ਸਾਹਿਬ ਰਮਦਾਸ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਹੁਲ ਗਾਂਧੀ ਨੂੰ ਸਿਰਪਾਓ ਦੇ ਕੇ ਸਿੱਖਾਂ ਦੇ ਅੱਲੇ ਜ਼ਖਮਾਂ ਤੇ ਨਮਕ ਪਾਇਆ ਹੈ। ਗਾਂਧੀ ਪਰਿਵਾਰ ਜਿਸ ਨੇ ਆਪਣੇ ਸੱਤਾ ਦੇ ਨਸ਼ੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕੀਤਾ, ਦਿੱਲੀ ਦੇ ਹੋਈ ਸਿੱਖ ਨਸਲਕੁਸ਼ੀ ਦੇ ਜ਼ਿੰਮੇਵਾਰ ਅਤੇ ਦੋਸ਼ੀ ਗਾਂਧੀ ਪਰਿਵਾਰ ਦੇ ਫਰਜ਼ੰਦ ਰਾਹੁਲ ਗਾਂਧੀ ਨੂੰ ਸਿਰਪਾਓ ਦੇਣਾ, ਅਤੇ ਓਹ ਵੀ ਐਸਜੀਪੀਸੀ ਦੇ ਪ੍ਰਬੰਧ ਹੇਠ ਆਉਂਦੇ ਗੁਰਦੁਆਰਾ ਸਾਹਿਬ ਵਿੱਚ ਦੇਣਾ ਇਸ ਤੋਂ ਵੱਧ ਸਿੱਖ ਕੌਮ ਲਈ ਸ਼ਰਮਨਾਕ ਗੱਲ ਕੋਈ ਹੋ ਨਹੀਂ ਸਕਦੀ।
ਜਾਰੀ ਸਾਂਝੇ ਬਿਆਨ ਵਿੱਚ ਐਸਜੀਪੀਸੀ ਮੈਬਰਾਂ ਨੇ ਕਿਹਾ ਕਿ
ਜੋ ਲੋਕਾਂ ਚ ਚਰਚਾ ਸੀ, ਉਹ ਪੂਰੀ ਹੋਣ ਜਾ ਰਹੀ ਹੈ। ਇਸ ਚਰਚਾ ਵਿੱਚ ਲਗਾਤਾਰ ਕਿਹਾ ਜਾ ਰਿਹਾ ਸੀ ਕਿ, ਸ਼ਰਨਾਂ ਭਰਾਵਾਂ ਨੇ ਸ੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਨੇੜੇ ਲਿਆਉਣ ਦਾ ਬੀੜਾ ਚੁੱਕਿਆ ਹੈ। ਉਸੇ ਕੜੀ ਤਹਿਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕਰਨ ਵਾਲੇ ਗਾਂਧੀ ਪਰਿਵਾਰ ਨੂੰ ਮੁਆਫ਼ੀ ਦਿਵਾਉਣ ਤੱਕ ਦੀ ਸਾਜ਼ਿਸ਼ ਸ਼ਾਮਲ ਹੈ। ਉਸੇ ਕੜੀ ਤਹਿਤ ਅੱਜ ਸਿੱਖ ਸੰਗਤਾਂ ਦਾ ਗੁੱਸਾ ਚੈੱਕ ਕਰਨ ਲਈ ਪਹਿਲਾਂ ਅੱਜ ਸ੍ਰੌਮਣੀ ਕਮੇਟੀ ਦੇ ਗੁਰੂਦੁਆਰਾ ਸਾਹਿਬ ਵਿੱਚ ਰਾਹੁੱਲ ਗਾਂਧੀ ਨੂੰ ਸਿਰੋਪਾ ਦਿੱਤਾ ਗਿਆ। ਐਸਜੀਪੀਸੀ ਦੇ ਪ੍ਰਬੰਧ ਹੇਠ ਆਉਂਦੇ ਗੁਰਦੁਆਰਾ ਸਾਹਿਬ ਤੋਂ ਰਾਹੁਲ ਗਾਂਧੀ ਨੂੰ ਸਿਰੋਪਾ ਦਿਵਾ ਕੇ ਇਹ ਅੰਦਾਜਾ ਲਗਾਉਣ ਦੀ ਕਾਰਵਾਈ ਕੀਤੀ ਕੀਤੀ ਗਈ ਹੈ, ਕਿ ਜੇਕਰ ਸਿੱਖਾਂ ਨੇ ਇਸ ਵੱਡੀ ਕਾਰਵਾਈ ਦਾ ਵਿਰੋਧ ਨਾ ਕੀਤਾ ਤਾਂ ਫਿਰ ਗਾਂਧੀ ਪਰਿਵਾਰ ਅਤੇ ਕਾਂਗਰਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਮ ਮੁਆਫ਼ੀ ਦਾ ਰਸਤਾ ਸਾਫ ਕੀਤਾ ਜਾਵੇ। ਇਹ ਸਾਰਾ ਕੁਝ ਉਸੇ ਪ੍ਰਸੰਗ ਹੇਠ ਕੀਤਾ ਜਾ ਰਿਹਾ ਹੈ, ਜਿਸ ਪ੍ਰਸੰਗ ਹੇਠ ਡੇਰੇ ਸਿਰਸੇ ਨੂੰ ਮੁਆਫੀ ਦਿਵਾਈ ਗਈ ਸੀ ਅਤੇ ਮੁਆਫੀ ਨੂੰ ਸਹੀ ਸਾਬਿਤ ਕਰਨ ਲਈ ਐਸਜੀਪੀਸੀ ਦੀ ਗੋਲਕ ਤੱਕ ਵਰਤੀ ਗਈ ਸੀ।
ਜਾਰੀ ਬਿਆਨ ਵਿੱਚ ਐਸਜੀਪੀਸੀ ਮੈਬਰਾਂ ਨੇ ਕਿਹਾ ਕਿ, ਇਸ ਤੋਂ ਪਹਿਲਾਂ ਕਾਂਗਰਸ ਦੀ ਸ਼ਮੂਲੀਅਤ ਵਾਲੇ ਇੰਡੀਆ ਗਠਜੋੜ ਵਾਲੇ ਕੇਂਦਰੀ ਸਿਆਸੀ ਧੜੇ ਨਾਲ ਤਾਮਿਲਨਾਡੂ ਵਿੱਚ ਮੀਟਿੰਗ ਕਰ ਚੁੱਕਾ ਹੈ। ਏਸੇ ਦੀ ਇਵਜ ਵਿੱਚ ਸੁਖਬੀਰ ਬਾਦਲ ਵਾਲੇ ਧੜੇ ਦੇ ਵੱਡੇ ਆਗੂ ਦਾਅਵਾ ਤੱਕ ਕਰ ਚੁੱਕੇ ਹਨ ਕਿ ਕਾਂਗਰਸ ਹੁਣ ਪਹਿਲਾਂ ਵਾਲੀ ਨਹੀਂ ਰਹੀ।
ਐਸਜੀਪੀਸੀ ਮੈਬਰਾਂ ਨੇ ਕਿਹਾ ਕਿ ਅੱਜ ਬਾਦਲ ਪਰਿਵਾਰ ਦੇ ਹੁਕਮਾਂ ਤੋਂ ਬਿਨਾਂ ਐਸਜੀਪੀਸੀ ਵਿੱਚ ਪੱਤਾ ਵੀ ਨਹੀਂ ਹਿੱਲਦਾ, ਇਸ ਕਰਕੇ ਸਪਸ਼ਟ ਕੀਤਾ ਜਾਵੇ ਕਿ ਇਹ ਸਿਰੋਪਾਉ ਕਿਸ ਦੇ ਹੁਕਮਾਂ ਤੇ ਦਿੱਤਾ ਗਿਆ।