ਅੰਮ੍ਰਿਤਸਰ-ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਸਮੂਹ ਅਹੁੱਦੇਦਾਰਾਂ ਅਤੇ ਹਰੇਕ ਅਦਾਰਿਆਂ ਦੇ ਮੁੱਖੀਆਂ ਨੇ ਅੱਜ ਨਾਮਵਰ ਸ਼੍ਰੋਮਣੀ ਨਾਟਕਕਾਰ ਅਤੇ ਕਈ ਮਾਣਮੱਤੇ ਸਨਮਾਨ ਪ੍ਰਾਪਤ ਕਰਨ ਵਾਲੇ ਸ: ਜਤਿੰਦਰ ਬਰਾੜ ਦੇ ਅਕਾਲ ਚਲਾਣੇ ’ਤੇ ਗਹਿਰੇ ਦੁਖ ਦਾ ਇਜ਼ਹਾਰ ਕੀਤਾ ਹੈ।ਸ: ਬਰਾੜ ਜੋ ਕਿ ਗਵਰਨਿੰਗ ਕੌਂਸਲ ਦੇ ਵਧੀਕ ਆਨਰੇਰੀ ਸਕੱਤਰ ਵਜੋਂ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਸਨ, ਨੇ ਥੀਏਟਰ ਅਤੇ ਸਾਹਿਤ ਲਈ ਇਕ ਸੰਸਥਾ ਵਜੋਂ ਆਪਣਾ ਅਹਿਮ ਯੋਗਦਾਨ ਪਾਇਆ।
ਇਸ ਮੌਕੇ ਕੌਂਸਲ ਦੇ ਆਨਰੇਰੀ ਸਕੱਤਰ ਅਤੇ ਖਾਲਸਾ ਯੂਨੀਵਰਸਿਟੀ ਦੇ ਪ੍ਰੋ—ਚਾਂਸਲਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਸ: ਬਰਾੜ ਦੇ ਅਚਨਚੇਤ ਜਹਾਨੋਂ ਰੁਖਸਤ ਹੋਣ ’ਤੇ ਅਫਸੋਸ ਜਾਹਿਰ ਕਰਦਿਆਂ ਪਰਿਵਾਰਕ ਮੈਂਬਰਾਂ ਨੂੰ ਗੁਰ ਦੇ ਭਾਣੇ ਨੂੰ ਮੰਨਣ ਦਾ ਬਲ ਬਖਸ਼ਣ ਦੀ ਪ੍ਰਮਾਤਮਾ ਅੱਗੇ ਅਰਦਾਸ ਕੀਤੀ।ਉਨ੍ਹਾਂ ਕਿਹਾ ਕਿ ਗਵਰਨਿੰਗ ਕੌਂਸਲ ਲਈ ਨਿਭਾਈਆਂ ਗਈਆਂ ਉਨ੍ਹਾਂ ਦੀਆਂ ਸੇਵਾਵਾਂ ਅਨਮੋਲ ਹਨ, ਜਿਨ੍ਹਾਂ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।ਉਨ੍ਹਾਂ ਕਿਹਾ ਕਿ ਸ: ਬਰਾੜ ਦਾ ਜਨਮ ਅੰਮ੍ਰਿਤਸਰ ਦੇ ਪਿੰਡ ਜਗਦੇਵ ਖੁਰਦ ਵਿਖੇ ਹੋਇਆ, ਜੋ ਕਿ ਇਕ ਸਫ਼ਲ ਉਦਯੋਗਪਤੀ ਸਨ ਅਤੇ ਰੰਗ ਮੰਚ ਦੇ ਨਿਪੁੰਨ ਕਲਾਕਾਰ, ਨਾਟਕਕਾਰ, ਚਿਤਰਕਾਰ ਅਤੇ ਵਧੀਆ ਸਾਹਿਤਕਾਰ ਸਨ।ਉਨ੍ਹਾਂ ਨੇ ਕਲਾ ਅਤੇ ਸਾਹਿਤ ਦੇ ਪ੍ਰਫੁਲਿੱਤਾ ਲਈ ਖਾਲਸਾ ਕਾਲਜ ਸਾਹਮਣੇ ਆਪਣੀ ਫੈਕਟਰੀ ਨੂੰ ਥੀਏਟਰ ’ਚ ਤਬਦੀਲ ਕਰਵਾਉਣ ਉਪਰੰਤ ਇੱਥੇ ਇਕ ਰਿਵਾਲਵਿੰਗ ਸਟੇਜ ਸਥਾਪਿਤ ਕੀਤੀ।
ਉਨ੍ਹਾਂ ਕਿਹਾ ਕਿ ਸ: ਬਰਾੜ ਦੇ ਅਕਾਲ ਚਲਾਣੇ ਨੇ ਕਲਾ ਅਤੇ ਸਾਹਿਤ ਦੀ ਦੁਨੀਆ ’ਚ ਅਜਿਹਾ ਖਲਾਅ ਛੱਡਿਆ, ਜਿਸ ਕਦੇ ਵੀ ਭਰਿਆ ਨਹੀਂ ਜਾ ਸਕਦਾ।ਉਨ੍ਹਾਂ ਕਿਹਾ ਕਿ ਸ: ਬਰਾੜ ਸਦਕਾ ਹੀ ਕਪਿਲ ਸ਼ਰਮਾ, ਭਾਰਤੀ ਸਿੰਘ, ਰਾਜੀਵ ਠਾਕੁਰ ਅਤੇ ਚੰਦਨ ਪ੍ਰਭਾਕਰ ਸਮੇਤ ਅਨੇਕਾਂ ਅਦਾਕਾਰ ਇਸ ਪਲੇਟਫਾਰਮ ਕਾਰਨ ਹੀ ਆਪਣੀ ਪ੍ਰਤਿਭਾ ਨੂੰ ਦੁਨੀਆ ਨੂੰ ਜਾਣੂ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਸ: ਬਰਾੜ ਦਾ ਤੁਰ ਜਾਣਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ, ਪਰ ਭਾਵੇਂ ਉਹ ਸਰੀਰਕ ਤੌਰ ’ਤੇ ਸਾਡੇ ਦਰਮਿਆਨ ਨਹੀਂ ਹਨ ਪਰ ਉਹ ਹਮੇਸ਼ਾਂ ਵਿਚਾਰਾਂ, ਕਲਾ ਅਤੇ ਲਿਖਤਾਂ ਰਾਹੀਂ ਯਾਦ ਕੀਤੇ ਜਾਣਗੇ।ਇਸ ਦੌਰਾਨ ਗਵਰਨਿੰਗ ਕੌਂਸਲ ਅਧੀਨ ਸਮੂਹ ਖਾਲਸਾ ਕਾਲਜ ਵਿੱਦਿਅਕ ਅਦਾਰਿਆਂ ਦੇ ਪ੍ਰਿੰਸੀਪਲਜ਼, ਟੀਚਿੰਗ ਅਤੇ ਨਾਨ—ਟੀਚਿੰਗ ਸਟਾਫ ਨੇ ਸ: ਜਤਿੰਦਰ ਬਰਾੜ ਦੇ ਦਿਹਾਂਤ ਦੇ ਪਰਿਵਾਰ ਨਾਲ ਅਫਸੋਸ ਜਾਹਿਰ ਕੀਤਾ।