ਅੰਮ੍ਰਿਤਸਰ - ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ੍ਰ ਹਰਮੀਤ ਸਿੰਘ ਕਾਲਕਾ ਨੇ ਸ੍ਰੀ ਦਰਬਾਰ ਸਾਹਿਬ ਦੇ ਹਟਾਏ ਗਏ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋ ਦਿੱਲੀ ਸਥਿਤ ਕਿਸੇ ਗੁਰੂ ਘਰ ਵਿਚ ਸੇਵਾ ਨਿਭਾਉਣ ਦੀਆਂ ਚਲ ਰਹੀਆਂ ਚਰਚਾਵਾਂ ਤੇ ਵਿਰਾਮ ਲਗਾਉਦਿਆਂ ਕਿਹਾ ਕਿ ਉਹ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਦੀ ਸੇਵਾ ਕਰ ਚੁੱਕੇ ਹਨ ਤੇ ਇਸ ਤੋ ਬਾਅਦ ਉਨਾਂ ਵਲੋ ਕਿਸੇ ਹੋਰ ਆਹੁਦੇ ਤੇ ਸੇਵਾ ਕਰਨੀ ਯੋਗ ਨਹੀ ਰਹਿ ਜਾਂਦੀ। ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਖੇ ਪਹੁੰਚੇ ਸ੍ਰ ਕਾਲਕਾ ਨੇ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਨਿਭਾਉਣ ਤੋਂ ਬਾਅਦ ਗਿਆਨੀ ਰਘਬੀਰ ਸਿੰਘ ਹੋਰ ਕਿਸੇ ਦੀ ਸਥਾਨ ਦੀ ਸੇਵਾ ਸ਼ਾਇਦ ਨਾ ਹੀ ਕਰਨ।ਉਨਾਂ ਸਾਰੀ ਉਮਰ ਗੁਰੂ ਰਾਮਦਾਸ ਮਹਾਰਾਜ ਦੇ ਦਰ ਦੀ ਸੇਵਾ ਕੀਤੀ। ਇਤਿਹਾਸ ਦੇ ਵਿੱਚ 2 ਦਸੰਬਰ 2024 ਨੂੰ ਕੌਮੀ ਭਾਵਨਾਵਾਂ ਮੁਤਾਬਿਕ ਫੈਸਲੇ ਲੈ ਕੇ ਆਪਣਾ ਨਾਮ ਦਰਜ ਕੀਤਾ।ਗਿਆਨੀ ਰਘਬੀਰ ਸਿੰਘ ਵਲੋ ਲਗਾਏ ਇਲਜਾਮਾਂ ਬਾਰੇ ਗਲ ਕਰਦਿਆਂ ਸ੍ਰ ਕਾਲਕਾ ਨੇ ਕਿਹਾ ਕਿ ਜਦ ਕੋਈ ਆਮ ਸ਼ਖਸ਼ੀਅਤ ਇਲਜ਼ਾਮ ਲਾਏ ਤਾਂ ਗੱਲ ਕੋਈ ਹੋਰ ਹੁੰਦੀ ਹੈ, ਹੈਡ ਗ੍ਰੰਥੀ ਦੀ ਸੀਟ ਤੇ ਬੈਠੇ ਹੋਏ ਉਹਨਾਂ ਨੇ ਕਈ ਇਲਜ਼ਾਮ ਲਾਏ ਸੀ ਤੇ ਸ਼੍ਰੋਮਣੀ ਕਮੇਟੀ ਨੂੰ ਪਹਿਲੇ ਉਨਾਂ ਇਲਜਾਮਾਂ ਦੀ ਤਹਿਕੀਕਾਤ ਕਰਨੀ ਚਾਹੀਦੀ ਸੀ। ਪਹਿਲੇ ਇਲਜਾਮਾਂ ਦੀ ਪੜਤਾਲ ਕਰਕੇ ਬਾਅਦ ਵਿਚ ਜਥੇਦਾਰ ਸਾਹਿਬ ਦੀ ਸ਼ਖਸ਼ੀਅਤ ਦੇ ਉੱਤੇ ਉਂਗਲ ਉਠਾਣੀ ਚਾਹੀਦੀ ਸੀ।ਇਥੇ ਸਿੱਧਾ ਉਹਨਾਂ ਨੂੰ ਅਲਟੀਮੇਟ ਦੇ ਕੇ ਉਹਨਾਂ ਨੂੰ ਬਾਹਰ ਕੱਢਣਾ ਇਹ ਕੋਈ ਚੰਗੀ ਗੱਲ ਨਹੀਂ ਕਹੀ ਜਾ ਸਕਦੀ।ਉਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਸੁਲਤਾਨ ਸਿੰਘ ਅਤੇ ਹੁਣ ਗਿਆਨੀ ਰਘਬੀਰ ਸਿੰਘ ਜੀ ਇਹ ਸਾਰਾ ਕੁਝ ਵਾਪਰਿਆ ਹੈ ਉਹ ਦੋ ਦਸੰਬਰ 2024 ਦਾ ਰਿਐਕਸ਼ਨ ਹੈ। ਉਸ ਦਿਨ ਮੀਰੀ ਪੀਰੀ ਦੇ ਮਾਲਿਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਨੂੰ ਵਰਤੇ ਹਨ। ਉਹ ਦਿਨ ਇਤਿਹਾਸਕ ਦਿਨ ਸਾਬਤ ਹੋਇਆ। ਗੁਰੂ ਸਾਹਿਬ ਨੇ ਆਪ ਜਥੇਦਾਰਾਂ ਦੀ ਪਿਠ ਤੇ ਖਲੋ ਕੇ ਕੋਈ ਫੈਸਲੇ ਕਰਾਏ। ਸਿੰਘ ਸਾਹਿਬਾਨ ਦਿੱਲੀ ਸਾਡੇ ਕੋਲ ਆਉਣ ਅਸੀਂ ਉਹਨਾਂ ਦਾ ਜਰੂਰ ਸਵਾਗਤ ਕਰਾਂਗੇ।