ਅੰਮ੍ਰਿਤਸਰ-ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਏ ਗਏ ਵਿਸ਼ਾਲ ਗੁਰਮਤਿ ਸਮਾਗਮ ਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ, ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁੱਖੀ ਬਾਬਾ ਜੋਗਾ ਸਿੰਘ ਸਮੇਤ ਪ੍ਰਮੁੱਖ ਸਖਸ਼ੀਅਤਾਂ ਅਤੇ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਭਰੀ। ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਖੁੱਲੇ ਪੰਡਾਲ ਵਿੱਚ ਸਜੇ ਧਾਰਮਿਕ ਦੀਵਾਨ ਦੌਰਾਨ ਸ਼ਤਾਬਦੀ ਨੂੰ ਸਮਰਪਿਤ ਧਰਮ ਪ੍ਰਚਾਰ ਕਮੇਟੀ ਅਤੇ ਆਸਟ੍ਰੇਲੀਆ ਦੀ ਸਹਿਜ ਪਾਠ ਸੇਵਾ ਸੰਸਥਾ ਵੱਲੋਂ ਸੰਗਤ ਦੇ ਸਹਿਯੋਗ ਨਾਲ ਦੇਸ਼ ਦੁਨੀਆ ਅੰਦਰ ਆਰੰਭ ਕਰਵਾਏ ਗਏ 25 ਹਜ਼ਾਰ ਦੇ ਕਰੀਬ ਸਾਹਿਜ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕਰਕੇ ਪਾਵਨ ਗੁਰਬਾਣੀ ਦੇ ਪਾਠ ਕੀਤੇ ਤੇ ਗੁਰੂ ਸਾਹਿਬਾਨ ਪ੍ਰਤੀ ਸ਼ਰਧਾ ਤੇ ਸਤਿਕਾਰ ਭੇਟ ਕੀਤਾ। ਸਮਾਗਮ ਦੌਰਾਨ ਰਾਗੀ, ਪ੍ਰਚਾਰਕ, ਢਾਡੀ ਤੇ ਕਵੀਸ਼ਰ ਜਥਿਆਂ ਨੇ ਵੀ ਸੰਗਤਾਂ ਨਾਲ ਗੁਰ ਇਤਿਹਾਸ ਦੀ ਸਾਂਝ ਪਾਈ।
ਇਸ ਦੌਰਾਨ ਪੁੱਜੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਿਰਫ ਸਿੱਖ ਇਤਿਹਾਸ ਦਾ ਹੀ ਨਹੀਂ, ਸਗੋਂ ਵਿਸ਼ਵ ਦੇ ਧਰਮ ਇਤਿਹਾਸ ਅੰਦਰ ਮਾਨਵੀ ਕਦਰਾਂ-ਕੀਮਤਾਂ ਦੀ ਰਖਵਾਲੀ ਲਈ ਇਕ ਅਦੁੱਤੀ ਘਟਨਾ ਵਜੋਂ ਦਰਜ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਸਬੰਧੀ 21 ਨਵੰਬਰ ਤੋਂ 29 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਿਥੇ ਵਿਸੇ਼ੇਸ਼ ਸਮਾਗਮ ਕੀਤੇ ਜਾਣੇ ਹਨ ਉਥੇ ਹੀ ਇਸ ਇਤਿਹਾਸਕ ਮੌਕੇ ਨਾਲ ਸੰਗਤਾਂ ਨੂੰ ਜੋੜਨ ਵਾਸਤੇ ਘਰ ਘਰ ਅੰਦਰ ਸਹਿਜ ਪਾਠ ਕਰਨ ਦੀ ਮੁਹਿੰਮ ਵਿੱਢੀ ਗਈ ਸੀ। ਜਿਸ ਤਹਿਤ ਅੱਜ 25 ਹਜਾਰ ਦੇ ਕਰੀਬ ਸੰਗਤਾਂ ਵੱਲੋਂ ਕੀਤੇ ਗਏ ਸਹਿਜ ਪਾਠਾਂ ਦੇ ਸਮੂਹਿਕ ਰੂਪ ਵਿਚ ਭੋਗ ਪਾ ਕੇ ਸੰਪੂਰਨਤਾ ਕੀਤੀ ਗਈ ਹੈ। ਇਸ ਦੇ ਦੂਜੇ ਪੜਾਅ ਤਹਿਤ ਸ੍ਰੀ ਅਨੰਦਪੁਰ ਸਾਹਿਬ ਵਿਖੇ 16 ਨਵੰਬਰ ਨੂੰ 35 ਹਜ਼ਾਰ ਦੇ ਕਰੀਬ ਸਹਿਜ ਪਾਠਾਂ ਦੇ ਭੋਗ ਪਾਏ ਜਾਣਗੇ। ਉਨ੍ਹਾਂ ਸੰਗਤਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋ ਰਹੇ ਸਾਰੇ ਸ਼ਤਾਬਦੀ ਸਮਾਗਮਾਂ ਸਮੇਂ ਪਰਿਵਾਰਾਂ ਸਮੇਤ ਹਾਜ਼ਰ ਹੋਣ ਦੀ ਪ੍ਰੇਰਨਾ ਵੀ ਕੀਤੀ।
