ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਰਨਲ ਇਜਲਾਸ ਦੀ ਤਰੀਕ ਨੇੜੇ ਆਉਦੇ ਸਾਰ ਹੀ ਸ਼੍ਰੋਮਣੀ ਅਕਾਲੀ ਦਲ ਤੇ ਅਕਾਲੀ ਦਲ ਪੁਨਰ ਸੁਰਜੀਤ ਨੇ ਆਪੋ ਆਪਣੇ ਪਰ ਤੋਲਣੇ ਸ਼ੁਰੂ ਕਰ ਦਿੱਤੇ ਹਨ।ਸ਼ੋ੍ਰਮਣੀ ਕਮੇਟੀ ਦਾ ਜਰਨਲ ਇਜਲਾਸ 3 ਨਵੰਬਰ ਨੂੰ ਤੇਜਾ ਸਿੰਘ ਸਮੂੰਦਰੀ ਹਾਲ ਵਿਖੇ ਹੋਵੇਗਾ ਤੇ ਇਸ ਦਿਨ ਪੰਥ ਦੀ ਪਾਰਲੀਮੈਂਟ ਵਿਚ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੁਨੀਅਰ ਮੀਤ ਪ੍ਰਧਾਨ, ਜਰਨਲ ਸਕੱਤਰ ਅਤੇ 11 ਮੈਂਬਰੀ ਅੰਤ੍ਰਿਗ ਕਮੇਟੀ ਦੀ ਚੋਣ ਕੀਤੀ ਜਾਵੇਗੀ। ਇਸ ਲਈ ਸ਼ੋ੍ਰਮਣੀ ਅਕਾਲੀ ਦਲ ਜਿਥੇ ਸ਼ੋ੍ਰਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਮੈਦਾਨ ਵਿਚ ਉਤਾਰ ਸਕਦਾ ਹੈ ਉਥੇ ਅਕਾਲੀ ਦਲ ਪੁਨਰ ਸੁਰਜੀਤ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਦਾ ਨਾਮ ਉਭਾਰ ਕੇ ਮੈਦਾਨ ਵਿਚ ਉਤਾਰ ਸਕਦਾ ਹੈ। ਭਰੋਸੇਯੋਗ ਸੂਤਰਾਂ ਮੁਤਾਬਿਕ ਜਿਥੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਐਡਵੋਕੇਟ ਧਾਮੀ ਦੇ ਨਾਮ ਤੇ ਸਹਿਮਤ ਹਨ, ਉਧਰ ਦੂਜੇ ਪਾਸੇ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਤੇ ਬਾਕੀ ਲੀਡਰਸ਼ਿਪ ਭਾਈ ਗੋਬਿੰਦ ਸਿੰਘ ਦੇ ਨਾਮ ਤੇ ਪੂਰੀ ਤਰਾਂ ਨਾਲ ਸਹਿਮਤ ਹੈ। ਦੋਵੇ ਪਾਰਟੀਆਂ ਦੇ ਉਮੀਦਵਾਰ ਸਾਫ ਸੁਥਰੀ ਤੇ ਧਾਰਮਿਕ ਛਵੀ ਦੇ ਮਾਲਕ ਹਨ। ਕਮੇਟੀ ਦੇ ਮੈਂਬਰ ਜਿਥੇ ਐਡਵੋਕੇਟ ਧਾਮੀ ਦੇ ਕੀਤੇ ਕੰਮਾਂ ਤੋ ਸੰਤੁਸ਼ਟ ਹਨ ਉਥੇ ਭਾਈ ਲੌਗੋਵਾਲ ਦੇ ਕਾਰਜਕਾਲ ਵਿਚ ਕੀਤੇ ਕੰਮ ਵੀ ਯਾਦ ਕਰਦੇ ਹਨ। ਭਾਈ ਲੌਗੋਵਾਲ ਦੇ ਕਾਰਜਕਾਲ ਦੌਰਾਨ ਸ਼ੋ੍ਰਮਣੀ ਕਮੇਟੀ ਵਿਚ ਕਈ ਅਜਿਹੇ ਮਾਅਰਕੇਯੋਗ ਕੰਮ ਹੋਏ ਜਿਨਾ ਵਿਚ ਸ਼ੋ੍ਰਮਣੀ ਕਮੇਟੀ ਦਾ ਅਤੇ ਸ਼ੋ੍ਰਮਣੀ ਅਕਾਲੀ ਦਲ ਦਾ 100 ਸਾਲਾ ਸਥਾਪਨਾ ਦਿਨ ਮਨਾਉਣਾ ਵੀ ਸ਼ਾਮਲ ਹੈ। ਉਧਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਕਾਜਕਾਲ ਦੌਰਾਨ ਵੀ ਸ਼ੋ੍ਰਮਣੀ ਕਮੇਟੀ ਨੇ ਦਿਨ ਰਾਤ ਤਰੱਕੀ ਦੀਆਂ ਮੰਜਿਲਾਂ ਸਰ ਕੀਤੀਆਂ। ਅਨੇਕਾਂ ਸ਼ਤਾਬਦੀਆਂ ਮਨਾਈਆਂ ਤੇ ਕੌਮ ਦੇ ਉਜਵਲ ਭਵਿਖ ਲਈ ਨੌਜਵਾਨ ਬੱਚਿਆਂ ਨੂੰ ਪੀ ਸੀ ਐਸ, ਆਈ ਏ ਐਸ ਤੇ ਆਈ ਪੀ ਐਯ ਕਰਵਾਉਣ ਦਾ ਕਾਰਜ ਐਡਵੋਕੇਟ ਧਾਮੀ ਦੇ ਹੀ ਕਾਰਜਕਾਲ ਦੌਰਾਨ ਸਿਰੇ ਚੜਿਆ। ਦੋਵਾਂ ਧਿਰਾਂ ਵਲੋ ਉਤਾਰੇ ਜਾਣ ਵਾਲੇ ਉਮੀਦਵਾਰਾਂ ਦਾ ਜੇ ਨਿਰਪਖ ਵਿਸ਼ਲੇਸ਼ਨ ਕੀਤਾ ਜਾਵੇ ਤਾਂ ਫਸਵੀ ਟਕੱਰ ਦੇ ਬਾਵਜੂਦ ਐਡਵੋਕੇਟ ਧਾਮੀ ਦੀ ਜਿਤ ਲਗਭਗ ਤਹਿ ਹੈ। ਇਸ ਟਕੱਰ ਵਿਚ ਭਾਈ ਗੋਬਿੰਦ ਸਿੰਘ ਦੀ ਸ਼ਖਸੀਅਤ ਨੂਠ ਘਟ ਕਰਕੇ ਨਹੀ ਦੇਖਿਆ ਜਾ ਸਕਦਾ। ਜਰਨਲ ਹਾਉਸ ਵਿਚ ਕੁਲ 185 ਮੈਂਬਰਾਂ ਵਿਚੋ 33 ਦੇ ਕਰੀਬ ਮੈਂਬਰ ਅਕਾਲ ਚਲਾਣਾ ਕਰ ਗਏ ਹਨ, 4 ਮੈਂਬਰ ਅਸਤੀਫਾ ਦੇ ਚੁੱਕੇ ਹਨ ਤੇ ਦੋ ਮੈਂਬਰਾਂ ਕੋਲ ਵੋਟ ਪਾਉਣ ਦਾ ਅਧਿਕਾਰ ਨਹੀ ਹੈ। ਅਕਾਲੀ ਦਲ ਪੁਨਰ ਸੁਰਜੀਤ ਇਸ ਚੋਣ ਮੈਦਾਨ ਵਿਚ 33 ਦੇ ਕਰੀਬ ਵੋਟਾ ਹਾਸਲ ਕਰ ਸਕਦਾ ਹੈ। ਜੇਕਰ ਭਾਈ ਲੌਗੋਵਾਲ ਦੀ ਸਾਫ ਸੁਥਰੀ ਛਵੀ ਕਾਰਨ ਚੰਦ ਮੈਂਬਰ ਕਰਾਸ ਵੋਟ ਕਰ ਵੀ ਜਾਂਦੇ ਹਨ ਤਾਂ ਇਹ ਗਿਣਤੀ 40 ਤੋ ਹੇਠਾਂ ਹੀ ਰਹੇਗੀ।