ਨਵੀਂ ਦਿੱਲੀ -ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਉਪਰਾਲਿਆਂ ਸਦਕਾ, ਸਿੱਖ ਕੌਮ ਲਈ ਇਹ ਇਤਿਹਾਸਿਕ ਬਣ ਗਿਆ ਹੈ ਕਿ ਸੰਸਾਰ ਭਰ ਦੀ ਸੁਪਰੀਮ ਪਾਵਰ ਅਮਰੀਕਾ ਵਿੱਚ ਪੈਨਸਿਲਵੇਨੀਆਂ ਤੋ ਕਾਂਗਰਸਮੈਨ ਬ੍ਰੈਂਡਨ ਬਾਇਲੇ ਦੇ ਯਤਨਾਂ ਸਦਕਾ ਕਾਂਗਰਸ ਹਾਊਸ ਵਿੱਚ ਸਿੱਖਾ ਦੇ ਨੌਵੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇ ਸ਼ਹੀਦੀ ਦਿਹਾੜੇ ਨੂੰ ਸਤਿਕਾਰ ਅਤੇ ਮਾਨਤਾ ਦਿੱਤੀ ਗਈ । ਇਸ ਮੌਕੇ ਉਨ੍ਹਾਂ ਆਪਣੇ ਸੰਦੇਸ਼ ਦੌਰਾਨ ਕਿਹਾ ਕਿ, ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਅਤੇ ਉਹਨਾਂ ਦੇ ਪਿਆਰੇ ਗੁਰਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੀ ਸ਼ਹਾਦਤ ਦੁਨੀਆ ਲਈ ਇਕ ਚਾਨਣ ਮੁਨਾਰੇ ਵਾਂਗ ਹੈ । ਓਹਨਾ ਅੱਗੇ ਕਿਹਾ ਕਿ ਗੁਰੂ ਸਾਹਿਬ ਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਅਤਿਆਚਾਰ ਤੇ ਹਿੰਦੂ ਧਰਮ ਨੂੰ ਖਤਮ ਕਰਨ ਦੀ ਮੁਹਿੰਮ ਦਾ ਦਲੇਰੀ ਨਾਲ ਸਾਹਮਣਾ ਕੀਤਾ ਅਤੇ ਹਰੇਕ ਵਿਅਕਤੀ ਦੇ ਆਪਣੇ ਵਿਸ਼ਵਾਸ ਦੀ ਆਜ਼ਾਦੀ ਨਾਲ ਪਾਲਣਾ ਕਰਨ ਦੇ ਅਧਿਕਾਰ ਦੀ ਰੱਖਿਆ ਦੇ ਨਾਲ ਨਾਲ ਦੂਜਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਅਤੇ ਮਨੁੱਖੀ ਮਾਣ, ਜ਼ਮੀਰ ਦੀ ਆਜ਼ਾਦੀ, ਕਿਸੇ ਦੇ ਵਿਸ਼ਵਾਸਾਂ ਅਨੁਸਾਰ ਪੂਜਾ ਕਰਨ ਦੇ ਅਧਿਕਾਰ ਦੇ ਸਰਵ ਵਿਆਪਕ ਸਿਧਾਂਤਾਂ ਨੂੰ ਬਰਕਰਾਰ ਰੱਖਣ ਲਈ ਉਨ੍ਹਾਂ ਦੀ ਅੰਤਿਮ ਕੁਰਬਾਨੀ ਲਈ ਉਨ੍ਹਾਂ ਨੂੰ ਪਿਆਰ ਨਾਲ ਸ੍ਰਿਸ਼ਟੀ ਦੀ ਚਾਦਰ ਅਤੇ ਮਨੁੱਖਤਾ ਦੇ ਅਧਿਕਾਰਾਂ ਦੀ ਢਾਲ ਵਜੋਂ ਯਾਦ ਕੀਤਾ ਜਾਂਦਾ ਹੈ। ਸਿੱਖ ਭਾਈਚਾਰਾ, ਜਿਸਦੀਆਂ ਜੜ੍ਹਾਂ ਨਨਕਾਣਾ ਸਾਹਿਬ, ਪੰਜਾਬ ਜੋ ਕਿ ਹੁਣ ਪਾਕਿਸਤਾਨ ਵਿੱਚ ਸਥਿਤ ਹੈ ਅਤੇ ਪੂਰੀ ਦੁਨੀਆ ਵਿੱਚ ਫੈਲੀਆ ਹੋਈਆਂ ਹਨ । ਸਿੱਖਾ ਨੇ ਇੱਕ ਸਦੀ ਤੋਂ ਵੱਧ ਸਮਾਂ ਪਹਿਲਾਂ ਅਮਰੀਕਾ ਵਿੱਚ ਪਰਵਾਸ ਕਰਨਾ ਸ਼ੁਰੂ ਕੀਤਾ ਸੀ। ਇਨ੍ਹਾਂ ਸ਼ਾਨਦਾਰ ਅਮਰੀਕੀਆਂ ਨੇ ਕੀਅਸਟੋਨ ਦੇ ਵਿਕਾਸ ਅਤੇ ਜੀਵਨਸ਼ਕਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਸਹਿਣਸ਼ੀਲਤਾ, ਸੇਵਾ ਅਤੇ ਨਾਗਰਿਕ ਸ਼ਮੂਲੀਅਤ ਪ੍ਰਤੀ ਆਪਣੀ ਵਚਨਬੱਧਤਾ ਰਾਹੀਂ ਆਪਣੇ ਭਾਈਚਾਰਿਆਂ ਨੂੰ ਅਮੀਰ ਬਣਾਇਆ ਹੈ। ਇਹ ਅਸਾਧਾਰਨ ਆਦਰਸ਼ ਸਮਾਨਤਾ, ਭਾਈਚਾਰੇ ਅਤੇ ਸਤਿਕਾਰ ਰਾਹੀਂ ਸ਼ਾਂਤੀ ਦੀ ਭਾਲ ਕਰਨ ਦੀ ਸਿੱਖ ਪਰੰਪਰਾ ਨੂੰ ਦਰਸਾਉਂਦੇ ਹਨ, ਜਦੋਂ ਕਿ ਪਵਿੱਤਰ ਸਿੱਖਿਆਵਾਂ ਅਤੇ ਇਮਾਨਦਾਰ ਕੰਮ, ਦਾਨ, ਸਵੈ-ਸੇਵਾ ਅਤੇ ਲੋੜਵੰਦਾਂ ਨਾਲ ਸਾਂਝਾ ਕਰਨ ਦੇ ਪ੍ਰਸ਼ੰਸਾਯੋਗ ਸਿਧਾਂਤਾਂ ਰਾਹੀਂ ਆਪਸੀ ਵੰਡ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਜਿੱਥੇ ਭਾਰਤ ਵਿੱਚ ਸਿੱਖਾਂ ਨੂੰ ਹਰ ਪੱਖੋਂ ਦਬਾਇਆ ਜਾ ਰਿਹਾ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵੀਰ ਬਾਲ ਦਿਵਸ ਕਹਿ ਕੇ ਨੀਵਾਂ ਦਿਖਾਉਣ ਦੇ ਕੋਝੇ ਯਤਨ ਕੀਤੇ ਜਾ ਰਹੇ ਹਨ । ਉੱਥੇ ਵਿਦੇਸ਼ਾਂ ਵਿੱਚ ਸਿੱਖ ਫਲਸਫੇ ਪ੍ਰਤੀ ਸਤਿਕਾਰ ਅਤੇ ਗੁਰੂ ਸਾਹਿਬਾਨਾ ਦੀਆਂ ਸਿੱਖਿਆਵਾਂ ਅਤੇ ਕੁਰਬਾਨੀਆਂ ਨੂੰ ਸਿਜਦਾ ਕਰਕੇ ਮਾਨਤਾ ਦਿੱਤੀ ਜਾ ਰਹੀ ਹੈ ।