ਨਵੀਂ ਦਿੱਲੀ - ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮੁੱਖੀ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਬੀਤੇ ਦਿਨੀਂ ਯੂਕੇ ਵਿਚ ਸਿੱਖ ਬੱਚੀ ਨਾਲ ਕੀਤੇ ਗਏ ਸਮੂਹਿਕ ਜਬਰਜਿਨਾਹ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਇੰਗਲੈਂਡ ਵਿੱਚ ਜੋ ਗਰੂਮਿੰਗ ਗੈਂਗ ਵੱਲੋਂ ਇੱਕ ਸਿੱਖ ਬੱਚੀ ਨਾਲ ਕੀਤੀ ਗਈ ਵਧੀਕੀ ਦੀ ਇਹ ਘਟਨਾ ਦੀ ਜਿੰਨੀ ਨਿਖੇਧੀ ਕੀਤੀ ਜਾਵੇ , ਉਹ ਘੱਟ ਹੈ । ਇਹ ਸਮੁੱਚੀ ਸਿੱਖ ਕੌਮ ਲਈ ਉਹ ਸੋਚਣ ਤੇ ਵਿਚਾਰਨ ਦਾ ਮਸਲਾ ਹੈ । ਵਿਦੇਸ਼ਾਂ ਵਿੱਚ ਖ਼ਾਸ ਕਰ ਯੂਰਪ ਵਿੱਚ ਇੱਕ ਅਤਿ ਘਟੀਆ ਮਾਨਸਿਕਤਾ ਵਾਲਾ ਗਰੋਹ ਪਿਛਲੇ ਲੰਮੇ ਸਮੇਂ ਤੋਂ ਸਰਗਰਮ ਹੈ ਜੋ ਸਿੱਖਾਂ ਸਮੇਤ ਹੋਰਨਾਂ ਭਾਈਚਾਰਿਆਂ ਦੀਆਂ ਬੱਚੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ । ਇੰਗਲੈਂਡ ਦੀ ਸਰਕਾਰ ਨੂੰ ਅਜਿਹੇ ਲੋਕਾਂ ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ । ਉਨ੍ਹਾਂ ਕਿਹਾ ਓਸ ਸਮੇਂ ਮਾਮਲੇ ਦਾ ਪਤਾ ਲਗਦੇ ਹੀ ਇਕੱਠੇ ਹੋਏ ਸਿੱਖਾਂ ਵਲੋਂ ਬੱਚੀ ਨੂੰ ਛੁਡਵਾਣਾ ਬਹੁਤ ਚੰਗਾ ਕਦਮ ਸੀ । ਉਨ੍ਹਾਂ ਕਿਹਾ ਯੂਕੇ ਦੀਆਂ ਸਿੱਖ ਜੱਥੇਬੰਦੀਆਂ ਅਤੇ ਹੋਰ ਮਨੁੱਖੀ ਅਧਿਕਾਰ ਜੱਥੇਬੰਦੀਆਂ ਨੂੰ ਇਸ ਮਾਮਲੇ ਵਿਚ ਪੀੜਿਤ ਬੱਚੀ ਨੂੰ ਇੰਨਸਾਫ ਦਿਵਾਉਣ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਉਪਰਾਲਾ ਕਰਣਾ ਚਾਹੀਦਾ ਹੈ ।