ਪੰਜਾਬ

ਨਿਊਜ਼ੀਲੈਂਡ ’ਚ ਨਗਰ ਕੀਰਤਨ ਦਾ ਵਿਰੋਧ ਮੰਦਭਾਗੀ ਘਟਨਾ, ਸਰਕਾਰ ਸ਼ਰਾਰਤੀ ਅਨਸਰਾਂ ’ਤੇ ਕਾਰਵਾਈ ਕਰੇ-ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ

ਕੌਮੀ ਮਾਰਗ ਬਿਊਰੋ/ ਚਰਨਜੀਤ ਸਿੰਘ | December 21, 2025 08:48 PM

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਨਿਊਜ਼ੀਲੈਂਡ ਦੇ ਸਾਊਥ ਔਕਲੈਂਡ ਦੇ ਮਾਨੂਰੇਵਾ ਕਸਬੇ ਵਿਖੇ ਕੁਝ ਸ਼ਰਾਰਤੀ ਲੋਕਾਂ ਵੱਲੋਂ ਸਿੱਖ ਸੰਗਤ ਦੀ ਤਰਫ਼ੋਂ ਸਜਾਏ ਜਾ ਰਹੇ ਨਗਰ ਕੀਰਤਨ ਦੇ ਵਿਰੋਧ ਵਾਲੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇਸ ਨੂੰ ਸਿੱਖਾਂ ਅਤੇ ਸਮਾਜਕ ਭਾਈਚਾਰਕ ਸਾਂਝ ਲਈ ਚੁਣੌਤੀ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਕੁਝ ਲੋਕਾਂ - ਜਿਨ੍ਹਾਂ ਦੀ ਅਗਵਾਈ ਬ੍ਰਾਇਨ ਤਾਮਾਕੀ ਨਾਮ ਦੇ ਵਿਅਕਤੀ ਵੱਲੋਂ ਕੀਤੀ ਦੱਸੀ ਜਾ ਰਹੀ ਹੈ ਜੋ ਕਿ ਇੱਕ ਸਮੂਹ ਦਾ ਵਿਵਾਦਤ ਆਗੂ ਹੈ - ਵੱਲੋਂ ਜਾਣਬੁੱਝ ਕੇ ਨਿਊਜ਼ੀਲੈਂਡ ਦੀਆਂ ਸਥਾਨਕ ਰਵਾਇਤਾਂ ਦੀ ਦੁਰਵਰਤੋਂ ਕਰਦਿਆਂ ਨਫ਼ਰਤੀ ਭਾਵਨਾ ਨਾਲ ਸਿੱਖਾਂ ਨੂੰ ਇਹ ਚੁਣੌਤੀ ਦਿੱਤੀ ਗਈ ਹੈ, ਜਿਸ ਪ੍ਰਤੀ ਨਿਊਜ਼ੀਲੈਂਡ ਦੀ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇ ਕੇ ਅਜਿਹੇ ਅਨਸਰਾਂ ਨੂੰ ਰੋਕਣ ਦੀ ਲੋੜ ਹੈ ਜੋ ਸਮਾਜਕ ਭਾਈਚਾਰਕ ਸਾਂਝ ਵਿੱਚ ਕੁੜੱਤਣ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਥੇਦਾਰ ਗੜਗੱਜ ਨੇ ਕਿਹਾ ਕਿ ਸਿੱਖ ਹਰ ਧਰਮ ਅਤੇ ਫਿਰਕੇ ਦਾ ਸਤਿਕਾਰ ਕਰਦੇ ਹਨ ਅਤੇ ਇਸੇ ਤਰ੍ਹਾਂ ਬਾਕੀਆਂ ਦਾ ਵੀ ਇਹ ਫ਼ਰਜ਼ ਹੈ ਕਿ ਸਿੱਖਾਂ ਦੀ ਧਾਰਮਿਕ ਅਜ਼ਾਦੀ ਦਾ ਵੀ ਸਤਿਕਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨਗਰ ਕੀਰਤਨ ਸਰਕਾਰੀ ਪ੍ਰਵਾਨਗੀਆਂ ਤੋਂ ਬਾਅਦ ਹੀ ਸਜਾਏ ਜਾਂਦੇ ਹਨ, ਇਸ ਲਈ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਸਥਾਨਕ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਦੇ ਸਿੱਖਾਂ ਵੱਲੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਉੱਥੋਂ ਦੇ ਸਥਾਨਕ ਮਾਓਰੀ ਲੋਕ ਸਿੱਖਾਂ ਨਾਲ ਰਲ ਮਿਲ ਕੇ ਰਹਿੰਦੇ ਹਨ ਅਤੇ ਤਾਜ਼ਾ ਘਟਨਾ ਪਿੱਛੇ ਸਿਰਫ਼ ਇੱਕ ਸ਼ਰਾਰਤੀ ਸਮੂਹ ਦਾ ਹੱਥ ਹੈ। ਇਸ ਘਟਨਾ ਤੋਂ ਬਾਅਦ ਨਿਊਜ਼ੀਲੈਂਡ ਦੇ 25 ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕੀ ਕਮੇਟੀਆਂ ਲਗਾਤਾਰ ਸਥਾਨਕ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨਾਲ ਰਾਬਤੇ ਵਿੱਚ ਹਨ, ਜਿਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੂਰਨ ਸਮਰਥਨ ਦਾ ਭਰੋਸਾ ਦਿੱਤਾ। ਜਥੇਦਾਰ ਗੜਗੱਜ ਨੇ ਕਿਹਾ ਕਿ ਆਪਣੀ ਕਰੜੀ ਮਿਹਨਤ ਤੇ ਲਿਆਕਤ ਸਦਕਾ ਸਿੱਖ ਅੱਜ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਵੱਸਦੇ ਹਨ ਅਤੇ ਉਨ੍ਹਾਂ ਨੇ ਉੱਥੇ ਚੰਗੇ ਰੁਤਬੇ ਹਾਸਲ ਕੀਤੇ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਨਿਊਜ਼ੀਲੈਂਡ ਜਾਂ ਕਿਸੇ ਵੀ ਹੋਰ ਦੇਸ਼ ਜਿੱਥੇ ਉਹ ਵੱਸਦੇ ਹਨ, ਉੱਥੇ ਸਥਾਨਕ ਕਾਨੂੰਨਾਂ ਅਤੇ ਨਿਯਮਾਂ ਦੀ ਪਾਲਣਾ ਕਰਦਿਆਂ ਕਰੜੀ ਮਿਹਨਤ ਨਾਲ ਆਪਣਾ ਸਥਾਨ ਕਾਇਮ ਕਰਦਿਆਂ ਨਾਗਰਿਕਤਾ ਜਾਂ ਕੰਮ ਕਰਨ ਦੀਆਂ ਪ੍ਰਵਾਨਗੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਜਿੱਥੇ ਵੀ ਵੱਸਦੇ ਹਨ ਉੱਥੋਂ ਦੀ ਤਰੱਕੀ ਅਤੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ। ਇਸੇ ਤਰ੍ਹਾਂ ਸਿੱਖਾਂ ਨੇ ਨਿਊਜ਼ੀਲੈਂਡ ਦੀ ਤਰੱਕੀ ਅਤੇ ਵਿਕਾਸ ਵਿੱਚ ਵੀ ਚੰਗਾ ਯੋਗਦਾਨ ਪਾਇਆ ਹੈ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖ ਕੌਮ ਰੋਜ਼ਾਨਾ ਅਰਦਾਸ ਵਿੱਚ ਸਰਬੱਤ ਦਾ ਭਲਾ ਮੰਗਦੀ ਹੈ ਅਤੇ ਅਮਨ ਸ਼ਾਂਤੀ ਨੂੰ ਪਸੰਦ ਕਰਨ ਵਾਲੀ ਕੌਮ ਹੈ। ਉਨ੍ਹਾਂ ਨਿਊਜ਼ੀਲੈਂਡ ਦੀ ਸਿੱਖ ਸੰਗਤ ਦੀ ਸ਼ਲਾਘਾ ਕੀਤੀ ਕਿ ਸਥਾਨਕ ਲੋਕਾਂ ਵੱਲੋਂ ਕੀਤੇ ਗਏ ਵਿਰੋਧ ਦੇ ਬਾਵਜੂਦ ਵੀ ਉਨ੍ਹਾਂ ਜਾਬਤਾ ਬਣਾਈ ਰੱਖਿਆ ਅਤੇ ਕਿਸੇ ਤਰ੍ਹਾਂ ਦੀ ਭੜਕਾਹਟ ਨਹੀਂ ਦਿਖਾਈ। ਉਨ੍ਹਾਂ ਕਿਹਾ ਕਿ ਸਿੱਖੀ ਵਿੱਚ ਅਨੁਸ਼ਾਸਨ ਅਤੇ ਸਮਰਪਣ ਭਾਵ ਬਹੁਤ ਅਹਿਮੀਅਤ ਰੱਖਦੇ ਹਨ, ਇਸ ਲਈ ਨਿਊਜ਼ੀਲੈਂਡ ਦੀ ਸਿੱਖ ਸੰਗਤ ਅਜਿਹੇ ਘਟਨਾਕ੍ਰਮ ਪ੍ਰਤੀ ਸੁਚੇਤ ਰਹੇ ਅਤੇ ਅਮਨ ਕਾਨੂੰਨ ਨਾਲ ਹੀ ਸਥਿਤੀ ਨੂੰ ਨਜਿੱਠਿਆ ਜਾਵੇ। ਜਥੇਦਾਰ ਗੜਗੱਜ ਨੇ ਨਿਊਜ਼ੀਲੈਂਡ ਦੇ ਆਗੂ ਸਿੱਖਾਂ ਨੂੰ ਆਦੇਸ਼ ਕੀਤਾ ਕਿ ਉਹ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ, ਸਥਾਨਕ ਸਰਕਾਰ ਦੇ ਆਗੂਆਂ ਅਤੇ ਮਾਓਰੀ ਭਾਈਚਾਰੇ ਦੇ ਵੱਡੇ ਆਗੂਆਂ ਨਾਲ ਮਿਲ ਬੈਠ ਕੇ ਇਹ ਮਾਮਲਾ ਵਿਚਾਰਨ ਅਤੇ ਉਨ੍ਹਾਂ ਨੂੰ ਸਿੱਖੀ ਕਦਰਾਂ ਕੀਮਤਾਂ ਤੇ ਰਵਾਇਤਾਂ ਦੀ ਜਾਣਕਾਰੀ ਦੇਣ। ਉਨ੍ਹਾਂ ਆਖਿਆ ਕਿ ਨਿਊਜ਼ੀਲੈਂਡ ਦੇ ਸਿੱਖ ਇਸ ਮਾਮਲੇ ਸਬੰਧੀ ਉੱਥੋਂ ਦੀ ਸਰਕਾਰ ਨਾਲ ਵਿਚਾਰ ਚਰਚਾ ਕਰਕੇ ਇਹ ਯਕੀਨੀ ਬਣਾਉਣ ਕਿ ਨਗਰ ਕੀਰਤਨ ਸਜਾਉਣ ਜਾਂ ਹੋਰ ਸਿੱਖ ਸਮਾਗਮਾਂ ਨੂੰ ਕਰਵਾਉਣ ਲਈ ਉਨ੍ਹਾਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਅਗਾਂਹ ਤੋਂ ਅਜਿਹੀ ਸਥਿਤੀ ਨਾ ਬਣੇ।
ਜਥੇਦਾਰ ਗੜਗੱਜ ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਤੇ ਵਿਦੇਸ਼ ਮੰਤਰੀ ਵਿੰਸਟਨ ਪੀਟਰਜ਼ ਅਤੇ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨੂੰ ਆਖਿਆ ਕਿ ਉਹ ਇਸ ਮਾਮਲੇ ਵੱਲ ਵਿਸ਼ੇਸ਼ ਧਿਆਨ ਦੇ ਕੇ ਇਹ ਯਕੀਨੀ ਬਣਾਉਣ ਕਿ ਸ਼ਰਾਰਤੀ ਲੋਕ ਦੋਵੇਂ ਦੇਸ਼ਾਂ ਅਤੇ ਭਾਈਚਾਰਿਆਂ ਵਿਚਕਾਰ ਸਾਂਝ ਨੂੰ ਸੱਟ ਨਾ ਮਾਰ ਸਕਣ।

