ਚੰਡੀਗੜ੍ਹ- ਪੰਜਾਬ ਦੇ ਵਿੱਤ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਹਾਈਕਮਾਨ 'ਤੇ ਨਿਸ਼ਾਨਾ ਬਿੰਨ੍ਹਦਿਆਂ ਉਨ੍ਹਾਂ ਨੂੰ ਨਵਜੋਤ ਕੌਰ ਸਿੱਧੂ ਅਤੇ ਸੁਨੀਲ ਜਾਖੜ ਵੱਲੋਂ ਲਗਾਏ ਗਏ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਦਾ ਤੁਰੰਤ ਜਵਾਬ ਦੇਣ ਦੀ ਚੁਣੌਤੀ ਦਿੱਤੀ।
ਅੱਜ ਇੱਥੇ ਆਪਣੇ ਪਾਰਟੀ ਦੇ ਮੁੱਖ ਦਫਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, "ਮੈਂ ਕਾਂਗਰਸ ਅਤੇ ਭਾਜਪਾ ਹਾਈਕਮਾਨ ਨੂੰ ਇਹਨਾਂ ਦੋਸ਼ਾਂ ਸਬੰਧੀ ਤੁਰੰਤ ਜਵਾਬ ਦੇਣ ਦੀ ਚੁਣੌਤੀ ਦਿੰਦਾ ਹਾਂ।" ਉਨ੍ਹਾਂ ਕਾਂਗਰਸ ਅਤੇ ਭਾਜਪਾ ਹਾਈਕਮਾਨ ਨੂੰ ਸਵਾਲ ਪੁੱਛਿਆ, "ਤੁਸੀਂ ਚੁੱਪੀ ਕਿਉਂ ਸਾਧੀ ਹੋਈ ਹੈ? ਕੀ ਤੁਸੀਂ ਇਸ ਲਈ ਚੁੱਪ ਹੋ ਕਿਉਂਕਿ ਤੁਸੀਂ ਇਸ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋ? ਮੈਂ ਕਾਂਗਰਸ ਅਤੇ ਭਾਜਪਾ ਹਾਈਕਮਾਨ ਨੂੰ 24 ਘੰਟਿਆਂ ਦੇ ਅੰਦਰ ਜਵਾਬ ਦੇਣ ਦੀ ਚੁਣੌਤੀ ਦਿੰਦਾ ਹਾਂ।"
ਮੰਤਰੀ ਚੀਮਾ ਨੇ ਭਾਜਪਾ ਅਤੇ ਕਾਂਗਰਸ ਹਾਈਕਮਾਨ ਦੀ ਉਨ੍ਹਾਂ ਆਗੂਆਂ ਬਾਰੇ ਚੁੱਪੀ 'ਤੇ ਸਵਾਲ ਉਠਾਇਆ ਜਿਨ੍ਹਾਂ ਨੇ ਆਪਣੀ ਪਾਰਟੀ ਬਦਲ ਲਈ ਹੈ ਪਰ ਜਿਨ੍ਹਾਂ ਦੇ ਪਿਛਲੇ ਕੰਮਾਂ ਅਤੇ ਬਿਆਨਾਂ ਤੋਂ ਗਹਿਰੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੇ ਮੌਜੂਦਾ ਪ੍ਰਧਾਨ, ਜੋ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਸਨ, ਨੇ ਦੋ ਮੁੱਖ ਮੰਤਰੀਆਂ, ਕੈਪਟਨ ਅਮਰਿੰਦਰ ਸਿੰਘ (ਨਵਜੋਤ ਕੌਰ ਸਿੱਧੂ ਅਨੁਸਾਰ ਕਥਿਤ ਤੌਰ 'ਤੇ 500 ਕਰੋੜ ਰੁਪਏ ਦੇ ਕੇ ਮੁੱਖ ਮੰਤਰੀ ਬਣੇ) ਅਤੇ ਚਰਨਜੀਤ ਸਿੰਘ ਚੰਨੀ (ਸੁਨੀਲ ਜਾਖੜ ਦੇ ਦਾਅਵਾ ਮੁਤਾਬਕ 