ਅੰਮ੍ਰਿਤਸਰ- ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਤੇ ਛੋਟੇ ਸਾਹਿਬਜਾਦਿਆ ਦਾ ਸ਼ਹੀਦੀ ਪੁਰਬ ਇਕ ਹੀ ਦਿਨ ਆ ਜਾਣ ਦੇ ਕਾਰਨ ਪੈਦਾ ਹੋਈ ਭੰਬਲਭੂਸੇ ਵਾਲੀ ਸਥਿਤੀ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੋਵਾਂ ਦਿਹਾੜਿਆਂ ਵਿਚੋ ਇਕ ਦੀ ਤਰੀਕ ਬਦਲਣ ਤੋ ਸਾਫ ਇਨਕਾਰ ਕਰ ਦਿੱਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਖੇ ਪੱਤਰਕਾਰਾਂ ਨਾਲ ਗਲ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਤਰੀਕ ਨੂੰ ਲੈ ਕੇ ਇਹ ਗਲ ਸਾਫ ਹੈ ਕਿ ਜਦੋਂ ਇੱਕ ਕੈਲੰਡਰ ਕਮੇਟੀ ਬਣੀ ਉਹ ਕੈਲੰਡਰ ਕਮੇਟੀ ਨੇ ਪਿਛਲੇ ਸਿੰਘ ਸਾਹਿਬਾਨ ਨੂੰ ਸਾਰਾ ਕੈਲੰਡਰ ਪੜਾਇਆ ਉਸਤੋਂ ਬਾਅਦ ਉਸ ਸਮੇਂ ਦੇ ਸਿੰਘ ਸਾਹਿਬਾਨ ਨੇ ਇਸ ਕੈਲੰਡਰ ਮੁਤਾਬਿਕ ਸਾਰੇ ਦਿਹਾੜੇ ਮਨਾਏ ਜਾਣ ਦਾ ਪੰਥ ਨੂੰ ਆਦੇਸ਼ ਜਾਰੀ ਕੀਤਾ ਸੀ। ਹੁਣ ਕਿਉਂਕਿ ਉਨਾਂ ਸਿੰਘ ਸਾਹਿਬਾਨ ਨੇ ਵੀ ਕੈਲੰਡਰ ਦੀ ਉਸ ਤਰੀਕ ਦੇ ਨਾਲ ਕੋਈ ਫੇਰ ਬਦਲ ਨਹੀਂ ਕੀਤਾ।ਅੱਜ ਸਾਡੀ ਗੱਲਬਾਤ ਜਰੂਰ ਹੋਈ ਹੈ, ਗੁਰਪੁਰਬ ਕੈਲੰਡਰ ਦੇ ਮੁਤਾਬਿਕ 27 ਦਸੰਬਰ ਨੂੰ ਹੈ। ਕਿਉਂਕਿ ਬਹੁਤ ਸਾਰੀਆਂ ਸੰਗਤਾਂ ਦੇ ਸੁਨੇਹਾ ਆਏ ਨਿਜੀ ਚਿੱਠੀਆਂ ਹਜਾਰਾਂ ਹੀ ਈ ਮੇਲ ਆਈਆਂ ਮੈਂ ਸਾਰੀ ਸੰਗਤ ਨੂੰ ਇਹ ਬੇਨਤੀ ਕਰਦਾ ਹਾਂ ਕਿ ਪ੍ਰੇਮ ਭਾਵਨਾ ਦੇ ਨਾਲ ਗੁਰੂ ਸਾਹਿਬ ਦੇ ਪ੍ਰਕਾ਼ਸ ਦਿਹਾੜੇ ਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾਉਂ।ਉਨਾਂ ਕਿਹਾ ਕਿ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਤਾਂ ਮਹੀਨਾ ਮਹੀਨਾ ਵੀ ਚੱਲ ਰਹੇ ਹੁੰਦੇ ਹਨ। ਇਸ ਕਰਕੇ ਜਿਹੜੀ ਸੰਗਤ ਨੂੰ ਇਹ ਲੱਗਦਾ ਹੈ ਕਿ ਸ਼ਹੀਦੀ ਦਿਹਾੜਿਆਂ ਦੇ ਵਿੱਚ ਸਾਨੂੰ ਪ੍ਰਕਾ਼ਸ ਪੁਰਬ ਮਨਾਉਣ ਦੇ ਵਿੱਚ ਕੋਈ ਦਿੱਕਤ ਹੈ ਤਾਂ ਸਿੱਖ ਸੰਗਤ ਆਪਣੀ ਸਹੂਲਤ ਮੁਤਾਬਕ ਛੁੱਟੀ ਨੂੰ ਵੇਖ ਕੇ ਗੁਰਪੁਰਬ ਜਾਂ ਪ੍ਰਕਾਸ਼ ਦਿਹਾੜੇ ਗੁਰੂ ਨੂੰ ਸਮਰਪਿਤ ਕਰਕੇ ਮਨਾ ਲੈਂਣ।