ਪੰਜਾਬ

ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਕਣਕ ਦਾ ਮੁਫ਼ਤ ਬੀਜ ਵੰਡਣ ਦੀ ਸ਼ੁਰੂਆਤ

ਕੌਮੀ ਮਾਰਗ ਬਿਊਰੋ | October 26, 2025 07:28 PM

ਅੰਮ੍ਰਿਤਸਰ- ਸੂਬੇ ਦੇ ਹੜ੍ਹ ਪੀੜਤਾਂ ਨਾਲ ਕੀਤੇ ਇੱਕ ਹੋਰ ਵਾਅਦੇ ਨੂੰ ਪੂਰਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਾਲ ਹੀ ਵਿੱਚ ਆਏ ਹੜ੍ਹਾਂ ਦੌਰਾਨ ਨੁਕਸਾਨੀ ਗਈ ਲਗਭਗ ਪੰਜ ਲੱਖ ਏਕੜ ਜ਼ਮੀਨ ਵਿੱਚ ਆਪਣੀ ਫਸਲ ਗੁਆਉਣ ਵਾਲੇ ਕਿਸਾਨਾਂ ਨੂੰ ਦੋ ਲੱਖ ਕੁਇੰਟਲ ਕਣਕ ਦੇ ਬੀਜ ਮੁਫ਼ਤ ਮੁਹੱਈਆ ਕਰਵਾਉਣ ਲਈ ਅੱਜ ਸੱਤ ਟਰੱਕਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਹੜ੍ਹ ਕਾਰਨ ਸੂਬੇ ਦੇ ਕਿਸਾਨਾਂ ਨੂੰ ਅਣਗਿਣਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਸਰਕਾਰ ਇਸ ਗੰਭੀਰ ਸੰਕਟ ਦੀ ਘੜੀ ਵਿੱਚ ਸੂਬੇ ਦੇ ਕਿਸਾਨਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਆਏ ਹੜ੍ਹਾਂ ਕਾਰਨ ਸੂਬੇ ਦੇ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ, ਜਿਸ ਕਾਰਨ ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ 74 ਕਰੋੜ ਰੁਪਏ ਦੇ ਦੋ ਲੱਖ ਕੁਇੰਟਲ ਬੀਜ ਮੁਫ਼ਤ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਮੁਫ਼ਤ ਬੀਜ ਵੰਡਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਇਹ ਜਲਦ ਹੀ ਮੁਕੰਮਲ ਕਰ ਲਈ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਮਿਹਨਤਕਸ਼ ਕਿਸਾਨਾਂ ਨੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਆਤਮਨਿਰਭਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੇ ਕਿਸਾਨ ਹੜ੍ਹਾਂ ਕਾਰਨ ਵੱਡੇ ਸੰਕਟ ਦਾ ਸਾਹਮਣਾ ਕਰ ਰਹੇ ਹਨ ਪਰ ਸੂਬਾ ਸਰਕਾਰ ਉਨ੍ਹਾਂ ਨੂੰ ਇਸ ਸਮੱਸਿਆ ਵਿੱਚੋਂ ਬਾਹਰ ਕੱਢਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਨ੍ਹਾਂ ਕਿਸਾਨਾਂ ਨੂੰ ਅਗਾਮੀ ਹਾੜ੍ਹੀ ਦੀ ਫਸਲ ਬੀਜਣ ਵਿੱਚ ਮਦਦ ਕਰਨ ਵਾਸਤੇ ਕਣਕ ਦੇ ਬੀਜ ਮੁਫ਼ਤ ਮੁਹੱਈਆ ਕਰਵਾਏ ਜਾ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਹੜ੍ਹਾਂ ਦੌਰਾਨ ਹੋਈ ਤਬਾਹੀ ਕਾਰਨ ਕਿਸਾਨਾਂ ਲਈ ਪੈਦਾ ਹੋਈਆਂ ਮੁਸ਼ਕਲਾਂ ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਸੂਬਾ ਸਰਕਾਰ ਵੱਲੋਂ ਕੀਤਾ ਗਿਆ ਇਹ ਨਿਮਾਣਾ ਜਿਹਾ ਉਪਰਾਲਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਹੜ੍ਹਾਂ ਕਾਰਨ ਹੋਈ ਤਬਾਹੀ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਪੰਜਾਬ ਨੂੰ ਪਹਿਲਾਂ ਕਦੇ ਵੀ ਇੰਨਾ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸੂਬੇ ਦੇ ਮਿਹਨਤੀ, ਬਹਾਦਰ ਅਤੇ ਦ੍ਰਿੜ ਕਿਸਾਨਾਂ ਨੇ ਹੜ੍ਹਾਂ ਦੇ ਕਹਿਰ ਦਾ ਡਟ ਕੇ ਸਾਹਮਣਾ ਕੀਤਾ ਹੈ ਅਤੇ ਉਹ ਰਾਸ਼ਟਰੀ ਖੁਰਾਕ ਪੂਲ ਵਿੱਚ ਅਨਾਜ ਦਾ ਯੋਗਦਾਨ ਪਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ।

