ਸ੍ਰੀ ਅਨੰਦਪੁਰ ਸਾਹਿਬ- ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਉਨ੍ਹਾਂ ਨਾਲ ਸ਼ਹੀਦ ਅਨਿੰਨ ਗੁਰਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਹੇਠ ਗੁਰਦੁਆਰਾ ਗੁਰੂ ਕਾ ਬਾਗ਼ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਤੋਂ ਪੁਰਾਤਨ ਰਵਾਇਤ ਮੁਤਾਬਕ ਮਹੱਲਾ ਸਜਾਇਆ ਗਿਆ। ਸ੍ਰੀ ਦਸਮ ਗ੍ਰੰਥ ਅਤੇ ਸਰਬਲੋਹ ਗ੍ਰੰਥਾਂ ਦੇ ਅਖੰਡ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਗੁਰਬਾਣੀ ਦੇ ਮਨੋਹਰ ਕੀਰਤਨ ਹੋਏ। ਕਥਾਵਾਚਕਾਂ, ਗਿਆਨੀਆਂ, ਪ੍ਰਚਾਰਕਾਂ ਅਤੇ ਢਾਡੀ ਕਵੀਸਰਾਂ ਨੇ ਸਿੱਖ ਇਤਿਹਾਸ ਤੇ ਦੀ ਮਹਿਮਾ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਅਖੰਡ ਪਾਠ ਦੇ ਭੋਗ ਮੌਕੇ ਪੁੱਜੀਆਂ ਧਾਰਮਿਕ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ। ਉਪਰੰਤ ਛਾਉਣੀ ਬੁੱਢਾ ਦਲ ਗੁਰੂੁ ਕੇ ਬਾਗ ਤੋਂ ਮਹੱਲੇ ਦੀ ਅਰੰਭਤਾ ਹੋਈ। ਜਿਸ ‘ਚ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਾਬਾ ਕਲੁਦੀਪ ਸਿੰਘ ਗੜਗੱਜ, ਬਾਬਾ ਅਵਤਾਰ ਸਿੰਘ ਤਰਨਾ ਦਲ ਸੰਪਰਦਾ ਬਾਬਾ ਬਿਧੀ ਚੰਦ ਸੁਰਸਿੰਘ, ਬਾਬਾ ਜੋਗਾ ਸਿੰਘ ਮੁਖੀ ਤਰਨਾਦਲ ਮਿਸਲ ਸ਼ਹੀਦਾਂ ਬਾਬਾ ਬਕਾਲਾ, ਬਾਬਾ ਨਿਹਾਲ ਸਿੰਘ ਮੁਖੀ ਮਿਸਲ ਸ਼ਹੀਦਾਂ ਤਰਨਾਂ ਦਲ ਹਰੀਆਂ ਵੇਲਾਂ ਵੱਲੋਂ ਬਾਬਾ ਨਾਗਰ ਸਿੰਘ, ਜਥੇ ਬਾਬਾ ਬਲਵਿੰਦਰ ਸਿੰਘ ਮਹਿਤਾ ਚੌਕ ਆਦਿ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿਚ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘ ਆਪਣੇ-ਆਪਣੇ ਦਲਾਂ ਬਲਾਂ ਸਮੇਤ ਸ਼ਾਮਿਲ ਹੋਏ। ਗੁ: ਗੁਰੂ ਕਾ ਬਾਗ ਛਾਉਣੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਤੋਂ ਅਰੰਭ ਹੋ ਕੇ ਨਵੀਂ ਆਬਾਦੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗੁ: ਭੋਰਾ ਸਾਹਿਬ, ਗੁ: ਸੀਸ ਗੰਜ ਸਾਹਿਬ ਵਿਖੇ ਸੰਪੂਰਨ ਹੋਇਆ। ਨਿਹੰਗ ਸਿੰਘਾਂ ਦੇ ਮੁਖੀ ਸਿੱਖ ਰਵਾਇਤੀ ਬਾਣਿਆਂ, ਸ਼ਸਤਰਾਂ, ਘੋੜਿਆਂ, ਹਾਥੀਆਂ, ‘ਤੇ ਸਵਾਰ ਹੋ ਕੇ ਪਹੁੰਚੇ। ਰਸਤੇ ਵਿੱਚ ਵੱਖ ਸੰਗਤਾਂ ਸੰਪਰਦਾਵਾਂ ਨੇ ਸਿੰਘਾਂ ਦੇ ਸਵਾਗਤ ਲਈ ਠੰਡੇ ਮਿੱਠੇ ਜਲ ਅਤੇ ਫੱਲਾਂ ਦੇ ਲੰਗਰ ਲਗਾਏ ਹੋਏ ਸਨ। ਜਿਥੇ ਨਿਹੰਗ ਸਿੰਘਾਂ ਨੇ ਸੰਗਤਾਂ ਦੇ ਲਾ ਮਿਸਾਲ ਇਕੱਠ ਨੂੰ ਘੌੜ ਸਵਾਰੀ, ਨੇਜੇਬਾਜ਼ੀ, ਗਤਕੇਬਾਜ਼ੀ ਆਦਿ ਦਾ ਜੰਗਜੂ ਜੋਹਰ ਦਿਖਾਏ। ਮਹੱਲੇ ਵਿੱਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਵਿਸ਼ੇਸ਼ ਤੌਰ ਤੇ ਹਾਥੀਆਂ, ਊਠਾਂ ਦਾ ਕਾਫਲਾ ਸ਼ਾਮਲ ਸੀ।ਮਹੱਲੇ ਵਿੱਚ ਨਿਹੰਗ ਸਿੰਘ ਦਲਾਂ ਦੇ ਮੁਖੀ ਤੇ ਵੱਡੀ ਗਿਣਤੀ ਵਿੱਚ ਨਿਹੰਗ ਸਿੰਘ ਫੌਜਾਂ ਨੇ ਸੁੰਦਰ ਦੁਮਾਲਿਆਂ ਤੇ ਚੱਕ੍ਰ, ਖੰਡੇ, ਚੰਦ, ਗੁਰਜ, ਸ਼ਿੰਗਾਰ, ਬਾਗਨਖਾ ਸਜਾਈ, ਛੋਟੀਆਂ ਵੱਡੀਆਂ ਕਿਰਪਾਨਾਂ ਪਹਿਨੀ, ਤੇ ਲੱਕ ਪਿਛੇ ਢਾਲਾਂ ਸਜਾਏ ਹੱਥਾਂ ਵਿੱਚ ਨੇਜੇ, ਖੰਡੇ ਫੜੀ, ਨੀਲਿਆਂ ਕੇਸਰੀ ਬਾਣਿਆਂ ਵਿਚ ਤਿਆਰ ਬਰ ਤਿਆਰ ਸ਼ਸਤਰਧਾਰੀ ਹੋ ਕੇ ਜੰਗੀ ਮਾਹੌਲ ਦਾ ਦ੍ਰਿਸ਼ ਪੇਸ਼ ਕਰ ਰਹੇ ਸਨ।ਬੈਡ ਵਾਜਿਆਂ ਦੀਆਂ ਸੁੰਦਰ ਧੁੰਨਾਂ, ਢੋਲ ਨਗਾਰਿਆਂ ਦੀਆਂ ਚੋਟਾਂ ਤੇ ਨਰਸਿੰਙੇ ਵਜਾਉਂਦੇ ਨਿਹੰਗ ਸਿੰਘਾਂ ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਹਾਜ਼ਰ ਹੋਏ।
ਇਸ ਸਮੇਂ ਬਾਬਾ ਇੰਦਰ ਸਿੰਘ, ਸ. ਇੰਦਰਪਾਲ ਸਿੰਘ ਫੋਜੀ, ਬਾਬਾ ਮਲੂਕ ਸਿੰਘ ਲਾਡੀ, ਬਾਬਾ ਗੁਰਮੁਖ ਸਿੰਘ, ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਬਾਬਾ ਸੁਖਦੇਵ ਸਿੰਘ ਸੁੱਖਾ, ਬਾਬਾ ਬਲਦੇਵ ਸਿੰਘ ਢੋਡੀਵਿੰਡ, ਬਾਬਾ ਮੱਘਰ ਸਿੰਘ, ਬਾਬਾ ਸੁਖਵਿੰਦਰ ਸਿੰਘ ਮੌਰ, ਬਾਬਾ ਸਰਵਣ ਸਿੰਘ ਮਝੈਲ ਰਾਜਪੁਰਾ, ਬਾਬਾ ਵਿਸ਼ਵਪ੍ਰਤਾਪ ਸਿੰਘ ਸਮਾਣਾ, ਬਾਬਾ ਰਣਯੋਧ ਸਿੰਘ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਜਸਬੀਰ ਸਿੰਘ, ਬਾਬਾ ਜੋਗਾ ਸਿੰਘ ਹਨੂੰਮਾਨਗੜ੍ਹ, ਬਾਬਾ ਬੂਟਾ ਸਿੰਘ ਲੰਬਵਾਲੀ, ਬਾਬਾ ਗਗਨਦੀਪ ਸਿੰਘ, ਬਾਬਾ ਖੜਕ ਸਿੰਘ, ਬਾਬਾ ਚਰਨ ਸਿੰਘ ਆਦਿ ਹਾਜ਼ਰ ਸਨ।