350 ਕਰੋੜ ਰੁਪਏ ਦੇ ਕੇ ਮੁੱਖ ਮੰਤਰੀ ਬਣੇ) ਦੇ ਕਾਰਜਕਾਲ ਦੌਰਾਨ ਸੇਵਾ ਨਿਭਾਈ ਸੀ। ਉਨ੍ਹਾਂ ਸਵਾਲ ਉਠਾਇਆ ਕਿ ਸ੍ਰੀ ਜਾਖੜ ਕਾਂਗਰਸ ਪਾਰਟੀ ਵਿੱਚ ਆਪਣੀ ਸੇਵਾਵਾਂ ਦੌਰਾਨ ਮੰਤਰੀ ਅਹੁਦੇ ਅਤੇ ਵਿਧਾਨ ਸਭਾ ਸੀਟਾਂ ਵੇਚਣ ‘ਤੇ ਚੁੱਪ ਕਿਉਂ ਰਹੇ ਅਤੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੀ ਕਿਉਂ ਬੋਲੇ। ਉਨ੍ਹਾਂ ਨੇ ਚੰਨੀ ਦੇ ਰਿਸ਼ਤੇਦਾਰ ਨਾਲ ਸਬੰਧਤ ਮਾਮਲੇ ਵੱਲ ਵੀ ਧਿਆਨ ਦਿਵਾਇਆ ਜਿਸ ਤੋਂ ਲਗਭਗ 10 ਕਰੋੜ ਰੁਪਏ ਬਰਾਮਦ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਇਹ ਮਾਮਲਾ ਅਦਾਲਤ ਵਿੱਚ ਪੈਰਵੀ ਅਧੀਨ ਹੈ।
ਵਿੱਤ ਮੰਤਰੀ ਨੇ ਦੱਸਿਆ ਕਿ 1997 ਤੋਂ 2022 ਤੱਕ ਪੰਜਾਬ 'ਤੇ ਰਾਜ ਕਰਨ ਵਾਲੀਆਂ ਪਾਰਟੀਆਂ ਦੇ ਆਗੂਆਂ ਦੇ ਚਰਿੱਤਰ ਅਤੇ ਆਚਰਣ ਨੂੰ ਹੁਣ ਉਨ੍ਹਾਂ ਦੇ ਹੀ ਆਪਣੇ ਮੈਂਬਰਾਂ ਵੱਲੋਂ ਬੇਨਕਾਬ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਨਵਜੋਤ ਕੌਰ ਸਿੱਧੂ ਵੱਲੋਂ ਹਾਲ ਹੀ ਵਿੱਚ ਕੀਤੇ ਗਏ ਖੁਲਾਸੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਿਵੇਂ ਕਾਂਗਰਸ ਸਰਕਾਰ ਵਿੱਚ ਮੁੱਖ ਮੰਤਰੀ ਦਾ ਅਹੁਦਾ ਕਥਿਤ ਤੌਰ 'ਤੇ 500 ਕਰੋੜ ਰੁਪਏ ਵਿੱਚ "ਵੇਚਿਆ" ਗਿਆ ਸੀ। ਐਡਵੋਕੇਟ ਚੀਮਾ ਨੇ ਅੰਦਾਜ਼ਾ ਲਗਾਇਆ ਕਿ ਕਾਂਗਰਸ ਦੇ ਮੁੱਖ ਮੰਤਰੀਆਂ ਨੇ ਲਗਭਗ 2, 000 ਕਰੋੜ ਰੁਪਏ ਖਰਚ ਕੀਤੇ ਹੋਣਗੇ, ਜਿਸ ਦੇ ਨਤੀਜੇ ਵਜੋਂ ਪੰਜਾਬ ਦੇ ਲੋਕਾਂ ਦੀ 30, 000 ਕਰੋੜ ਰੁਪਏ ਦੀ ਲੁੱਟ ਕੀਤੀ ਗਈ।
