ਸਰੀ- ਸਿੱਖਿਆ ਦੇ ਖੇਤਰ ਵਿੱਚ ਇਕ ਇਤਿਹਾਸਕ ਕਦਮ ਚੁੱਕਦਿਆਂ ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਨੇ ਬੀਤੇ ਦਿਨੀਂ ਗੁਰਦੁਆਰਾ ਸਾਹਿਬ ਬਰੁਕਸਾਈਡ ਸਰੀ ਵਿੱਚ ਉੱਚ ਸਿੱਖਿਆ ਵੱਲ ਵਧ ਰਹੇ ਪੰਜ ਯੋਗ ਵਿਦਿਆਰਥੀਆਂ ਨੂੰ ਇਕ-ਇਕ ਹਜ਼ਾਰ ਡਾਲਰ ਦੀ ਸਕਾਲਰਸ਼ਿਪ ਸੰਗਤ ਦੀ ਮੌਜੂਦਗੀ ਵਿੱਚ ਪ੍ਰਦਾਨ ਕਰਕੇ ਉਨ੍ਹਾਂ ਦਾ ਹੌਸਲਾ ਅਫ਼ਜ਼ਾਈ ਕੀਤੀ। ਸਕਾਲਰਸ਼ਿਪ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿੱਚ ਮਨਲੀਨ ਕੌਰ ਧਾਲੀਵਾਲ, ਧਿਰਤੀ ਕਪੂਰ, ਤੇਜ ਕੌਰ ਸਰਾਂ, ਗੁਰਜੋਤ ਸਿੰਘ ਭੰਗੂ ਅਤੇ ਹੈਵਨਪ੍ਰੀਤ ਵਿਰਕ ਸ਼ਾਮਲ ਹਨ, ਜੋ ਐਨਵਰ ਕ੍ਰੀਕ ਅਤੇ ਫਰੈਂਕ ਹਰਟ ਸਕੂਲਾਂ ਦੇ ਹੋਣਹਾਰ ਵਿਦਿਆਰਥੀ ਹਨ। ਸਰੀ ਸਕੂਲ ਬੋਰਡ ਟਰਸਟੀਜ਼ ਦੇ ਚੇਅਰਮੈਨ ਗੈਰੀ ਟਾਈਮੋਕ, ਡਿਪਟੀ ਚੇਅਰਮੈਨ ਗੈਰੀ ਥਿੰਦ ਅਤੇ ਸਰੀ 36 ਸਕੂਲ ਡਿਸਟ੍ਰਿਕਟ ਦੀ ਆਫ਼ਿਸ ਕਲਰਕ ਜੂਨ ਐਨਜ਼ ਨੇ ਇਸ ਸਮਾਗਮ ਵਿਚ ਸ਼ਾਮਲ ਹੋ ਕੇ ਸਮਾਰੋਹ ਦੀ ਸ਼ੋਭਾ ਵਧਾਈ।
ਇਸ ਮੌਕੇ ਟਰਸਟੀ ਗੈਰੀ ਟਾਈਮੋਕ ਅਤੇ ਗੈਰੀ ਥਿੰਦ ਨੇ ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਕੇ ਉਨ੍ਹਾਂ ਨੂੰ ਸਿੱਖਿਆ ਵੱਲ ਪ੍ਰੇਰਿਤ ਕਰਨਾ ਸਮਾਜ ਦੇ ਭਵਿੱਖ ਨੂੰ ਮਜ਼ਬੂਤ ਕਰਨ ਵਾਲਾ ਉਪਰਾਲਾ ਹੈ। ਸੋਸਾਇਟੀ ਮੈਂਬਰ ਚਰਨਜੀਤ ਸਿੰਘ ਮਰਵਾਹਾ, ਮੋਤਾ ਸਿੰਘ ਝੀਤਾ ਅਤੇ ਸੁਰਿੰਦਰ ਸਿੰਘ ਜੱਬਲ ਨੇ ਵੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਕਾਮਨਾ ਕਰਦਿਆਂ “ਵਿਦਿਆ ਵੀਚਾਰੀ ਤਾਂ ਪਰਉਪਕਾਰੀ” ਦੀ ਗੁਰਬਾਣੀ ਸੋਚ ਅਨੁਸਾਰ ਕਾਰਜਸ਼ੀਲ ਸੋਸਾਇਟੀ ਅਤੇ ਕਮੇਟੀ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਸੋਸਾਇਟੀ ਦੇ ਬੁਲਾਰਿਆਂ ਨੇ ਕਿਹਾ ਕਿ ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਨੇ ਆਪਣੇ ਸੇਵਾਮਈ ਅਤੇ ਗੌਰਵਮਈ ਇਤਿਹਾਸ ਦੇ 53 ਸਾਲ ਪੂਰੇ ਕਰ ਲਏ ਹਨ ਅਤੇ ਸਰੀ ਵਿਖੇ ਸਥਿਤ ਗੁਰਦੁਆਰਾ ਸਾਹਿਬ ਬਰੁਕਸਾਈਡ ਦੀ ਇਮਾਰਤ ਦੇ 15 ਸਾਲ ਮੁਕੰਮਲ ਹੋਣ ‘ਤੇ ਧਾਰਮਿਕ, ਸਮਾਜਿਕ ਅਤੇ ਸਿੱਖਿਆ ਖੇਤਰ ਵਿੱਚ ਆਪਣੀ ਮਜ਼ਬੂਤ ਪਛਾਣ ਦਰਜ ਕਰਵਾਈ ਹੈ। ਪਿਛਲੇ ਪੰਜ ਦਹਾਕਿਆਂ ਤੋਂ ਵੱਧ ਸਮੇਂ ਤੋਂ ਸੋਸਾਇਟੀ ਸੰਗਤ ਨੂੰ ਧਾਰਮਿਕ ਆਸਰਾ, ਸਮਾਜ ਨੂੰ ਸੇਵਾ ਅਤੇ ਨੌਜਵਾਨ ਪੀੜ੍ਹੀ ਨੂੰ ਸਿੱਖਿਆ ਰਾਹੀਂ ਸਸ਼ਕਤ ਕਰਨ ਦਾ ਨਿਰੰਤਰ ਯਤਨ ਕਰਦੀ ਆ ਰਹੀ ਹੈ।
ਸੋਸਾਇਟੀ ਵੱਲੋਂ ਦੇਸ਼ ਤੇ ਵਿਦੇਸ਼ ਵਿੱਚ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਦੌਰਾਨ ਦਾਨ ਇਕੱਠਾ ਕਰਕੇ ਸਮਾਜ ਸੇਵੀ ਸੰਸਥਾਵਾਂ ਤੱਕ ਪਹੁੰਚਾਉਣਾ ਅਤੇ ਲੋੜਵੰਦਾਂ ਦੇ ਦੁੱਖ ਦਰਦ ਵਿੱਚ ਸਾਂਝ ਪਾਉਣਾ ਇਸ ਦੀ ਸੇਵਾ-ਭਾਵਨਾ ਦਾ ਪ੍ਰਤੀਕ ਬਣ ਚੁੱਕਾ ਹੈ। ਧਾਰਮਿਕ ਸੇਵਾਵਾਂ ਦੇ ਨਾਲ-ਨਾਲ ਸਮਾਜਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਸੋਸਾਇਟੀ ਨੇ ਸਦਾ ਹੀ ਕੌਮ ਅਤੇ ਮਨੁੱਖਤਾ ਦੀ ਭਲਾਈ ਨੂੰ ਆਪਣਾ ਮੁੱਖ ਉਦੇਸ਼ ਬਣਾਇਆ ਹੈ। ਸੋਸਾਇਟੀ ਮੈਂਬਰ ਪਰਮਜੀਤ ਕੌਰ ਜੱਬਲ ਨੇ ਸਮਾਰੋਹ ਨੂੰ ਸਫ਼ਲ ਬਣਾਉਣ ਵਿੱਚ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਪ੍ਰਸੰਸਾਯੋਗ ਭੂਮਿਕਾ ਨਿਭਾਈ।