ਨਵੀਂ ਦਿੱਲੀ- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੱਖੀ ਵਿਰੋਧੀ ਤਾਕਤਾਂ ਦੇ ਨਕਸ਼ੇ ਕਦਮ 'ਤੇ ਚਲ ਕੇ ਸ੍ਰੀ ਅਕਾਲ ਤਖਤ ਨਾਲ ਮੱਥਾ ਲਾਉਣ ਤੋਂ ਬਾਜ ਆਵੇ, ਵਰਨਾ ਸਿੱਖ ਇਤਿਹਾਸ ਵਿਚ ਭਗਵੰਤ ਮਾਨ ਦਾ ਨਾਂਅ ਕਾਲੇ ਅੱਖਰਾਂ ਵਿਚ ਲਿਖਿਆ ਜਾਵੇਗਾ। ਅੱਜ ਪ੍ਰੈਸ ਕਾਨਫਰੰਸ ਦੌਰਾਨ ਸ. ਸਰਨਾ ਨੇ ਕਿਹਾ ਕਿ, ਸੱਤਾ ਦੇ ਨਸ਼ੇ ਵਿਚ ਆ ਕੇ ਭਗਵੰਤ ਮਾਨ ਮੌਜੂਦਾ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਸ ਨੂੰ ਢਾਹ ਲਾਉਣ ਅਤੇ ਸਿੱਧੇ-ਅਸਿੱਧੇ ਤਰੀਕੇ ਨਾਲ ਅਕਾਲ ਤਖਤ ਨੂੰ ਚੁਨੌਤੀ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਨਾਲ ਇਹ ਬਿਲਕੁਲ ਸਪਸ਼ਟ ਹੋ ਗਿਆ ਹੈ ਕਿ ਭਗਵੰਤ ਮਾਨ, ਉਹੀ ਕੁੱਝ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਸਿੱਖੀ ਵਿਰੋਧੀ ਤਾਕਤਾਂ ਚਾਹੁੰਦੀਆਂ ਹਨ । ਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ, ਭਗਵੰਤ ਮਾਨ ਦੇ ਮਨਸੂਬੇ ਕਿਸੀ ਵੀ ਕੀਮਤ 'ਤੇ ਸਫਲ ਨਹੀਂ ਹੋਣ ਦਿੱਤੇ ਜਾਣਗੇ।
ਸਰਨਾ ਨੇ ਇਹ ਵੀ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਜੋ ਕਿ ਸ਼੍ਰੋਮਣੀ ਕਮੇਟੀ ਵੱਲੋਂ ਉਲੀਕੇ ਗਏ ਸੀ ਅਤੇ ਭਗਵੰਤ ਮਾਨ ਨੇ ਸ਼੍ਰੋਮਣੀ ਕਮੇਟੀ ਦੇ ਇਨ੍ਹਾਂ ਸਮਾਗਮਾਂ 'ਚ ਖਲਲ ਪਾਉਣ ਦੀ ਬੜੀ ਕੋਸ਼ਿਸ਼ ਕੀਤੀ। ਪਰ ਭਗਵੰਤ ਮਾਨ ਨੂੰ ਉਸ ਸਮੇਂ ਬੜੀ ਵੱਡੀ ਸੱਟ ਵੱਜੀ ਜਦੋਂ ਸ਼੍ਰੋਮਣੀ ਕਮੇਟੀ ਦੇ ਸਮਾਗਮਾਂ 'ਚ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਭਗਵੰਤ ਮਾਨ ਦੇ ਸਮਾਗਮਾਂ ਵਿੱਚ ਹਾਜਰੀ ਸੰਗਤਾਂ ਤੋਂ ਵਿਰਵੀ ਰਹੀ। ਸਰਨਾ ਨੇ ਕਿਹਾ ਕਿ ਇਸ ਤੋਂ ਗੁੱਸੇ 'ਚ ਆ ਕੇ ਭਗਵੰਤ ਮਾਨ ਨੇ ਦਸਵੰਧ, ਗੁਰੂ ਦੀ ਗੋਲਕ ਸਮੇਤ ਹੋਰ ਸਿੱਖੀ ਰਵਾਇਤਾਂ 'ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਜੋ ਗੁਰੂ ਸਾਹਿਬ ਦੇ ਸਮੇਂ ਤੋਂ ਚਲਦੀਆਂ ਆ ਰਹੀਆਂ ਸਨ । ਇਨ੍ਹਾਂ ਕਾਰਨਾਂ ਕਰਕੇ ਹੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ, ਸਪਸ਼ਟੀਕਰਨ ਵਾਸਤੇ ਭਗਵੰਤ ਮਾਨ ਨੂੰ ਤਲਬ ਕੀਤਾ ਗਿਆ ਤਾਂ ਇਸ ਨੇ ਜਥੇਦਾਰ ਸਾਹਿਬਾਨ ਦੇ ਕਾਰਜਾਂ ਵਿਚ ਹੀ ਨੁਕਸ ਕੱਢਣੇ ਸ਼ੁਰੂ ਕਰ ਦਿੱਤੇ । ਉਨ੍ਹਾਂ ਕਿਹਾ ਕਿ ਕਿੰਨੀ ਹੈਰਾਨ ਦੀ ਗੱਲ ਹੈ ਪਹਿਲਾਂ ਇਸ ਨੇ ਕਿਹਾ ਕਿ ਮੈਂ ਨੰਗੇ ਪੈਰ ਆਵਾਂਗਾ ਪਰ ਥੋੜੀ ਦੇਰ ਬਾਅਦ ਹੀ ਸ਼ਰਤਾਂ ਰੱਖਣ ਲੱਗ ਪਿਆ । ਉਨ੍ਹਾਂ ਇਹ ਵੀ ਕਿਹਾ ਕਿ ਮਾਨ ਵੱਲੋਂ ਆਪਣੀ ਯੋਜਨਾ ਨੂੰ ਅੰਜਾਮ ਦੇਣ ਲਈ, ਐਸਆਈਟੀ ਰਾਹੀਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਡਰਾਉਣ ਧਮਕਾਉਣ ਲਈ ਵੀ ਹਰ ਹਰਬਾ ਵਰਤਣ ਤੋਂ ਗੁਰੇਜ਼ ਨਹੀਂ ਕੀਤਾ ਜਾ ਰਿਹਾ ਹੈ । ਸਰਨਾ ਨੇ ਕਿਹਾ ਕਿ ਦਰਅਸਲ ਪੰਜਾਬ ਵਿਚ ਮਾਨ ਸਰਕਾਰ ਹਰ ਮੋਰਚੇ 'ਤੇ ਫੇਲ ਹੋ ਚੁੱਕੀ ਹੈ, , ਗੈਂਗਸਟਰ ਸਰੇਆਮ ਲੁੱਟਾਂ ਖੋਹਾਂ ਕਰ ਰਹੇ ਹਨ ਅਤੇ ਪੰਜਾਬ ਵਿਚ ਅਮਨ ਕਾਨੂੰਨ ਕਿਸੇ ਪਾਸੇ ਨਜ਼ਰ ਨਹੀਂ ਆ ਰਿਹਾ ਹੈ। ਸਰਨਾ ਨੇ ਕਿਹਾ ਕਿ ਹੁਣ ਭਗਵੰਤ ਮਾਨ ਨੂੰ ਵੀ ਸਮਝ ਆ ਗਿਆ ਹੈ ਕਿ ਉਸ ਦੀ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ ਉਸ ਨੂੰ ਇਹ ਵੀ ਡਰ ਸਤਾ ਰਿਹਾ ਹੈ ਕਿ ਜਦੋਂ 2027 ਵਿਚ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣੇਗੀ ਤਾਂ ਉਸ (ਮਾਨ) ਕੋਲੋਂ ਸਾਰੇ ਗੁਨਾਹਾਂ ਦਾ ਹਿਸਾਬ ਲਿਆ ਜਾਵੇਗਾ। ਇਸ ਲਈ ਭਗਵੰਤ ਮਾਨ ਹੁਣ ਸਿੱਖੀ ਵਿਰੋਧੀ ਤਾਕਤਾਂ ਨੂੰ ਖ਼ੁਸ਼ ਕਰਨ ਦੀ ਰਾਹ 'ਤੇ ਤੁਰ ਪਿਆ ਹੈ, ਜਿਸ ਦੇ ਕਾਰਨ ਸਿੱਖਾਂ ਦੀਆਂ ਸਭਵੱਡੀਆਂ ਸੰਸਥਾਵਾਂ ਨੂੰ ਨਿਸ਼ਾਨਾਂ ਬਣਾ ਕੇ, ਮੁੜ ਤੋਂ ਸੱਤਾ 'ਚ ਆਉਣ ਦੇ ਸੁਪਨੇ ਵੇਖਣ ਲੱਗ ਪਿਆ ਹੈ।