ਚੰਡੀਗੜ੍ਹ-ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਅਤੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਦੋ ਸਿੱਖ ਬੱਚਿਆਂ ਦੇ ਕੇਸਾਂ (ਜੂੜਿਆਂ) ਦਾ ਮਜ਼ਾਕ ਉਡਾਉਣ ਦੀ ਘਟਨਾ 'ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵੜਿੰਗ ਦੀ ਇਸ ਹਰਕਤ ਨੇ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ ਅਤੇ ਇਸ ਲਈ ਉਨ੍ਹਾਂ ਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ ਹੈ।
ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਰਾਜਾ ਵੜਿੰਗ ਦੀ ਵਾਇਰਲ ਵੀਡੀਓ 'ਤੇ ਸਿੱਧਾ ਹਮਲਾ ਬੋਲਦਿਆਂ ਪੁੱਛਿਆ ਕਿ ਆਖਿਰ ਕਾਂਗਰਸ ਦੇ ਪੰਜਾਬ ਪ੍ਰਧਾਨ ਨੂੰ ਸਿੱਖਾਂ ਤੋਂ ਕੀ ਸਮੱਸਿਆ ਹੈ? ਉਨ੍ਹਾਂ ਕਿਹਾ ਕਿ ਹਰ ਰੋਜ਼ ਹੀ ਕਾਂਗਰਸ ਵੱਲੋਂ ਸਿੱਖਾਂ, ਗੁਰੂ ਸਾਹਿਬਾਨਾਂ ਜਾਂ ਬੂਟਾ ਸਿੰਘ ਵਰਗੇ ਵੱਡੇ ਆਗੂਆਂ ਬਾਰੇ ਕੋਈ ਨਾ ਕੋਈ ਅਜਿਹਾ ਬਿਆਨ ਜਾਂ ਹਰਕਤ ਕੀਤੀ ਜਾਂਦੀ ਹੈ, ਜਿਸ ਨਾਲ ਸਿੱਖ ਹਿਰਦਿਆਂ ਨੂੰ ਡੂੰਘੀ ਸੱਟ ਵੱਜਦੀ ਹੈ। ਕੰਗ ਨੇ ਕਿਹਾ ਕਿ ਅੱਜ ਜਿਸ ਤਰ੍ਹਾਂ ਰਾਜਾ ਵੜਿੰਗ ਨੇ ਦੋ ਸਿੱਖ ਬੱਚਿਆਂ ਦੇ ਜੂੜਿਆਂ ਦਾ ਜਨਤਕ ਤੌਰ 'ਤੇ ਮਜ਼ਾਕ ਉਡਾਇਆ ਹੈ, ਉਹ ਬਰਦਾਸ਼ਤ ਤੋਂ ਬਾਹਰ ਹੈ। ਉਨ੍ਹਾਂ ਯਾਦ ਦਿਵਾਇਆ ਕਿ ਇਹ ਜੂੜੇ ਅਤੇ ਕੇਸ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਹੋਏ ਪਵਿੱਤਰ ਕਕਾਰ ਹਨ।
ਉਨ੍ਹਾਂ ਅੱਗੇ ਕਿਹਾ ਕਿ ਇੱਕ ਪਾਸੇ ਵੜਿੰਗ ਕਹਿੰਦੇ ਹਨ ਕਿ ਉਨ੍ਹਾਂ ਦੇ ਘਰ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਅਤੇ ਉਹ ਗੁਰੂ ਦੇ ਸਿੱਖ ਹਨ, ਪਰ ਦੂਜੇ ਪਾਸੇ ਉਨ੍ਹਾਂ ਦੀ ਮਾਨਸਿਕਤਾ ਸਿੱਖ ਵਿਰੋਧੀ ਨਜ਼ਰ ਆਉਂਦੀ ਹੈ। ਗਲਤੀ ਇੱਕ ਵਾਰ ਹੋ ਸਕਦੀ ਹੈ, ਪਰ ਹਰ ਰੋਜ਼ ਅਜਿਹੀਆਂ ਹਰਕਤਾਂ ਕਰਨਾ ਸਾਬਤ ਕਰਦਾ ਹੈ ਕਿ ਉਨ੍ਹਾਂ ਦੇ ਮਨ ਵਿੱਚ ਸਿੱਖ ਪੰਥ ਲਈ ਨਫ਼ਰਤ ਭਰੀ ਹੋਈ ਹੈ, ਜਿਸਦਾ ਸ਼ਿਕਾਰ ਹੁਣ ਛੋਟੇ ਬੱਚੇ ਵੀ ਹੋ ਰਹੇ ਹਨ। ਕੰਗ ਨੇ ਚਿਤਾਵਨੀ ਦਿੱਤੀ ਕਿ ਸਿੱਖ ਕੌਮ ਕਕਾਰਾਂ ਦਾ ਮਜ਼ਾਕ ਉਡਾਉਣ ਵਾਲਿਆਂ ਨੂੰ ਕਦੇ ਮੁਆਫ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪਿਛਲੇ ਪੰਜ ਦਹਾਕਿਆਂ ਤੋਂ ਆਪਣੀ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੀ ਆ ਰਹੀ ਹੈ, ਪਰ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕ ਇਸਦਾ ਮੂੰਹ-ਤੋੜ ਜਵਾਬ ਦੇਣਗੇ ਅਤੇ ਸਬਕ ਸਿਖਾਉਣਗੇ।
ਇਸੇ ਦੌਰਾਨ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਸਿੱਖਾਂ ਨੇ ਪੂਰੀ ਦੁਨੀਆ ਵਿੱਚ ਆਪਣੇ ਕੇਸਾਂ ਅਤੇ ਕਕਾਰਾਂ ਨਾਲ ਹੀ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਚਾਹੇ ਉਹ ਵਿਦੇਸ਼ਾਂ ਦੀਆਂ ਫੌਜਾਂ ਹੋਣ ਜਾਂ ਪੁਲਿਸ ਬਲ, ਹਰ ਜਗ੍ਹਾ ਸਿੱਖਾਂ ਦੀ ਪਛਾਣ ਉਨ੍ਹਾਂ ਦੇ ਕੇਸਾਂ ਤੋਂ ਹੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਕੱਲ੍ਹ ਰਾਜਾ ਵੜਿੰਗ ਨੇ ਜਿਸ ਤਰ੍ਹਾਂ ਦੋ ਬੱਚਿਆਂ ਦੇ ਸਿਰ 'ਤੇ ਹੱਥ ਰੱਖ ਕੇ, ਉਨ੍ਹਾਂ ਦੇ ਕੇਸਾਂ ਨੂੰ ਫੜ ਕੇ ਅਜੀਬ ਜਿਹੀਆਂ ਹਰਕਤਾਂ ਕੀਤੀਆਂ ਹਨ, ਉਹ ਬਹੁਤ ਹੀ ਨਿੰਦਣਯੋਗ ਹੈ।
ਡਾ. ਨਿੱਜਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਕਿ ਉਹ ਇਸ ਘਟਨਾ ਦਾ ਗੰਭੀਰ ਨੋਟਿਸ ਲੈਣ। ਉਨ੍ਹਾਂ ਅਰਦਾਸ ਕੀਤੀ ਕਿ ਭਵਿੱਖ ਵਿੱਚ ਅਜਿਹੀਆਂ ਸ਼ਰਮਨਾਕ ਹਰਕਤਾਂ ਦੁਬਾਰਾ ਨਾ ਹੋਣ। ਇਸ ਦੇ ਨਾਲ ਹੀ ਉਨ੍ਹਾਂ ਸਮੁੱਚੀ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਰਾਜਾ ਵੜਿੰਗ ਇਸ ਗਲਤੀ ਲਈ ਜਨਤਕ ਮੁਆਫੀ ਨਹੀਂ ਮੰਗਦੇ ਅਤੇ ਅਕਾਲ ਤਖ਼ਤ ਸਾਹਿਬ ਉਨ੍ਹਾਂ ਨੂੰ ਮੁਆਫ ਨਹੀਂ ਕਰਦੇ, ਉਦੋਂ ਤੱਕ ਉਨ੍ਹਾਂ ਦਾ ਮੁਕੰਮਲ ਸਮਾਜਿਕ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ।