ਨੈਸ਼ਨਲ

350 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਦਿੱਲੀ ’ਚ ਸੈਮੀਨਾਰ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਦਾ ਮਤਾ ਪਾਸ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | October 18, 2025 06:57 PM

ਨਵੀਂ ਦਿੱਲੀ-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਵਿਖੇ ਕਰਵਾਏ ਗਏ ਵਿਸ਼ਾਲ ਸੈਮੀਨਾਰ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦੀ ਜ਼ੋਰਦਾਰ ਮੰਗ ਕਰਦਾ ਮਤਾ ਪੇਸ਼ ਕੀਤਾ ਗਿਆ, ਜਿਸ ਨੂੰ ਹਾਜ਼ਰੀਨ ਨੇ ਹੱਥ ਖੜ੍ਹੇ ਕਰਕੇ ਤੇ ਜੈਕਾਰੇ ਲਗਾ ਕੇ ਸਮਰਥਨ ਦਿੱਤਾ।

ਇੰਡੀਆ ਹੈਬੀਟੈਟ ਸੈਂਟਰ ਦੇ ਸਟੇਨ ਆਡੀਟੋਰੀਅਮ ਵਿਖੇ ‘ਗੁਰੂ ਤੇਗ ਬਹਾਦਰ ਸਾਹਿਬ ਜੀ ਧਰਮ ਦੀ ਚਾਦਰ’ ਵਿਸ਼ੇ ’ਤੇ ਕਰਵਾਏ ਗਏ ਇਸ ਸੈਮੀਨਾਰ ’ਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਬਾਬਾ ਦਵਿੰਦਰ ਸਿੰਘ ਬੜੂ ਸਾਹਿਬ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਸੰਬੋਧਨ ਕੀਤਾ, ਜਦਕਿ ਪ੍ਰਸਿੱਧ ਵਿਦਵਾਨ ਡਾ. ਜਸਪਾਲ ਸਿੰਘ ਸਾਬਕਾ ਵਾਈਸ ਚਾਂਸਲਰ, ਡਾ. ਮਨਮੋਹਨ ਸਿੰਘ ਸਾਬਕਾ ਆਈਪੀਐਸ, ਸਾਬਕਾ ਸਫੀਰ ਸ. ਕੇਸੀ ਸਿੰਘ, ਪ੍ਰੋ. ਹਿਮਾਦਰੀ ਬੈਨਰਜੀ, ਡਾ. ਪਰਮਵੀਰ ਸਿੰਘ, ਪ੍ਰੋ ਰਾਜ ਕੁਮਾਰ ਹੰਸ, ਪ੍ਰੋ. ਧਰਮ ਸਿੰਘ ਅਤੇ ਡਾ. ਹਰਿੰਦਰ ਸਿੰਘ ਨੇ ਆਪਣੇ ਖੋਜ ਭਰਪੂਰ ਪਰਚੇ ਪੜ੍ਹੇ।
ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦੂਜਿਆਂ ਦੇ ਧਰਮ ਦੀ ਰੱਖਿਆ ਲਈ ਸ਼ਹਾਦਤ ਦਿੱਤੀ, ਜੋ ਦੁਨੀਆ ਦੇ ਇਤਿਹਾਸ ਵਿੱਚ ਮਿਸਾਲੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਇਸ ਕੁਰਬਾਨੀ ਸਦਕਾ ਹੀ ਭਾਰਤ ਦਾ ਸੱਭਿਆਚਾਰ ਜਿੰਦਾ ਹੈ। ਦਿੱਲੀ ਅੰਦਰ ਲਾਲ ਕਿਲ੍ਹੇ ’ਤੇ ਦੇਸ਼ ਦਾ ਝੰਡਾ ਸਿੱਖ ਗੁਰੂਆਂ ਦੀ ਕੁਰਬਾਨੀ ਕਰਕੇ ਹੈ। ਉਨ੍ਹਾਂ ਕਿਹਾ ਕਿ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਧਰਮਾਂ ਦੀ ਅਜ਼ਾਦੀ ਤੇ ਮਨੁੱਖੀ ਹੱਕਾਂ ਦੀ ਰਖਵਾਲੀ ਲਈ ਸੀ, ਪਰ ਦੁਖਦ ਪਹਿਲੂ ਇਹ ਹੈ ਕਿ ਅੱਜ ਆਪਣੇ ਹੀ ਦੇਸ਼ ਅੰਦਰ ਸਿੱਖਾਂ ਨਾਲ ਅਨਿਆਂ ਕੀਤਾ ਜਾ ਰਿਹਾ ਹੈ। ਸਿੱਖ ਬੰਦੀਆਂ ਨੂੰ ਤਿੰਨ ਤਿੰਨ ਦਹਾਕੇ ਜੇਲ੍ਹਾਂ ਕੱਟਣ ਬਾਅਦ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ।
ਐਡਵੋਕੇਟ ਧਾਮੀ ਨੇ ਕਿਹਾ ਕਿ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕੋਈ ਭੀਖ ਨਹੀਂ ਹੈ, ਸਗੋਂ ਇਹ ਸੰਵਿਧਾਨ ਅਨੁਸਾਰ ਹੱਕੀ ਮੰਗ ਹੈ, ਇਸ ਲਈ ਸਰਕਾਰ ਰਿਹਾਈ ਦਾ ਤੁਰੰਤ ਐਲਾਨ ਕਰੇ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਦਿੱਲੀ ਵਿਖੇ ਵਿਸ਼ੇਸ਼ ਸੈਮੀਨਾਰ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਵੇਲੇ ਦੀ ਮਜ਼ਲੂਮ ਧਿਰ ਦੇ ਤਿਲਕ ਤੇ ਜੰਞੂ ਦੀ ਰੱਖਿਆ ਲਈ ਆਪਣੀ ਸ਼ਹਾਦਤ ਦੇ ਕੇ ਧਾਰਮਿਕ ਅਜ਼ਾਦੀ ਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਦਾ ਵਿਲੱਖਣ ਸੰਦੇਸ਼ ਦਿੱਤਾ, ਜੋ ਸਾਰੀ ਮਨੁੱਖਤਾ ਲਈ ਪ੍ਰੇਰਣਾ ਸਰੋਤ ਹੈ। ਪਰੰਤੂ ਅੱਜ 350 ਸਾਲ ਬਾਅਦ ਜਦੋਂ ਅਸੀਂ ਇਸੇ ਦਿੱਲੀ ਦੀ ਧਰਤੀ ਜਿੱਥੇ ਗੁਰੂ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਵਿਖੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਯਾਦ ਕਰ ਰਹੇ ਹਾਂ, ਤਾਂ ਇਹ ਦੁਖਦਾਈ ਹੈ ਕਿ ਸਾਡੇ ਬੰਦੀ ਸਿੰਘ ਅਜੇ ਤਕ ਤਿਹਾੜ, ਪਟਿਆਲਾ ਅਤੇ ਬੁੜੈਲ ਜੇਲ੍ਹਾਂ ਵਿੱਚ ਕੈਦ ਹਨ। ਮਨੁੱਖੀ ਅਧਿਕਾਰਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਕਰਕੇ ਗੁਰੂ ਸਾਹਿਬ ਨੂੰ ਸਤਿਕਾਰ ਦੇਵੇ।
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਰਕਾਰਾਂ ਵੱਲੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਤੇ ਸੰਸਥਾਵਾਂ ਵਿੱਚ ਕੀਤੀ ਜਾ ਰਹੀ ਦਖਲਅੰਦਾਜ਼ੀ ਦੀ ਵੀ ਅਲੋਚਨਾ ਕੀਤੀ। ਉਨ੍ਹਾਂ ਆਖਿਆ ਕਿ ਗੁਰਦੁਆਰੇ ਸਿੱਖੀ ਦੇ ਪ੍ਰਚਾਰ ਕੇਂਦਰ ਹਨ ਅਤੇ ਉਨ੍ਹਾਂ ਦਾ ਪ੍ਰਬੰਧ ਸਰਕਾਰੀ ਨੁਮਾਇੰਦਿਆਂ ਕੋਲ ਨਹੀਂ, ਪੰਥਕ ਹੱਥਾਂ ਵਿੱਚ ਹੀ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਆਪਣੇ ਧਾਰਮਿਕ ਮਾਮਲਿਆਂ ਵਿੱਚ ਕਿਸੇ ਵੀ ਤਰ੍ਹਾਂ ਦਾ ਰਾਜਸੀ ਦਖ਼ਲ ਬਰਦਾਸ਼ਤ ਨਹੀਂ ਕਰੇਗੀ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਬੇਮਿਸਾਲ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ, ਜਿਸ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਅਹਿਮ ਹੈ। ਉਨ੍ਹਾਂ ਕਿਹਾ ਕਿ ਜੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਸ਼ਹਾਦਤ ਨਾ ਦਿੱਤੀ ਹੁੰਦੀ ਤਾਂ ਦੇਸ਼ ਦੇ ਹਾਲਾਤ ਕੁਝ ਹੋਰ ਹੀ ਹੁੰਦੇ। ਸ. ਬਾਦਲ ਨੇ ਆਖਿਆ ਕਿ ਸਿੱਖ ਕੌਮ ਹਮੇਸ਼ਾ ਆਪਣੇ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਤੋਂ ਪ੍ਰੇਰਨਾ ਲੈ ਕੇ ਮਾਨਵਤਾ ਲਈ ਅੱਗੇ ਰਹਿੰਦੀ ਹੈ। ਦੇਸ਼ ਦੀ ਅਜ਼ਾਦੀ ਦੀ ਲੜਾਈ ਵਿਚ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਵੱਲੋਂ ਹੀ ਦਿੱਤੀਆਂ ਗਈਆਂ, ਜਿਸ ਦਾ ਆਧਾਰ ਗੁਰੂ ਸਾਹਿਬਾਨ ਦੇ ਆਦਰਸ਼ਾਂ ’ਤੇ ਹੀ ਟਿਕਿਆ ਹੈ। ਪਰੰਤੂ ਦੁੱਖ ਦੀ ਗੱਲ ਹੈ ਕਿ ਜਿਸ ਸਿੱਖ ਕੌਮ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ, ਉਸ ਦੀਆਂ ਮਹਾਨ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਿੱਖ ਕੌਮ ਦੀ ਤਾਕਤ ਗੁਰਮਤਿ ਦੀ ਪ੍ਰੇਰਨਾ ਅਤੇ ਕੌਮੀ ਏਕਤਾ ਵਿੱਚ ਹੈ। ਜਦ ਤੱਕ ਸਿੱਖ ਕੌਮ ਗੁਰੂ ਸਾਹਿਬਾਨ ਦੇ ਅਸੂਲਾਂ ’ਤੇ ਡਟੀ ਰਹੇਗੀ, ਕੋਈ ਤਾਕਤ ਉਸ ਨੂੰ ਕਮਜ਼ੋਰ ਨਹੀਂ ਕਰ ਸਕਦੀ। ਉਨ੍ਹਾਂ ਗੁਰੂ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਰੱਖੇ ਸਮਾਗਮਾਂ ਵਿਚ ਸੰਗਤ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਦੀ ਅਪੀਲ ਕੀਤੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਮੈਂਬਰ ਸ. ਬਲਦੇਵ ਸਿੰਘ ਕਾਇਮਪੁਰ, ਸ. ਹਰਭਜਨ ਸਿੰਘ ਮਸਾਣਾ, ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ, ਸ. ਗੁਰਮਿੰਦਰ ਸਿੰਘ ਮਠਾਰੂ, ਸ. ਹਰਮਨਜੀਤ ਸਿੰਘ, ਨਿੱਜੀ ਸਕੱਤਰ ਸ. ਸਾਹਬਾਜ਼ ਸਿੰਘ, ਮੀਤ ਸਕੱਤਰ ਸ. ਜਸਵਿੰਦਰ ਸਿੰਘ ਜੱਸੀ, ਸ. ਹਰਭਜਨ ਸਿੰਘ ਵਕਤਾ, ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀ ਕੇ, ਮੈਂਬਰ ਸ. ਕਰਤਾਰ ਸਿੰਘ ਚਾਵਲਾ, ਸ. ਤਜਿੰਦਰ ਸਿੰਘ, ਸ. ਜਤਿੰਦਰ ਸਿੰਘ, ਸ. ਸਤਨਾਮ ਸਿੰਘ ਖਾਲਸਾ, ਸ. ਅਮਰੀਕ ਸਿੰਘ ਵਿਕਾਸਪੁਰੀ, ਸ. ਸੁਰਿੰਦਰ ਸਿੰਘ, ਸ. ਜਤਿੰਦਰ ਸਿੰਘ ਸਾਹਨੀ, ਸ. ਮੋਹਿੰਦਰ ਸਿੰਘ, ਸ. ਗੁਰਮੀਤ ਸਿੰਘ ਸ਼ੰਟੀ, ਹਰਿਆਣਾ ਕਮੇਟੀ ਦੇ ਪ੍ਰਧਾਨ ਸ. ਜਗਦੀਸ਼ ਸਿੰਘ ਝੀਂਡਾ, ਮੈਂਬਰ ਸ. ਮੋਹਨਜੀਤ ਸਿੰਘ ਪਾਣੀਪਤ, ਰਵਿੰਦਰ ਸਿੰਘ ਫਰੀਦਾਬਾਦ, ਸਿੱਖ ਮਿਸ਼ਨ ਦੇ ਇੰਚਾਰਜ ਸ. ਮਨਮੀਤ ਸਿੰਘ, ਸ. ਸੁਖਵਿੰਦਰ ਸਿੰਘ, ਸ. ਸੁਰਿੰਦਰਪਾਲ ਸਿੰਘ ਸਮਾਨਾ, ਸ. ਜਸਬੀਰ ਸਿੰਘ ਲੌਂਗੋਵਾਲ, ਸ. ਮਨਪ੍ਰੀਤ ਸਿੰਘ, ਸ. ਰਮਨਦੀਪ ਸਿੰਘ, ਸ. ਅਮਨਜੀਤ ਸਿੰਘ, ਸ. ਪਰਮਜੀਤ ਸਿੰਘ, ਸ. ਹਰਦੀਪ ਸਿੰਘ ਚੰਦਰ ਵਿਹਾਰ ਆਦਿ ਹਾਜ਼ਰ ਸਨ।

Have something to say? Post your comment

 
 
 

ਨੈਸ਼ਨਲ

ਦਿੱਲੀ ਦੀ ਸੰਗਤ ਨੇ ਗਰਮਜੋਸ਼ੀ ਨਾਲ ਕੀਤਾ ਸ਼ਹੀਦੀ ਜਾਗਰਤੀ ਯਾਤਰਾ ਦਾ ਸਵਾਗਤ

ਦਿੱਲੀ ਗੁਰਦੁਆਰਾ ਕਮੇਟੀ ਨੇ ਇੰਡੀਆ ਹੈਬੀਟੈਟ ਸੈਂਟਰ ’ਚ ਸੈਮੀਨਾਰ ਕਰਵਾਉਣ ਦੇ ਵਿਰੋਧ ’ਚ ਧਾਮੀ ਨੂੰ ਲਿਖਿਆ ਪੱਤਰ

ਅਮਰੀਕਾ ਦੀ ਕਾਂਗਰਸ ਹਾਊਸ ਵੱਲੋਂ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਦਿੱਤੀ ਗਈ ਮਾਨਤਾ

ਸੁਖਬੀਰ ਸਿੰਘ ਬਾਦਲ ਵੱਲੋਂ ਸਿੱਖਾਂ ਨੂੰ ਆਗੂ ਵਿਹੂਣੇ ਕਰਨ ਦੀ ਸਾਜ਼ਿਸ਼ ਤੋਂ ਸੁਚੇਤ ਰਹਿਣ ਦੀ ਅਪੀਲ

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਵਿਖੇ ਕੀਤੀ ਪੰਥ ਦੀ ਚੜ੍ਹਦੀ ਕਲਾ ਤੇ ਇੱਕਜੁੱਟਤਾ ਦੀ ਅਰਦਾਸ

ਕਰਨਾਟਕ ਵਿਚ ਆਰਐਸਐਸ ਅਤੇ ਇਸ ਨਾਲ ਜੁੜੇ ਸੰਗਠਨਾਂ ਦੀਆਂ ਗਤੀਵਿਧੀਆਂ 'ਤੇ ਲਗੇਗੀ ਪਾਬੰਦੀ

ਵਿਕਰਮਜੀਤ ਸਿੰਘ ਸਾਹਨੀ ਨੇ ਸਵਰਗੀ ਗਾਇਕ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਲਿਆ ਗੋਦ

ਪ੍ਰਧਾਨ ਮੰਤਰੀ ਮੋਦੀ, ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਦਿੱਲੀ ਤੋਂ ਅੰਮ੍ਰਿਤਸਰ ਤੱਕ ਸਾਇਕਲ ਯਾਤਰਾ 15 ਨਵੰਬਰ ਨੂੰ ਹੋਵੇਗੀ ਸ਼ੁਰੂ : ਜੀਕੇ

ਦਿੱਲੀ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਐਪ ਲਾਂਚ: ਬੀਬੀ ਰਣਜੀਤ ਕੌਰ