ਮੁੱਖ ਮੰਤਰੀ ਨੇ ਦੁੱਖ ਪ੍ਰਗਟ ਕੀਤਾ ਕਿ ਹੜ੍ਹਾਂ ਕਾਰਨ 2, 300 ਤੋਂ ਵੱਧ ਪਿੰਡ ਡੁੱਬ ਗਏ, 20 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਅਤੇ ਪੰਜ ਲੱਖ ਏਕੜ ਜ਼ਮੀਨ ਵਿੱਚ ਫਸਲਾਂ ਤਬਾਹ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਇਹਨਾਂ ਹੜ੍ਹਾਂ ਦੌਰਾਨ 56 ਜਾਨਾਂ ਚਲੀਆਂ ਗਈਆਂ ਹਨ ਅਤੇ ਲਗਭਗ ਸੱਤ ਲੱਖ ਲੋਕ ਬੇਘਰ ਹੋ ਗਏ ਹਨ। ਉਨ੍ਹਾਂ ਕਿਹਾ ਕਿ 3, 200 ਸਰਕਾਰੀ ਸਕੂਲ ਨੁਕਸਾਨੇ ਗਏ ਹਨ, 19 ਕਾਲਜ ਮਲਬੇ ਵਿੱਚ ਬਦਲ ਗਏ ਹਨ, 1, 400 ਕਲੀਨਿਕ ਅਤੇ ਹਸਪਤਾਲ ਬਰਬਾਦ ਹੋ ਗਏ ਹਨ, 8, 500 ਕਿਲੋਮੀਟਰ ਸੜਕਾਂ ਤਬਾਹ ਹੋ ਗਈਆਂ ਹਨ ਅਤੇ 2, 500 ਪੁਲ ਢਹਿ ਗਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼ੁਰੂਆਤੀ ਅਨੁਮਾਨਾਂ ਅਨੁਸਾਰ ਲਗਭਗ 13, 800 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਹਾਲਾਂਕਿ ਅਸਲ ਅੰਕੜਾ ਇਸ ਤੋਂ ਵੀ ਵੱਧ ਹੋ ਸਕਦਾ ਹੈ।

 

Have something to say? Post your comment

 
 
 

ਪੰਜਾਬ

ਸਾਰਾਗੜ੍ਹੀ ਫਾਉਂਡੇਸ਼ਨ ਦੇ ਚੇਅਰਮੈਨ ਡਾ.ਗੁਰਿੰਦਰਪਾਲ ਸਿੰਘ ਜੋਸਨ ਦੀ ਅਗਵਾਈ ਹੇਠ ਆਯੋਜਿਤ ਹੋਣਗੇ ਵੱਖ ਵੱਖ ਯਾਦਗਾਰੀ ਸਮਾਗਮ