ਇਕ ਸਵਾਲ ਦੇ ਜਵਾਬ ਵਿੱਚ ਐਡਵੋਕੇਟ ਧਾਮੀ ਨੇ ਕੇਂਦਰ ਸਰਕਾਰ ਨੂੰ ਆਪਣਾ 2019 ਦਾ ਬੰਦੀ ਸਿੰਘਾਂ ਦੀ ਰਿਹਾਈ ਦਾ ਫੈਸਲਾ ਤੁਰੰਤ ਲਾਗੂ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ 350 ਸਾਲਾ ਦਿਹਾੜਾ ਇਕ ਅਹਿਮ ਮੌਕਾ ਹੈ ਜਿਸ ਨੂੰ ਸਮਰਪਿਤ ਹੁੰਦਿਆਂ ਸਰਕਾਰ ਨੂੰ ਵੱਡਾ ਦਿਲ ਦਿਖਾਉਂਦਿਆਂ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕਰਨਾ ਚਾਹੀਦਾ ਹੈ। ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਸਮਾਗਮਾਂ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾ ਰਹੇ ਸਮਾਗਮਾਂ ਸਮੇਂ ਸਾਰਿਆਂ ਨੂੰ ਖੁੱਲਾ ਸੱਦਾ ਹੈ ਅਤੇ ਸਰਕਾਰ ਨੂੰ ਵੱਖਰੇ ਧਾਰਮਿਕ ਸਮਾਗਮਾਂ ਦੀ ਥਾਂ ਵਿਕਾਸ ਕਾਰਜਾਂ ਵੱਲ ਧਿਆਨ ਦੇਣਾ ਚਾਹੀਦਾ ਹੈ।
ਇਸ ਮੌਕੇ ਤਰਨਾਂ ਦਲ ਬਾਬਾ ਬਕਾਲਾ ਦੇ ਮੁੱਖੀ ਬਾਬਾ ਜੋਗਾ ਸਿੰਘ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ, ਜੂਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਲਿਆਣ, ਅੰਤ੍ਰਿੰਗ ਮੈਂਬਰ ਬੀਬੀ ਹਰਜਿੰਦਰ ਕੌਰ, ਮੈਂਬਰ ਸ. ਬਲਜੀਤ ਸਿੰਘ ਜਲਾਲਉਸਮਾ, ਭਾਈ ਰਜਿੰਦਰ ਸਿੰਘ ਮਹਿਤਾ, ਸ. ਅਮਰਜੀਤ ਸਿੰਘ ਭਲਾਈਪੁਰ, ਭਾਈ ਅਜੈਬ ਸਿੰਘ ਅਭਿਆਸੀ, ਸਕੱਤਰ ਸ. ਪ੍ਰਤਾਪ ਸਿੰਘ, ਸ. ਬਲਵਿੰਦਰ ਸਿੰਘ ਕਾਹਲਵਾਂ, ਮੀਤ ਸਕੱਤਰ ਸ. ਹਰਭਜਨ ਸਿੰਘ ਵਕਤਾ, ਸ. ਸੁਖਬੀਰ ਸਿੰਘ, ਬਾਬਾ ਸੱਜਣ ਸਿੰਘ ਗੁਰੂ ਕੀ ਬੇਰ, ਬਾਬਾ ਗੁਰਪ੍ਰੀਤ ਸਿੰਘ ਕਾਰ ਸੇਵਾ ਖੰਡੂਰ ਸਾਹਿਬ, ਮੈਨੇਜਰ ਸ. ਸਤਿੰਦਰ ਸਿੰਘ, ਵਧੀਕ ਮੈਨੇਜਰ ਸ. ਬਲਜੀਤ ਸਿੰਘ, ਸੁਪਰਵਾਈਜ਼ਰ ਸ. ਪ੍ਰਗਟ ਸਿੰਘ, ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ, ਸਹਿਜ ਪਾਠ ਸੇਵਾ ਸੰਸਥਾ ਤੋਂ ਭਾਈ ਰਾਜਪਾਲ ਸਿੰਘ, ਭਾਈ ਦਿਲਬਾਗ ਸਿੰਘ, ਪ੍ਰਚਾਰਕ ਭਾਈ ਜੱਜ ਸਿੰਘ, ਭਾਈ ਹਰਪ੍ਰੀਤ ਸਿੰਘ, ਭਾਈ ਜਸਪਾਲ ਸਿੰਘ, ਭਾਈ ਗੁਰਭੇਜ ਸਿੰਘ ਸਮੇਤ ਸੰਗਤਾਂ ਹਾਜ਼ਰ ਸਨ।