ਵਿੱਤ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਰੇਤ, ਸ਼ਰਾਬ ਅਤੇ ਟਰਾਂਸਪੋਰਟ ਮਾਫੀਆ ਬਣਨ, ਅਨੁਸੂਚਿਤ ਜਾਤੀਆਂ ਨਾਲ ਧੋਖਾਧੜੀ ਵਾਲੇ ਸਕਾਲਰਸ਼ਿਪ ਘੁਟਾਲੇ ਅਤੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਵੱਡੇ ਪੱਧਰ 'ਤੇ ਘੁਟਾਲੇ ਕਾਂਗਰਸ ਪਾਰਟੀ ਦੇ "ਲੁੱਟ ਦੇ ਪ੍ਰਣਾਲੀਗਤ ਢਾਂਚੇ" ਦਾ ਨਤੀਜਾ ਸਨ, ਜਿਸ ਕਾਰਨ ਸੂਬੇ ਦੇ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ, ਦਲਿਤ ਭਾਈਚਾਰੇ ਅਤੇ ਸਰਕਾਰੀ ਕਰਮਚਾਰੀਆਂ ਦਾ ਲਗਾਤਾਰ ਸ਼ੋਸ਼ਣ ਹੁੰਦਾ ਰਿਹਾ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਹ ਕਹਿ ਕੇ ਸਿੱਟਾ ਕੱਢਿਆ ਕਿ ਪੰਜਾਬ ਦੇ ਲੋਕ ਹੁਣ ਪੂਰੀ ਤਰ੍ਹਾਂ ਸਮਝ ਚੁੱਕੇ ਸਨ ਕਿ ਪਿਛਲੀਆਂ ਸਿਆਸੀ ਪਾਰਟੀਆਂ ਭ੍ਰਿਸ਼ਟਾਚਾਰ ਵਿੱਚ ਕਿਸ ਹੱਦ ਤੱਕ ਡੁੱਬ ਚੁੱਕੀਆਂ ਸਨ , ਜਿਸ ਕਾਰਨ ਇਮਾਨਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ (ਆਪ) ਨੂੰ ਭਾਰੀ ਬਹੁਮਤ ਮਿਲਿਆ। ‘‘ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ 95 ‘ਆਪ’ ਵਿਧਾਇਕਾਂ ਵਾਲੀ ਇਮਾਨਦਾਰ ਸਰਕਾਰ ਦੇ ਗਠਨ ਤੋਂ ਬਾਅਦ ਹੀ ਇਸ ਭ੍ਰਿਸ਼ਟਾਚਾਰ ਦਾ ਅਸਲ ਚਿਹਰਾ ਬੇਨਕਾਬ ਹੋਇਆ । ਅੱਜ ਪੰਜਾਬ ਵਿੱਚ ਕੋਈ ਜ਼ਮੀਨ ਘੁਟਾਲਾ ਨਹੀਂ ਹੈ, ਕੋਈ ਟਰਾਂਸਪੋਰਟ ਘੁਟਾਲਾ ਨਹੀਂ ਹੈ, ਦਲਿਤਾਂ ’ਤੇ ਕੋਈ ਅੱਤਿਆਚਾਰ ਨਹੀਂ ਹੈ। ਇਹ ਸਾਬਤ ਕਰਦਾ ਹੈ ਕਿ ਲੋਕਾਂ ਨੇ ਇੱਕ ਇਮਾਨਦਾਰ ਸਰਕਾਰ ਨੂੰ ਚੁਣਿਆ ਹੈ।’’ ਉਨ੍ਹਾਂ ‘ਆਪ’ ਸਰਕਾਰ ਦੇ ਵਿਕਾਸ ਕਾਰਜਾਂ ’ਤੇ ਵੀ ਚਾਨਣਾ ਪਾਇਆ, ਜਿਸ ਵਿੱਚ ਨੌਜਵਾਨਾਂ ਲਈ ਰੁਜ਼ਗਾਰ, ਸਕੂਲ ਆਫ਼ ਐਮੀਨੈਂਸ ਅਤੇ 3, 000 ਖੇਡ ਸਟੇਡੀਅਮ, 300 ਯੂਨਿਟ ਮੁਫ਼ਤ ਬਿਜਲੀ, ਅਤੇ ਇੱਕ ਮਜ਼ਬੂਤ ਸੜਕੀ ਨੈੱਟਵਰਕ ਸ਼ਾਮਲ ਹਨ, ਜੋ ਕਿ ਬੀਤੇ ਦੀ ‘‘ਕੁੱਟੋ ਅਤੇ ਲੁੱਟੋ’’ ਵਾਲੀ ਰਾਜਨੀਤੀ ਦੇ ਅੰਤ ਦਾ ਸੰਕੇਤ ਹੈ।