ਅੰਮ੍ਰਿਤਸਰ- ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਧਾਰਮਿਕ ਪ੍ਰੀਖਿਆ ’ਚ ਅਵੱਲ ਰਹਿਣ ਵਾਲੀਆਂ 4 ਵਿਦਿਆਰਥਣਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਜ਼ੀਫ਼ਾ ਪ੍ਰਦਾਨ ਕੀਤਾ ਗਿਆ।
ਇਸ ਸਬੰਧੀ ਖ਼ਾਲਸਾ ਯੂਨੀਵਰਸਿਟੀ ਦੇ ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਲਈ ਜਾਂਦੀ ਧਾਰਮਿਕ ਪ੍ਰੀਖਿਆ (ਭਾਗ ਦੂਜਾ) ’ਚੋਂ +1 ਅਤੇ +2 ਦੀਆਂ ਅਵੱਲ ਰਹਿਣ ਵਾਲੀਆਂ 4 ਵਿਦਿਆਰਥਣਾਂ ਨੂੰ ਵਜੀਫ਼ਾ ਪ੍ਰਦਾਨ ਕੀਤਾ ਗਿਆ ਹੈ।। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਾਲਜ ਵਿਖੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬੀਬੀ ਕਿਰਨਜੋਤ ਕੌਰ ਅਤੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਸ. ਜਸਪਾਲ ਸਿੰਘ ਨੇ ਸ਼ਿਰਕਤ ਕਰਦਿਆਂ ਅਵੱਲ ਰਹਿਣ ਵਾਲੀਆਂ ਵਿਦਿਆਰਥਣਾਂ ’ਚ ਦਮਨਪ੍ਰੀਤ ਕੌਰ, ਨਵਦੀਪ ਕੌਰ, ਕਰਨਬੀਰ ਕੌਰ ਅਤੇ ਮਹਿਕਦੀਪ ਕੌਰ ਨੂੰ ਕ੍ਰਮਵਾਰ 2100/- ਰੁਪਏ ਵਜੀਫ਼ਾ ਰਾਸ਼ੀ ਪ੍ਰਦਾਨ ਕੀਤੀ ਹੈ।
ਇਸ ਮੌਕੇ ਡਾ. ਸੁਰਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦਿਆਂ ਭਵਿੱਖ ’ਚ ਵੀ ਅਜਿਹੀਆਂ ਸ਼ਲਾਘਾਯੋਗ ਪ੍ਰਾਪਤੀਆਂ ਲਈ ਨਿਰੰਤਰ ਯਤਨਸ਼ੀਲ ਰਹਿਣ ਲਈ ਉਤਸ਼ਾਹਿਤ ਕੀਤਾ। ਇਸ ਦੌਰਾਨ ਬੀਬੀ ਕਿਰਨਜੋਤ ਕੌਰ ਨੇ ਵੀ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਸਿੱਖ ਧਰਮ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਧਾਰਮਿਕ ਸਿੱਖਿਆ ਦੇ ਇੰਚਾਰਜ ਪ੍ਰੋ. ਰਵਿੰਦਰ ਕੌਰ ਅਤੇ ਡਾ. ਪ੍ਰਦੀਪ ਕੌਰ ਹਾਜ਼ਰ ਸਨ।