ਅੰਮ੍ਰਿਤਸਰ- ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ ਤੋ ਪਰਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਾਰਤ ਸਰਕਾਰ ਨੂੰ ਕਿਹਾ ਹੈ ਕਿ ਹੁਣ ਸ੍ਰੀ ਕਰਤਾਰਪੁਰ ਲਾਂਘਾ ਖੋਹਲ ਦੇਣਾ ਚਾਹੀਦਾ ਹੈ। ਅਟਾਰੀ ਸਰਹੱਦ ਤੇ ਪੱਤਰਕਾਰਾਂ ਨਾਲ ਕਲ ਕਰਦਿਆਂ ਗਿਆਨੀ ਗੜਗੱਜ ਨੇ ਕਿਹਾ ਕਿ ਮਨੁਖੀ ਅਧਿਕਾਰਾਂ ਦੇ ਰਾਖੇ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਆ ਰਹੇ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਤੇ ਭਾਰਤ ਸਰਕਾਰ ਸਿੱਖ ਯਾਤਰੀਆਂ ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਕਰਨ ਲਈ ਖੁਲ ਦੇਵੇ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਸਿੱਖਾਂ ਦੇ ਜਜਬਾਤਾਂ ਨਾਲ ਜੁੜਿਆ ਹੋਇਆ ਹੈ। ਜਥੇਦਾਰ ਨੇ ਕਿਹਾ ਕਿ ਪਾਕਿਸਤਾਨ ਅੰਦਰ ਡੇਢ ਲੱਖ ਏਕੜ ਸਿੱਖਾਂ ਦੀ ਜਮੀਨ ਹੈ ਤੇ ਜੇਕਰ ਸਿੱਖ ਸਮੇ ਸਮੇ ਤੇ ਪਾਕਿਸਤਾਨ ਆਉਦੇ ਜਾਂਦੇ ਰਹਿਣਗੇ ਤਾਂ ਜਮੀਨਾਂ ਦੀ ਵੀ ਦੇਖਭਾਲ ਹੁੰਦੀ ਰਹੇਗੀ। ਪਾਕਿਸਤਾਨ ਸਰਕਾਰ , ਲਹਿੰਦੇ ਪੰਜਾਬ ਦੀ ਸਰਕਾਰ ਤੇ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵਲੋ ਸਿੱਖ ਯਾਤਰੀਆਂ ਲਈ ਕੀਤੇ ਪ੍ਰਬੰਧਾਂ ਤੋ ਗਦਗਦ ਜਥੇਦਾਰ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਸਿੱਖ ਯਾਤਰੀਆਂ ਦੀ ਰਿਹਾਇਸ਼ , ਆਵਾਜਾਈ ਤੇ ਹੋਰ ਹਰ ਪ੍ਰਕਾਰ ਦੇ ਪੁਖਤਾ ਪ੍ਰਬੰਧ ਕੀਤੇ ਸਨ ਜੋ ਲਾਮਿਸਾਲ ਹਨ। ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸ੍ਰ ਰਮੇਸ਼ ਸਿੰਘ ਅਰੋੜਾ ਦੀ ਤਾਰੀਫ ਕਰਦਿਆਂ ਜਥੇਦਾਰ ਨੇ ਕਿਹਾ ਕਿ ਉਹ ਦਿਨ ਰਾਤ ਮਿਹਨਤ ਕਰਕੇ ਗੁਰਦਵਾਰਾ ਪ੍ਰਬੰਧ ਸੁਚਾਰੂ ਢੰਗ ਨਾਲ ਚਲਾ ਰਹੇ ਹਨ ਤੇ ਉਨਾਂ ਦੀ ਅਗਵਾਈ ਹੇਠ ਹੀ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਲਹਿੰਦੇ ਪੰਜਾਬ ਦੀ ਸਰਕਾਰ ਦੀ ਮਦਦ ਨਾਲ 17 ਹੋਰ ਗੁਰੂ ਘਰ ਸੰਗਤਾਂ ਲਈ ਖੋਹਲਣ ਜਾ ਰਹੀ ਹੈ। ਉਨਾਂ ਕਿਹਾ ਕਿ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਵੱਡਾ ਭਰਾ ਮੰਨਦੀ ਹੈ। ਉਨਾਂ ਪਾਕਿਸਤਾਨੀ ਸਿੱਖਾਂ ਲਈ ਵੀਜੇ ਜਾਰੀ ਕਰਨ ਦੀ ਭਾਰਤ ਸਰਕਾਰ ਪਾਸੋ ਮੰਗ ਕੀਤੀ ਤਾਂ ਕਿ ਪਾਕਿਸਤਾਨੀ ਸਿੱਖ ਵੀ ਸ੍ਰੀ ਦਰਬਾਰ ਸਾਹਿਬ ਤੇ ਪੰਜ ਤਖ਼ਤ ਸਾਹਿਾਨ ਦੇ ਦਰ਼ਸਨ ਦੀਦਾਰ ਕਰ ਸਕਣ।