Have something to say? Post your comment

 
 

ਪੰਜਾਬ

ਮਿਲਟਰੀ ਰੰਗ ਦੀ ਵਰਦੀ ਅਤੇ ਵਹੀਕਲਾਂ ਦੀ ਖਰੀਦ, ਵੇਚ ਅਤੇ ਵਰਤੋਂ ’ਤੇ ਪਾਬੰਦੀ

ਸਾਹਿਬਜ਼ਾਦਿਆ ਦੀ ਸ਼ਹਾਦਤ ਨੂੰ ਸਮਰਪਿਤ ਲਗਾਇਆ ਗਿਆ ਮਹਾਨ ਖੂਨਦਾਨ ਕੈਂਪ

ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜੱਥੇ. ਅਵਤਾਰ ਸਿੰਘ ਮੱਕੜ ਦੀ ਯਾਦ ਨੂੰ ਸਮਰਪਿਤ ਕੀਰਤਨ ਸਮਾਗਮ ਆਯੋਜਿਤ

ਵੱਡੇ ਸਾਹਿਬਜ਼ਾਦਿਆ ਦੀ ਸ਼ਹਾਦਤ ਨੂੰ ਸਮਰਪਿਤ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋ ਕਰਵਾਇਆ ਗਿਆ ਕੀਰਤਨ ਸਮਾਗਮ

ਨਿਉਜੀਲੈਂਡ ਸਰਕਾਰ ਨਗਰਕੀਰਤਨ ਰੋਕਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰੇ ਗਿਆਨੀ ਹਰਪ੍ਰੀਤ ਸਿੰਘ

ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵੀਰ ਬਾਲ ਦਿਵਸ ਵਜੋਂ ਨਾਮ ਦੇਣਾ ਸਿੱਖ ਰਹੁ-ਰੀਤਾਂ ਅਤੇ ਸਿਧਾਂਤਾਂ ਨਾਲ ਮੇਲ ਨਹੀਂ ਖਾਂਦਾ: ਸੰਧਵਾਂ

ਅਸੀਂ ਨੌਜਵਾਨਾਂ ਨੂੰ ਭਵਿੱਖੀ ਜ਼ਰੂਰਤਾਂ ਲਈ ਤਿਆਰ ਕਰ ਰਹੇ ਹਾਂ, ਜਦੋਂ ਕਿ ਅਕਾਲੀ ਨੌਜਵਾਨਾਂ ਨੂੰ ਡਾਇਨਾਸੌਰ ਯੁੱਗ ਵਿੱਚ ਖਿੱਚਣਾ ਚਾਹੁੰਦੇ ਹਨ: ਮੁੱਖ ਮੰਤਰੀ

ਨਿਊਜੀਲੈਂਡ ਵਿਚ ਨਗਰ ਕੀਰਤਨ ਦਾ ਵਿਰੋਧ ਵਿਸ਼ਵ ਭਾਈਚਾਰੇ ਦੀ ਸਮਾਜਿਕ ਸਾਂਝ ਨੂੰ ਚੁਣੌਤੀ- ਐਡਵੋਕੇਟ ਧਾਮੀ

ਨਿਊਜੀਲੈਂਡ ਵਿਚ ਨਗਰ ਕੀਰਤਨ ਦਾ ਵਿਰੋਧ ਵਿਸ਼ਵ ਭਾਈਚਾਰੇ ਲਈ ਦੁਖਦਾਈ ਅਤੇ ਚਿੰਤਾਜਨਕ: ਬਾਬਾ ਬਲਬੀਰ ਸਿੰਘ

ਸਾਲ 2025 ਦੌਰਾਨ ਵਿੱਤੀ ਸੂਝ-ਬੂਝ ਅਤੇ ਡਿਜੀਟਲ ਇਨੋਵੇਸ਼ਨ ਨਾਲ 'ਰੰਗਲਾ ਪੰਜਾਬ' ਵਿਜ਼ਨ ਨੂੰ ਮਿਲਿਆ ਹੁਲਾਰਾ : ਹਰਪਾਲ ਸਿੰਘ ਚੀਮਾ