ਪੰਜਾਬ

ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਪਵਿੱਤਰ ਸ਼ਹਿਰਾਂ ਵਜੋਂ ਨੋਟੀਫ਼ਾਈ

ਸੁਖਮਨਦੀਪ ਸਿੰਘ/ ਕੌਮੀ ਮਾਰਗ ਬਿਊਰੋ | December 21, 2025 08:50 PM

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਥੇ ਕਿਹਾ ਕਿ ਪੰਜਾਬ ਸਰਕਾਰ ਨੇ ਸਿੱਖਾਂ ਲਈ ਧਾਰਮਿਕ ਮਹੱਤਤਾ ਵਾਲੇ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰਕੇ ਇੱਕ ਇਤਿਹਾਸਕ ਫੈਸਲਾ ਲਿਆ ਹੈ। ਉਨ੍ਹਾਂ ਨੇ ਇਸ ਪਲ ਨੂੰ ਸੂਬੇ ਲਈ ਪਰਮਾਤਮਾ ਪ੍ਰਤੀ ਸ਼ੁਕਰਗੁਜ਼ਾਰੀ, ਨਿਮਰਤਾ ਅਤੇ ਜ਼ਿੰਮੇਵਾਰੀ ਵਾਲਾ ਅਵਸਰ ਦੱਸਿਆ।

ਇੱਕ ਵੀਡੀਓ ਸੰਦੇਸ਼ ਵਿੱਚ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਿਆਰੇ ਪੰਜਾਬੀਓ, ਤੁਹਾਡੀ ਆਪਣੀ ਪੰਜਾਬ ਸਰਕਾਰ ਨੇ ਸਿੱਖ ਲਈ ਧਾਰਮਿਕ ਮਹੱਤਤਾ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਕੇ ਇੱਕ ਇਤਿਹਾਸਕ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਐਲਾਨ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ 'ਸ਼ਹੀਦੀ ਦਿਵਸ' (ਸ਼ਹੀਦੀ ਦਿਹਾੜੇ) ਨੂੰ ਮਨਾਉਣ ਲਈ ਰਾਜ ਪੱਧਰੀ ਸਮਾਗਮ ਮੌਕੇ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ, ਜਿਸਨੇ ਸਾਨੂੰ ਅਜਿਹਾ ਇਤਿਹਾਸਕ ਫੈਸਲਾ ਲੈਣ ਦੀ ਤਾਕਤ, ਸਮਰੱਥਾ ਅਤੇ ਸੁਮੱਤ ਬਖਸ਼ੀ ਹੈ।

ਇਸ ਕਦਮ ਦੀ ਮਹੱਤਤਾ ਬਾਰੇ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਿੱਖਾਂ ਦੇ ਪੰਜ ਸਿੱਖ ਤਖ਼ਤ ਸਾਹਿਬਾਨਾਂ ਵਿੱਚੋਂ ਤਿੰਨ ਤਖ਼ਤ ਪੰਜਾਬ ਵਿੱਚ ਸਥਿਤ ਹਨ, ਜਿਨ੍ਹਾਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਵਿੱਤਰ ਤਖ਼ਤ ਸਾਹਿਬਾਨਾਂ ਦੀ ਸਥਾਪਨਾ ਵਾਲੇ ਤਿੰਨਾਂ ਸ਼ਹਿਰਾਂ ਨੂੰ ਹੁਣ ਅਧਿਕਾਰਤ ਤੌਰ 'ਤੇ ਰੂਹਾਨੀਅਤ ਦੇ ਕੇਂਦਰਾਂ ਅਤੇ ਪਵਿੱਤਰ ਸ਼ਹਿਰਾਂ ਦਾ ਦਰਜਾ ਦਿੱਤਾ ਗਿਆ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇਨ੍ਹਾਂ ਪਵਿੱਤਰ ਸ਼ਹਿਰਾਂ ਵਿੱਚ ਆਉਣ ਵਾਲੇ ਸ਼ਰਧਾਲੂਆਂ ਲਈ ਸਾਰੀਆਂ ਜ਼ਰੂਰੀ ਸਹੂਲਤਾਂ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਸਿੱਖਾਂ ਲਈ ਧਾਰਮਿਕ ਮਹੱਤਤਾ ਵਾਲੇ ਇਨ੍ਹਾਂ ਸ਼ਹਿਰਾਂ ਵਿੱਚ ਈ-ਰਿਕਸ਼ਾ, ਮਿੰਨੀ-ਬੱਸਾਂ ਅਤੇ ਹੋਰ ਜਨਤਕ ਆਵਾਜਾਈ ਸੇਵਾਵਾਂ ਪ੍ਰਦਾਨ ਕਰਨ ਸਮੇਤ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਦੁਨੀਆ ਭਰ ਤੋਂ ਆਉਣ ਵਾਲੇ ਸ਼ਰਧਾਲੂਆਂ ਅਤੇ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਪਵਿੱਤਰ ਸ਼ਹਿਰਾਂ ਵਿੱਚ ਹੁਣ ਸਖ਼ਤ ਨਿਯਮ ਲਾਗੂ ਹੋਣਗੇ। ਉਨ੍ਹਾਂ ਭਰੋਸਾ ਦਿਵਾਉਂਦਿਆਂ ਕਿਹਾ ਕਿ ਇਹ ਫੈਸਲਾ ਇਨ੍ਹਾਂ ਸਥਾਨਾਂ ਦੀ ਪਵਿੱਤਰਤਾ ਦੇ ਮੱਦੇਨਜ਼ਰ ਲਿਆ ਗਿਆ ਹੈ ਅਤੇ ਹੁਣ ਇਨ੍ਹਾਂ ਤਿੰਨੋਂ ਸ਼ਹਿਰਾਂ ਵਿੱਚ ਮਾਸ, ਸ਼ਰਾਬ, ਤੰਬਾਕੂ ਅਤੇ ਕਿਸੇ ਵੀ ਨਸ਼ੀਲੇ ਪਦਾਰਥ ਦੀ ਵਿਕਰੀ ’ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ।

ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਪੂਰੀ ਜ਼ਿੰਮੇਵਾਰੀ ਨਾਲ ਭਰੋਸਾ ਦਿਵਾਉਂਦਾ ਹਾਂ ਕਿ ਇਨ੍ਹਾਂ ਸ਼ਹਿਰਾਂ ਦੇ ਸਮੁੱਚੇ ਅਤੇ ਢੁਕਵੇਂ ਵਿਕਾਸ ਨੂੰ ਯਕੀਨੀ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਹ ਸ਼ਹਿਰ ਸਿਰਫ਼ ਰੂਹਾਨੀਅਤ ਦਾ ਕੇਂਦਰ ਨਹੀਂ ਸਗੋਂ ਸਾਡੀ ਸੱਭਿਆਚਾਰਕ ਵਿਰਾਸਤ ਦਾ ਸ਼ਾਨਾਮੱਤਾ ਪ੍ਰਤੀਕ ਵੀ ਹਨ।

ਸਿੱਖ ਭਾਈਚਾਰੇ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੈਂ ਸਮੁੱਚੀ ਸਿੱਖ ਸੰਗਤ ਨੂੰ ਦਿਲੋਂ ਵਧਾਈ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਪਵਿੱਤਰ ਸ਼ਹਿਰਾਂ ਦੇ ਐਲਾਨ ਦਾ ਇਹ ਇਤਿਹਾਸਕ ਫੈਸਲਾ ਬਹੁਤ ਪਹਿਲਾਂ ਲਾਗੂ ਹੋ ਜਾਣਾ ਚਾਹੀਦਾ ਸੀ ਅਤੇ ਸੂਬਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ, ਇਹ ਫੈਸਲਾ ਹੁਣ ਲਾਗੂ ਹੋ ਗਿਆ ਹੈ ਅਤੇ ਹੁਣ ਇਨ੍ਹਾਂ ਤਿੰਨੋਂ ਸ਼ਹਿਰਾਂ ਨੂੰ ਅਧਿਕਾਰਤ ਤੌਰ ’ਤੇ ਪਵਿੱਤਰ ਸ਼ਹਿਰਾਂ ਦਾ ਦਰਜਾ ਮਿਲ ਗਿਆ ਹੈ।

ਉਨ੍ਹਾਂ ਅੱਗੇ ਕਿਹਾ ਕਿ 15 ਦਸੰਬਰ, 2025 ਨੂੰ ਪੰਜਾਬ ਸਰਕਾਰ ਨੇ ਅਧਿਕਾਰਤ ਤੌਰ ’ਤੇ ਨੋਟੀਫਿਕੇਸ਼ਨ ਜਾਰੀ ਕਰਦਿਆਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਾਲਡ ਸਿਟੀ ਅੰਮ੍ਰਿਤਸਰ, ਰੂਪਨਗਰ ਜ਼ਿਲ੍ਹੇ ਦੇ ਸ੍ਰੀ ਅਨੰਦਪੁਰ ਸਾਹਿਬ ਸ਼ਹਿਰ ਅਤੇ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ (ਸ੍ਰੀ ਦਮਦਮਾ ਸਾਹਿਬ) ਸ਼ਹਿਰ ਨੂੰ ਪੰਜਾਬ ਰਾਜ ਦੇ ਪਵਿੱਤਰ ਸ਼ਹਿਰਾਂ ਵਜੋਂ ਘੋਸ਼ਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਨੋਟੀਫਿਕੇਸ਼ਨ ਰਸਮੀ ਤੌਰ ’ਤੇ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਵਾਲੇ ਇਨ੍ਹਾਂ ਸ਼ਹਿਰਾਂ ਨੂੰ ਇਨ੍ਹਾਂ ਦੀ ਅਧਿਆਤਮਕ ਮਹੱਤਤਾ ਅਤੇ ਵਿਸ਼ਵਵਿਆਪੀ ਅਕੀਦੇ ਨੂੰ ਮਾਨਤਾ ਦਿੰਦਿਆਂ ਵਿਸ਼ੇਸ਼ ਦਰਜਾ ਦਿੰਦਾ ਹੈ।

 

Have something to say? Post your comment

 
 

ਪੰਜਾਬ

ਮਿਲਟਰੀ ਰੰਗ ਦੀ ਵਰਦੀ ਅਤੇ ਵਹੀਕਲਾਂ ਦੀ ਖਰੀਦ, ਵੇਚ ਅਤੇ ਵਰਤੋਂ ’ਤੇ ਪਾਬੰਦੀ

ਸਾਹਿਬਜ਼ਾਦਿਆ ਦੀ ਸ਼ਹਾਦਤ ਨੂੰ ਸਮਰਪਿਤ ਲਗਾਇਆ ਗਿਆ ਮਹਾਨ ਖੂਨਦਾਨ ਕੈਂਪ

ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜੱਥੇ. ਅਵਤਾਰ ਸਿੰਘ ਮੱਕੜ ਦੀ ਯਾਦ ਨੂੰ ਸਮਰਪਿਤ ਕੀਰਤਨ ਸਮਾਗਮ ਆਯੋਜਿਤ

ਵੱਡੇ ਸਾਹਿਬਜ਼ਾਦਿਆ ਦੀ ਸ਼ਹਾਦਤ ਨੂੰ ਸਮਰਪਿਤ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋ ਕਰਵਾਇਆ ਗਿਆ ਕੀਰਤਨ ਸਮਾਗਮ

ਨਿਉਜੀਲੈਂਡ ਸਰਕਾਰ ਨਗਰਕੀਰਤਨ ਰੋਕਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰੇ ਗਿਆਨੀ ਹਰਪ੍ਰੀਤ ਸਿੰਘ

ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵੀਰ ਬਾਲ ਦਿਵਸ ਵਜੋਂ ਨਾਮ ਦੇਣਾ ਸਿੱਖ ਰਹੁ-ਰੀਤਾਂ ਅਤੇ ਸਿਧਾਂਤਾਂ ਨਾਲ ਮੇਲ ਨਹੀਂ ਖਾਂਦਾ: ਸੰਧਵਾਂ

ਅਸੀਂ ਨੌਜਵਾਨਾਂ ਨੂੰ ਭਵਿੱਖੀ ਜ਼ਰੂਰਤਾਂ ਲਈ ਤਿਆਰ ਕਰ ਰਹੇ ਹਾਂ, ਜਦੋਂ ਕਿ ਅਕਾਲੀ ਨੌਜਵਾਨਾਂ ਨੂੰ ਡਾਇਨਾਸੌਰ ਯੁੱਗ ਵਿੱਚ ਖਿੱਚਣਾ ਚਾਹੁੰਦੇ ਹਨ: ਮੁੱਖ ਮੰਤਰੀ

ਨਿਊਜ਼ੀਲੈਂਡ ’ਚ ਨਗਰ ਕੀਰਤਨ ਦਾ ਵਿਰੋਧ ਮੰਦਭਾਗੀ ਘਟਨਾ, ਸਰਕਾਰ ਸ਼ਰਾਰਤੀ ਅਨਸਰਾਂ ’ਤੇ ਕਾਰਵਾਈ ਕਰੇ-ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ

ਨਿਊਜੀਲੈਂਡ ਵਿਚ ਨਗਰ ਕੀਰਤਨ ਦਾ ਵਿਰੋਧ ਵਿਸ਼ਵ ਭਾਈਚਾਰੇ ਦੀ ਸਮਾਜਿਕ ਸਾਂਝ ਨੂੰ ਚੁਣੌਤੀ- ਐਡਵੋਕੇਟ ਧਾਮੀ

ਨਿਊਜੀਲੈਂਡ ਵਿਚ ਨਗਰ ਕੀਰਤਨ ਦਾ ਵਿਰੋਧ ਵਿਸ਼ਵ ਭਾਈਚਾਰੇ ਲਈ ਦੁਖਦਾਈ ਅਤੇ ਚਿੰਤਾਜਨਕ: ਬਾਬਾ ਬਲਬੀਰ ਸਿੰਘ