ਨਵੀਂ ਦਿੱਲੀ - ਸਿੱਖਾਂ ਦੇ ਗਲੋਂ ਗੁਲਾਮੀ ਲਾਹੁਣ ਵਾਸਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ਚ ਅਹਿਮ ਯੋਗਦਾਨ ਪਾਉਣ ਵਾਲੇ ਭਾਈ ਕੰਵਰ ਸਿੰਘ ਧਾਮੀ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਜਾਣ ਨਾਲ ਸੰਘਰਸ਼ ਲਈ ਨਾਂ ਪੁਰਾ ਹੋਣ ਵਾਲਾ ਘਾਟਾ ਹੈ। ਭਾਈ ਸਾਹਿਬ ਦਾ ਜੀਵਨ ਸੰਘਰਸਸ਼ੀਲ ਯੋਧਿਆਂ ਲਈ ਪ੍ਰੇਰਨਾ ਸਰੋਤ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਰਮਨੀ ਦੀਆਂ ਪੰਥਕ ਜਥੇਬੰਦੀਆਂ ਸਿੱਖ ਫੈਡਰੇਸ਼ਨ ਜਰਮਨੀ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਗੁਰਦਿਆਲ ਸਿੰਘ ਲਾਲੀ, ਬੱਬਰ ਖਾਲਸਾ ਜਰਮਨੀ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਰਜਿੰਦਰ ਸਿੰਘ ਬੱਬਰ, ਦਲ ਖਾਲਸਾ ਜਰਮਨੀ ਭਾਈ ਹਰਮੀਤ ਸਿੰਘ, ਭਾਈ ਅੰਗਰੇਜ਼ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਭਾਈ ਹੀਰਾ ਸਿੰਘ ਮੱਤੇਵਾਲ, ਇੰਟਰਨੈਸਨਲ ਸਿੱਖ ਫੈਡਰੇਸ਼ਨ ਜਰਮਨੀ ਭਾਈ ਲਖਵਿੰਦਰ ਸਿੰਘ ਮੱਲ੍ਹੀ ਵੱਲੋਂ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉਹਨਾਂ ਨੂੰ ਸਰਧਾ ਦੇ ਫੂੱਲ ਭੇਟ ਕਰਦਿਆਂ ਕੀਤਾ ਗਿਆ। ਭਾਈ ਧਾਮੀ ਨੇ ਸੰਘਰਸ਼ ਪ੍ਰਤੀ ਸੇਵਾਵਾਂ ਸ੍ਰੀ ਅਕਾਲ ਤਖ਼ਤ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਰਹਿਨੁਮਾਈ ਹੇਠ ਹੀ ਅਰੰਭ ਕੀਤੀਆਂ। ਆਪ ਦੀ ਪੰਥ ਪ੍ਰਤੀ ਸਮਰਪਣ ਦੀਆਂ ਘਟਨਾਵਾਂ ਅਨੇਕ ਹੀ ਹਨ। ਜਦੋਂ ਦਰਬਾਰ ਸਾਹਿਬ ਤੇ ਭਾਰਤ ਦੀ ਹੁਕਮਰਾਨ ਨੇ ਹਮਲਾ ਕੀਤਾ ਉਸ ਸਮੇਂ ਵੀ ਧਾਮੀ ਸਾਹਿਬ ਨੇ ਦਰਬਾਰ ਸਾਹਿਬ ਦੀ ਮਰਿਆਦਾ ਬਰਕਰਾਰ ਰੱਖਣ ਲਈ ਹਥਿਆਰਬੰਦ ਹੋ ਫੌਜ ਦਾ ਮੁਕਾਬਲਾ ਕੀਤਾ। ਅਕਾਲ ਫੈਡਰੇਸ਼ਨ ਵੀ ਸੰਤਾਂ ਦੇ ਹੁਕਮ ਨੂੰ ਮੰਨਦਿਆਂ ਅਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗੁਰਦਿਆਲ ਸਿੰਘ ਜੀ ਅਜਨੋਹਾ ਦੇ ਹੁਕਮਾਂ ਦਾ ਸਦਕਾ ਹੀ ਹੌਦ ਚ ਲਿਆਂਦੀ ਸੀ। ਆਪ ਅਕਾਲ ਫੈਡਰੇਸ਼ਨ ਦੇ ਪਹਿਲੇ ਕਨਵੀਨਰ ਸਨ। ਭਾਈ ਧਾਮੀ ਜੀ ਸੰਤਾਂ ਦੇ ਨਜਦੀਕੀ ਅਤੇ ਬਹੁਤ ਹੀ ਵਿਸ਼ਵਾਸਪਾਤਰ ਜੱਥੇ ਚੋਂ ਇੱਕ ਸਨ ਜਿਸ ਜੱਥੇ ਚ ਸ਼ਹੀਦ ਭਾਈ ਸੁਰਿੰਦਰ ਸਿੰਘ ਸੋਢੀ ਜੀ ਸਨ। ਭਾਈ ਕੰਵਰ ਸਿੰਘ ਧਾਮੀ ਦੀ ਬਹਾਦਰੀ, ਸਮਰਪਣ ਦਾ ਇਸ ਘਟਨਾ ਤੋ ਸਹਿਜੇ ਹੀ ਲੱਗ ਜਾਂਦਾ ਜਿਸ ਸਮੇਂ ਭਾਈ ਧਾਮੀ ਨੂੰ ਉਹਨਾਂ ਦੀ ਧਰਮ ਸਪਤਨੀ ਅਤੇ ਛੋਟੇ ਬੱਚੇ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਤਾਂ ਉਨ੍ਹਾਂ ਉੱਪਰ ਗੈਰ ਮਨੁੱਖੀ ਤਸ਼ੱਦਦ ਕੀਤਾ ਗਿਆ ਅਤੇ ਪ੍ਰੈਸ ਸਾਹਮਣੇ ਆਪਣੀਆਂ ਗਤੀਵਿਧੀਆਂ ਦਾ ਮਾਫ਼ੀ ਨਾਮਾ ਕਬੂਲਣ ਲਈ ਕਿਹਾ। ਭਾਈ ਧਾਮੀ ਨੇ ਪ੍ਰੈਸ ਸਾਹਮਣੇ ਆਉਂਦਿਆਂ ਹੀ ਪਰਿਵਾਰ ਉੱਪਰ ਹੋ ਰਹੇ ਤਸ਼ੱਦਦ ਦੀ ਦਾਸਤਾਨ ਤਾਂ ਦੱਸੀ ਉੱਥੇ ਪੁਲਿਸ ਵੱਲੋਂ ਕੀਤੇ ਜਾ ਰਹੇ ਸਾਰੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਪਰਦਾਫਾਸ਼ ਕਰਦਿਆਂ ਕੇਪੀਐਸ ਗਿੱਲ ਦੇ ਮੂੱਹ ਤੇ ਥੱਪੜ ਜੜ ਦਿੱਤਾ ਜੋ ਪ੍ਰੈਸ ਦੇ ਕੈਮਰਿਆਂ ਚ ਬੰਦ ਹੋ ਗਿਆ। ਇਸ ਘਟਨਾ ਨੇ ਜਿੱਥੇ ਜੁਝਾਰੂ ਸਿੰਘਾ ਦਾ ਕਰਦਾਰ ਉੱਚਾ ਕੀਤਾ ਉੱਥੇ ਪੰਜਾਬ ਚ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਦੀ ਬਾਤ ਸਮੁੱਚੇ ਸੰਸਾਰ ਚ ਪਹੁੰਚਾਈ। ਭਾਈ ਧਾਮੀ ਅਤੇ ਬੀਬੀ ਕੁਲਵੀਰ ਕੌਰ ਧਾਮੀ ਨੇ ਅਪਣੀ ਰਿਹਾਈ ਤੋ ਬਾਅਦ ਚੰਡੀਗੜ੍ਹ ਚ ਗੁਰੂ ਆਸਰਾ ਟਰਸਟ ਸਥਾਪਤ ਕੀਤਾ। ਜਿਸ ਵਿੱਚ ਸ਼ਹੀਦਾਂ ਅਤੇ ਬੇਸਹਾਰਾ ਅਨਾਥ ਬੱਚਿਆਂ ਨੂੰ ਗੁਰਮਤਿ ਦੀ ਵਿਦਿਆ ਦੇਣ ਦਾ ਸ਼ਲਾਘਾਯੋਗ ਕਾਰਜ ਸੁਰੂ ਕੀਤਾ ਜੋ ਅੱਜ ਵੀ ਨਿਰੰਤਰ ਸੇਵਾਵਾਂ ਦੇ ਰਹੇ ਹਨ। ਭਾਈ ਕੰਵਰ ਸਿੰਘ ਧਾਮੀ ਦੀਆਂ ਸੇਵਾਵਾਂ ਸਾਡੇ ਲਈ ਅਭੁੱਲ ਹਨ।
ਅਕਾਲ ਪੁਰਖ ਉਨਾਂ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਅਤੇ ਪਿੱਛੇ ਪਰਿਵਾਰ ਅਤੇ ਸੰਘਰਸਸ਼ੀਲ ਯੋਧਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।