'ਯੁੱਧ ਨਸ਼ਿਆਂ ਵਿਰੁੱਧ’ ਦੇ 239ਵੇਂ ਦਿਨ ਪੰਜਾਬ ਪੁਲਿਸ ਵੱਲੋਂ 1.1 ਕਿਲੋ ਹੈਰੋਇਨ ਸਮੇਤ 66 ਨਸ਼ਾ ਤਸਕਰ ਕਾਬੂ

ਸਪੀਕਰ ਵੱਲੋਂ ਮਰਹੂਮ ਵਾਈ. ਪੂਰਨ ਕੁਮਾਰ ਆਈਪੀਐਸ ਦੀ 'ਅੰਤਿਮ ਅਰਦਾਸ' 'ਤੇ ਸ਼ਰਧਾਂਜਲੀ ਭੇਟ

ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਸਕੀਮ ਅਧੀਨ ਹੁਣ ਤੱਕ ₹2400 ਕਰੋੜ ਦੀ ਰਾਸ਼ੀ ਜਾਰੀ : ਡਾ. ਬਲਜੀਤ ਕੌਰ

ਆਪ' ਆਗੂਆਂ ਨੇ ਵੋਟਰਾਂ ਨੂੰ ਕੀਤੀ ਅਪੀਲ - 'ਆਪ ਦੀ ਸਰਕਾਰ, 'ਆਪ ਦਾ ਵਿਧਾਇਕ' ਤਰਨਤਾਰਨ ਵਿੱਚ ਤੇਜ਼ ਰਫ਼ਤਾਰ ਵਿਕਾਸ ਨੂੰ ਯਕੀਨੀ ਬਣਾਏਗਾ

ਡਾ. ਤਰੁਨਜੀਤ ਸਿੰਘ ਬੁਤਾਲੀਆ ਨੂੰ ਗਲੋਬਲ ਇੰਟਰਫੇਥ ਕਾਨਫਰੰਸ ਵਲੋਂ ਲਾਈਫਟਾਈਮ ਅਚੀਵਮੈਂਟ ਐਵਾਰਡ

ਆਪ' ਸਾਂਸਦ ਮਲਵਿੰਦਰ ਕੰਗ ਨੇ ਪੀਯੂ ਪ੍ਰਸ਼ਾਸਨ ਨੂੰ ਘੇਰਿਆ, ਕਿਹਾ- ਦਿੱਲੀ ਦੇ 'ਆਕਾਵਾਂ' ਦੇ ਦਬਾਅ ਹੇਠ ਰੱਦ ਕੀਤਾ ਗੁਰੂ ਸਾਹਿਬ ਦਾ ਸੈਮੀਨਾਰ

ਸਵਰਗੀ ਚਰਨ ਸਿੰਘ ਸਿੰਧਰਾ ਅਤੇ ਪਦਮ ਸਿੰਧਰਾ ਨੂੰ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਕੀਤਾ ਯਾਦ

ਜਾਪਾਨੀ ਵਫ਼ਦ ਵੱਲੋਂ ਸਪੀਕਰ ਨਾਲ ਮੁਲਾਕਾਤ, ਪੰਜਾਬ ਵਿੱਚ ਨਿਵੇਸ਼ ਕਰਨ ਦੀ ਦਿਲਚਸਪੀ ਕੀਤੀ ਜ਼ਾਹਰ

ਬੰਗਲੁਰੂ ਚ 7 ਨਵੰਬਰ ਨੂੰ ਦੂਜੀਆਂ ਰਾਸ਼ਟਰੀ ਪਾਈਥੀਅਨ ਖੇਡਾਂ ਮੌਕੇ ਹੋਣਗੇ ਕੌਮੀ ਗੱਤਕਾ ਮੁਕਾਬਲੇ