ਨਵੀਂ ਦਿੱਲੀ -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਧਰਮ ਅਤੇ ਇਨਸਾਫ਼ ਦੀ ਰੱਖਿਆ ਲਈ ਸ਼ਹੀਦ ਹੋਏ ਚਾਲੀ ਮੁਕਤਿਆਂ ਦੀ ਅਮਰ ਯਾਦ ਨੂੰ ਸਮਰਪਿਤ 17ਵਾਂ ਵਿਸ਼ਾਲ ਰਾਗ ਦਰਬਾਰ ਬੁੱਧਵਾਰ, 14 ਜਨਵਰੀ ਨੂੰ ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ਼ਰਧਾ ਅਤੇ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਇਹ ਧਾਰਮਿਕ ਸਮਾਗਮ ਸ਼ਾਮ 5:00 ਵਜੇ ਤੋਂ ਰਾਤ 10:30 ਵਜੇ ਤੱਕ ਹੋਵੇਗਾ, ਜਿਸ ਦੌਰਾਨ ਪ੍ਰਸਿੱਧ ਰਾਗੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸ਼ਹੀਦਾਂ ਦੀ ਅਟੱਲ ਕੁਰਬਾਨੀ ਨੂੰ ਯਾਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਗ ਦਰਬਾਰ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਚਾਲੀ ਮੁਕਤਿਆਂ ਦੀ ਬੇਮਿਸਾਲ ਸ਼ਹਾਦਤ, ਤਿਆਗ ਅਤੇ ਸਿੱਖ ਇਤਿਹਾਸ ਦੀ ਮਹਾਨ ਵਿਰਾਸਤ ਨਾਲ ਜੋੜਨਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਚਾਲੀ ਮੁਕਤਿਆਂ ਦੀ ਕੁਰਬਾਨੀ ਸਿੱਖ ਇਤਿਹਾਸ ਦਾ ਅਮੋਲਕ ਅਧਿਆਇ ਹੈ, ਜੋ ਸਾਨੂੰ ਧਰਮ, ਹਿੰਮਤ ਅਤੇ ਸੱਚਾਈ ਦੇ ਰਾਹ ‘ਤੇ ਅਡਿੱਗ ਰਹਿਣ ਦੀ ਪ੍ਰੇਰਣਾ ਦਿੰਦਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਿਲ ਹੋ ਕੇ ਗੁਰਬਾਣੀ ਦੇ ਅੰਮ੍ਰਿਤ ਨਾਲ ਆਪਣੇ ਮਨ ਪ੍ਰਫੁੱਲਿਤ ਕਰਨ ਅਤੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਭੇਂਟ ਕਰਨ।
ਅੰਤ ਵਿੱਚ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਅਜਿਹੇ ਆਧਿਆਤਮਿਕ ਸਮਾਗਮ ਸਿੱਖੀ ਦੀ ਪ੍ਰੰਪਰਾ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਮਾਜ ਵਿੱਚ ਏਕਤਾ, ਸੇਵਾ ਅਤੇ ਸਦਭਾਵਨਾ ਦਾ ਸੰਦੇਸ਼ ਦਿੰਦੇ ਹਨ।