ਨਵੀਂ ਦਿੱਲੀ - ਰਾਜ ਸਭਾ ਦੇ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਸਵਰਗੀ ਗਾਇਕ ਰਾਜਵੀਰ ਸਿੰਘ ਜਵੰਦਾ ਦੀ ਅੰਤਿਮ ਅਰਦਾਸ ਅਤੇ ਭੋਗ ਸਮਾਰੋਹ ਦੌਰਾਨ ਜਵੰਦਾ ਦੇ ਪਰਿਵਾਰ ਨੂੰ ਪੂਰੀ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਡਾ. ਸਾਹਨੀ ਨੇ ਕਿਹਾ ਕਿ ਉਹ ਸਵਰਗੀ ਗਾਇਕ ਦੀ ਪਤਨੀ ਲਈ ਇੱਕ ਸਨਮਾਨਜਨਕ ਸਰਕਾਰੀ ਨੌਕਰੀ ਦੀ ਸਹੂਲਤ ਲਈ ਨਿੱਜੀ ਤੌਰ 'ਤੇ ਪੰਜਾਬ ਸਰਕਾਰ ਤੱਕ ਪਹੁੰਚ ਕਰਨਗੇ, ਅਤੇ ਜੇਕਰ ਇਹ ਸੰਭਵ ਨਹੀਂ ਹੁੰਦਾ, ਤਾਂ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਐਨਜੀਓ, ਸੰਨ ਫਾਊਂਡੇਸ਼ਨ ਵਿੱਚ ਇੱਕ ਢੁਕਵੀਂ ਨੌਕਰੀ ਦੀ ਪੇਸ਼ਕਸ਼ ਕੀਤੀ ਜਾਵੇਗੀ। ਡਾ. ਸਾਹਨੀ ਨੇ ਇਹ ਵੀ ਐਲਾਨ ਕੀਤਾ ਕਿ ਉਹ ਰਾਜਵੀਰ ਜਵੰਦਾ ਦੇ ਪੁੱਤਰ ਅਤੇ ਧੀ ਦੀ ਉੱਚ ਪੜ੍ਹਾਈ ਤੱਕ ਦੀ ਪੂਰੀ ਸਿੱਖਿਆ ਨੂੰ ਸਪਾਂਸਰ ਕਰਨਗੇ। ਡਾ ਸਾਹਨੀ ਨੇ ਇਹ ਵੀ ਐਲਾਨ ਕੀਤਾ ਕਿ ਗਾਇਕ ਦੇ ਪੰਜਾਬੀ ਸੰਗੀਤ ਅਤੇ ਸੱਭਿਆਚਾਰ ਵਿੱਚ ਯੋਗਦਾਨ ਪ੍ਰਤੀ ਸ਼ਰਧਾਂਜਲੀ ਵਜੋਂ, ਇਸ ਸਾਲ ਪੀਟੀਸੀ ਪੰਜਾਬੀ 'ਤੇ ਵਾਇਸ ਆਫ਼ ਪੰਜਾਬ ਦਾ 2.5 ਲੱਖ ਰੁਪਏ ਦਾ ਪਹਿਲਾ ਪੁਰਸਕਾਰ ਉਨ੍ਹਾਂ ਵੱਲੋਂ ਸ. ਰਾਜਵੀਰ ਜਵੰਦਾ ਦੇ ਨਾਮ ‘ਤੇ ਦਿੱਤਾ ਜਾਵੇਗਾ। ਉਨ੍ਹਾਂ ਨੇ ਦੁਖੀ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਅਤੇ ਆਉਣ ਵਾਲੇ ਸਾਲਾਂ ਵਿੱਚ ਉਨ੍ਹਾਂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ।