ਐਸਏਐਸ ਨਗਰ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਇੱਕ ਵੱਡੀ ਸਫਲਤਾ ਵਿੱਚ ਪੰਜਾਬ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਐਸ.ਏ.ਐਸ. ਨਗਰ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਅੱਜ ਦੁਪਹਿਰ ਲਾਰੈਂਸ ਬਿਸ਼ਨੋਈ ਗੈਂਗ ਦੇ ਵਿਦੇਸ਼ ਅਧਾਰਤ ਗੈਂਗਸਟਰ ਗੋਲਡੀ ਢਿੱਲੋਂ ਦੇ ਚਾਰ ਕਾਰਕੁਨਾਂ ਨੂੰ ਡੇਰਾ ਬੱਸੀ-ਅੰਬਾਲਾ ਹਾਈਵੇਅ 'ਤੇ ਸਟੀਲ ਸਟ੍ਰਿਪਸ ਟਾਵਰਾਂ ਨੇੜੇ ਹੋਈ ਦੋ ਤਰਫ਼ਾ ਗੋਲੀਬਾਰੀ ਤੋਂ ਬਾਅਦ ਗ੍ਰਿਫ਼ਤਾਰ ਕਰਕੇ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਹਰਵਿੰਦਰ ਸਿੰਘ ਉਰਫ਼ ਭੋਲਾ ਉਰਫ਼ ਹਨੀ ਅਤੇ ਲਖਵਿੰਦਰ ਸਿੰਘ, ਦੋਵੇਂ ਵਾਸੀ ਢਕਾਂਸੂ ਕਲਾਂ, ਰਾਜਪੁਰਾ, ਪਟਿਆਲਾ ਅਤੇ ਮੁਹੰਮਦ ਸਮੀਰ ਅਤੇ ਰੋਹਿਤ ਸ਼ਰਮਾ, ਦੋਵੇਂ ਵਾਸੀ ਰਾਜਪੁਰਾ, ਪਟਿਆਲਾ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 70 ਜ਼ਿੰਦਾ ਕਾਰਤੂਸਾਂ ਸਮੇਤ ਸੱਤ .32 ਕੈਲੀਬਰ ਪਿਸਤੌਲ ਵੀ ਬਰਾਮਦ ਕੀਤੇ ਹਨ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਆਪਣੇ ਵਿਦੇਸ਼ੀ ਹੈਂਡਲਰ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ ਅਤੇ ਟ੍ਰਾਈਸਿਟੀ ਅਤੇ ਪਟਿਆਲਾ ਖੇਤਰ ਵਿੱਚ ਮਿੱਥ ਕੇ ਹਮਲੇ ਕਰਨ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।
ਇਸ ਕਾਰਵਾਈ ਸਬੰਧੀ ਵੇਰਵੇ ਦਿੰਦਿਆਂ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਏਜੀਟੀਐਫ, ਪ੍ਰਮੋਦ ਬਾਨ ਨੇ ਕਿਹਾ ਕਿ ਡੇਰਾ ਬੱਸੀ-ਅੰਬਾਲਾ ਹਾਈਵੇਅ ਨਾਲ ਲੱਗਦੇ ਘਰ ਵਿੱਚ ਕਾਰਕੁਨਾਂ ਦੀ ਮੌਜੂਦਗੀ ਬਾਰੇ ਜਾਣਕਾਰੀ ਪ੍ਰਾਪਤ ਹੋਈ ਸੀ। ਇਸ ‘ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਏਜੀਟੀਐਫ ਅਤੇ ਐਸਏਐਸ ਨਗਰ ਪੁਲਿਸ ਦੀਆਂ ਸਾਂਝੀਆਂ ਪੁਲਿਸ ਟੀਮਾਂ ਨੇ ਇਲਾਕੇ ਨੂੰ ਘੇਰਾ ਪਾ ਲਿਆ।
ਏਡੀਜੀਪੀ ਨੇ ਕਿਹਾ ਕਿ ਇਸ ਕਾਰਵਾਈ ਦੌਰਾਨ ਜਦੋਂ ਟੀਮਾਂ ਨੇ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਤਾਂ ਸ਼ੱਕੀਆਂ ਨੇ ਪੁਲਿਸ ਪਾਰਟੀ 'ਤੇ ਗੋਲੀਬਾਰੀ ਕਰ ਦਿੱਤੀ, ਇਸ ਦੌਰਾਨ ਗੋਲੀਆਂ ਹੌਲਦਾਰ ਗਗਨਦੀਪ ਸਿੰਘ ਅਤੇ ਸਿਪਾਹੀ ਗੁਲਾਬ ਸਿੰਘ ਦੀਆਂ ਬੁਲੇਟਪਰੂਫ ਜੈਕਟਾਂ 'ਤੇ ਲੱਗੀਆਂ। ਏਡੀਜੀਪੀ ਨੇ ਕਿਹਾ ਕਿ ਜਵਾਬੀ ਗੋਲੀਬਾਰੀ ਵਿੱਚ, ਸ਼ੱਕੀ ਹਰਵਿੰਦਰ ਸਿੰਘ ਉਰਫ਼ ਭੋਲਾ ਅਤੇ ਮੁਹੰਮਦ ਸਮੀਰ ਨੂੰ ਵੀ ਗੋਲੀਆਂ ਲੱਗੀਆਂ ਅਤੇ ਉਹਨਾਂ ਨੂੰ ਹੋਰਨਾਂ ਦੋਵੇਂ ਮੁਲਜ਼ਮਾਂ ਸਮੇਤ ਕਾਬੂ ਕਰ ਲਿਆ ਗਿਆ।
ਮੌਕਾ ਦੇਖਣ ਪਹੁੰਚੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਐਸਏਐਸ ਨਗਰ ਹਰਮਨਦੀਪ ਹੰਸ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਚਾਰੋਂ ਮੁਲਜ਼ਮਾਂ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ। ਉਨ੍ਹਾਂ ਕਿਹਾ ਕਿ ਇਸ ਮਾਡਿਊਲ ਦੇ ਹੋਰ ਕਾਰਕੁਨਾਂ ਦੀ ਪਛਾਣ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ ਅਤੇ ਆਗਾਮੀ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।
ਇਸ ਸਬੰਧੀ ਕੇਸ ਥਾਣਾ ਡੇਰਾਬੱਸੀ ਵਿਖੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਅਤੇ ਅਸਲਾ ਐਕਟ ਦੀਆਂ ਸਬੰਧਿਤ ਧਾਰਾਵਾਂ ਤਹਿਤ ਐਫਆਈਆਰ ਨੰਬਰ 345 ਮਿਤੀ 26.11.2025 ਨੂੰ ਦਰਜ ਕੀਤਾ ਗਿਆ ਹੈ।