ਨਵੀਂ ਦਿੱਲੀ -ਦਿੱਲੀ ਗੁਰਦੁਆਰਾ ਕਮੇਟੀ ਦਾ ਜੋ ਮੌਜੂਦਾ ਦੌਰ ਚਲ ਰਿਹਾ ਹੈ ਸਿੱਖ ਇਤਿਹਾਸ ਵਿਚ ਓਸ ਤੋਂ ਬੁਰਾ ਦੌਰ ਕੌਈ ਦੇਖਣ ਪੜਨ ਨੂੰ ਨਹੀਂ ਮਿਲ਼ ਰਿਹਾ ਹੈ ਕਿਉਕਿ ਇਸ ਤੇ ਕਾਬਿਜ ਪ੍ਰਬੰਧਕਾਂ ਨੇ ਸਭ ਕੁਝ ਸਰਕਾਰ ਦੇ ਅਧੀਨ ਕਰ ਦਿੱਤਾ ਹੈ ਜਿਸ ਬਾਰੇ ਹਰਮੀਤ ਸਿੰਘ ਕਾਲਕਾ ਨੇ ਬੀਤੇ ਦਿਨੀਂ ਇਕ ਪ੍ਰੈਸ ਕਾਨਫਰੰਸ ਵਿਚ ਆਪਣੇ ਮੂੰਹ ਤੋਂ ਇਸ ਗੱਲ ਨੂੰ ਕਬੂਲ ਕੀਤਾ ਸੀ । ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ, ਦਿੱਲੀ ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਕੋ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਭਾਈ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਸਿੱਖ ਪੰਥ ਲਈ ਇਸ ਤੋਂ ਵਡੀ ਨਮੋਸ਼ੀ ਦੀ ਗੱਲ ਨਹੀਂ ਕਿ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਦੀ ਨਾਕਾਬਲੀਅਤ ਕਰਕੇ ਕਮੇਟੀ ਅਧੀਨ ਚਲ ਰਹੇ ਕੁਝ ਆਈ ਟੀ ਆਈ ਕਾਲਜ ਬੰਦ ਹੋ ਗਏ ਹਨ ਤੇ ਕਈ ਸਕੂਲਾਂ ਦੇ ਹਾਲਾਤ ਵੀਂ ਇੰਨ੍ਹਾ ਦੇ ਨੇੜੇ ਤੇੜੇ ਪਹੁੰਚ ਚੁੱਕੇ ਹਨ । ਕਮੇਟੀ ਅਧੀਨ ਚਲ ਰਹੇ ਕਾਲਜਾਂ ਵਿਚ 2024 ਤੋਂ 2028 ਅਤੇ 2025 ਤੋਂ 2029 ਤਕ ਦੇ ਸੈਸ਼ਨਾਂ ਵਿਚ ਮਿਲੀਆਂ ਅਲਾਟਮੈਂਟਾਂ ਦੇ ਮੁਕਾਬਲੇ ਉਂਗਲਾਂ ਤੇ ਗਿਣਤੀ ਕੀਤੇ ਜਾਣ ਵਾਲੇ ਬੱਚਿਆਂ ਨੇ ਕਾਲਜਾਂ ਵਿਚ ਦਾਖਲਾ ਲੈ ਕੇ ਇੰਨ੍ਹਾ ਦੀ ਪ੍ਰਬੰਧਕੀ ਕਾਬਲੀਅਤ ਉਪਰ ਸੁਆਲ ਚੁੱਕੇ ਹਨ । ਗੁਰਦੁਆਰਾ ਕਮੇਟੀ ਉਪਰ ਭਾਰੀ ਭਰਕਮ ਕਰਜਾ ਚੜਿਆ ਹੋਇਆ ਹੈ ਜੋ ਘਟਣ ਦੀ ਥਾਂ ਹੋਰ ਵੱਧ ਰਿਹਾ ਹੈ । ਕਮੇਟੀ ਪ੍ਰਬੰਧਕਾਂ ਉਪਰ ਅਣਗਿਣਤ ਅਦਾਲਤੀ ਕੇਸ ਚਲ ਰਹੇ ਹਨ ਜਿਸ ਕਰਕੇ ਕੌਮ ਦਾ ਵੱਡਾ ਸਰਮਾਇਆ ਵਕੀਲਾਂ ਉਪਰ ਖਰਚਿਆ ਜਾ ਰਿਹਾ ਹੈ । ਪੰਥ ਦਾ ਕੌਈ ਗੰਭੀਰ ਮਸਲਾ ਇੰਨ੍ਹਾ ਦੀ ਪ੍ਰਬੰਧਕੀ ਅਧੀਨ ਹੱਲ ਨਹੀਂ ਹੋ ਸਕਿਆ ਹੈ ਜਿਨ੍ਹਾਂ ਵਿੱਚੋਂ ਇਕ ਮੁੱਖ ਮਸਲਾ ਬੰਦੀ ਸਿੰਘਾਂ ਦੀ ਰਿਹਾਈ ਦਾ ਸੀ ਜਿਸ ਲਈ ਕਮੇਟੀ ਪ੍ਰਧਾਨ ਨੇ ਹਰ ਹੀਲਾ ਵਰਤ ਕੇ ਐਸਜੀਪੀਸੀ ਵਲੋਂ ਬਣਾਈ ਕਮੇਟੀ ਵਿਚ ਆਪਣਾ ਨਾਮ ਇਹ ਕਹਿ ਕੇ ਲਿਖਵਾਇਆ ਸੀ ਕਿ ਸਰਕਾਰੇ ਦਰਬਾਰੇ ਵਿਚ ਸਾਡੀ ਗੱਲਬਾਤ ਹੈ ਤੇ ਅਸੀਂ ਇਸ ਨੂੰ ਸੁਲਝਾਵਾਂਗੇ ਪਰ ਇੰਨ੍ਹਾ ਦੇ ਦਾਖਿਲੇ ਮਗਰੋਂ ਕੇਂਦਰ ਸਰਕਾਰ ਨੇ ਇਸ ਮਸਲੇ ਤੇ ਐਸਜੀਪੀਸੀ ਪ੍ਰਬੰਧਕਾਂ ਨੂੰ ਮਿਲਣ ਅਤੇ ਉਨ੍ਹਾਂ ਵਲੋਂ ਲਿਖੇ ਗਏ ਪੱਤਰਾ ਦਾ ਜੁਆਬ ਤਕ ਨਹੀਂ ਦਿੱਤਾ ਜਿਸ ਨਾਲ ਇਹ ਪ੍ਰਬੰਧਕ ਕਿਤਨੀ ਸੰਜੀਦਗੀ ਨਾਲ ਕਿਨ੍ਹਾ ਲਈ ਕੰਮ ਕਰ ਰਹੇ ਹਨ ਸੰਗਤਾਂ ਆਪ ਭਲੀ ਭਾਂਤ ਜਾਣੂ ਹੋ ਚੁਕੀਆਂ ਹਨ, ਤੇ ਹਰਮੀਤ ਸਿੰਘ ਕਾਲਕਾ ਵੀਂ ਆਪਣੇ ਮੂੰਹ ਤੋਂ ਦਸ ਚੁੱਕੇ ਹਨ । ਅੰਤ ਵਿਚ ਉਨ੍ਹਾਂ ਕਿਹਾ ਕਿ ਸਾਡੀ ਤੁਹਾਨੂੰ ਸਲਾਹ ਹੈ ਕਿ ਕਮੇਟੀ ਦਾ ਸਰਮਾਇਆ ਬਹੁਤ ਘਾਲਣਾ ਤੋਂ ਬਾਅਦ ਹੋਂਦ ਵਿਚ ਆਇਆ ਹੈ ਜਿਸ ਨੂੰ ਤੁਹਾਡੇ ਵਰਗੇ ਨਾਕਾਬਿਲ ਪ੍ਰਬੰਧਕ ਸੰਭਾਲਣ ਵਿਚ ਨਾਕਾਮਯਾਬ ਹਨ ਇਸ ਲਈ ਤੁਰੰਤ ਆਪਣੇ ਉਹਦਿਆ ਤੋਂ ਅਸਤੀਫ਼ਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਦਾ ਪ੍ਰਬੰਧਨ ਦਿੱਤਾ ਜਾਏ ਜੋ ਕਿ ਆਪਣੇ ਤਜੁਰਬੇਆਂ ਨਾਲ ਮੁੜ ਤੋਂ ਇੰਨ੍ਹਾ ਨੂੰ ਲੀਹਾ ਤੇ ਵਾਪਿਸ ਲੈ ਕੇ ਆਏ ਅਤੇ ਸਿੱਖ ਪੰਥ ਦਾ ਉੱਜੜ ਰਿਹਾ ਸਰਮਾਇਆ ਬਚਾਇਆ ਜਾ ਸਕੇ ।