ਪਟਿਆਲਾ-ਅਕਾਦਮਿਕ ਅਤੇ ਖੋਜ ਉੱਤਮਤਾ ਦੀ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕਦਿਆਂ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ (ਐਮ.ਬੀ.ਐਸ.ਪੀ.ਐਸ.ਯੂ.), ਪਟਿਆਲਾ ਨੇ ਅਕਾਦਮਿਕ ਸੈਸ਼ਨ 2026-27 ਤੋਂ ਡਾਕਟਰ ਆਫ਼ ਫਿਲਾਸਫੀ (ਪੀਐਚਡੀ) ਪ੍ਰੋਗਰਾਮ ਸ਼ੁਰੂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਅੱਜ ਇੱਥੇ ਇਸ ਬਾਰੇ ਜਾਣਕਾਰੀ ਦਿੰਦਿਆਂ ਵਾਈਸ ਚਾਂਸਲਰ ਪੁਸ਼ਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸੰਸਥਾ ਨੂੰ ਉੱਤਮਤਾ ਦੀਆਂ ਨਵੀਆਂ ਉਚਾਈਆਂ 'ਤੇ ਪਹੁੰਚਾਉਣ ਦੇ ਉਦੇਸ਼ ਨਾਲ ਐਮ.ਬੀ.ਐਸ.ਪੀ.ਐਸ.ਯੂ. ਯੂਨੀਵਰਸਿਟੀ ਨਵੀਨ ਅਕਾਦਮਿਕ ਪਹਿਲਕਦਮੀਆਂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਆਪਣੇ ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਅਕਾਦਮਿਕ ਢਾਂਚੇ ਨੂੰ ਸਫ਼ਲਤਾਪੂਰਵਕ ਸਥਾਪਤ ਕਰਨ ਤੋਂ ਬਾਅਦ ਯੂਨੀਵਰਸਿਟੀ ਹੁਣ ਇੱਕ ਖੋਜ-ਅਧਾਰਤ ਸੰਸਥਾ ‘ਚ ਤਬਦੀਲੀ ਵੱਲ ਕਦਮ ਵਧਾ ਰਹੀ ਹੈ।
ਡਾ. ਗਿੱਲ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਯੋਗ ਫੈਕਲਟੀ, ਲੈਬਾਟਰੀਆਂ ਲਈ ਢੁਕਵਾਂ ਬੁਨਿਆਦੀ ਢਾਂਚਾ ਅਤੇ ਢਾਂਚਾਗਤ ਅਕਾਦਮਿਕ ਪ੍ਰਣਾਲੀਆਂ ਦੀ ਉਪਲਬਧਤਾ ਦੇ ਨਾਲ ਐਮ.ਬੀ.ਐਸ.ਪੀ.ਐਸ.ਯੂ. ਯੂਨੀਵਰਸਿਟੀ ਡਾਕਟਰੇਟ ਪ੍ਰੋਗਰਾਮ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂ ਵਿੱਚ ਇਹ ਪੀਐਚਡੀ ਪ੍ਰੋਗਰਾਮ ਚਾਰ ਤਰਜੀਹੀ ਖੋਜ ਖੇਤਰਾਂ - ਸਪੋਰਟਸ ਬਾਇਓਮਕੈਨਿਕਸ, ਐਕਸਰਸਾਈਜ਼ ਫਿਜ਼ੀਓਲੋਜੀ, ਸਪੋਰਟਸ ਸਾਈਕੋਲੋਜੀ ਅਤੇ ਸਪੋਰਟਸ ਮੈਨੇਜਮੈਂਟ ਤੇ ਗਵਰਨੈਂਸ ਵਿੱਚ ਪੇਸ਼ ਕੀਤਾ ਜਾਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਇਹ ਪਹਿਲ ਓਲੰਪਿਕ ਪ੍ਰਦਰਸ਼ਨ, ਸਾਇੰਟੀਫਿਕ ਐਥਲੀਟ ਮੌਨੀਟਰਿੰਗ ਅਤੇ ਠੋਸ ਖੇਡ ਨੀਤੀ ਵੱਲ ਦੇਸ਼ ਦੀ ਵੱਧ ਰਹੀ ਤਵੱਜੋ ਨਾਲ ਮੇਲ ਖਾਂਦੀ ਹੈ। ਯੂਨੀਵਰਸਿਟੀ ਦਾ ਉਦੇਸ਼ ਸਵਦੇਸ਼ੀ ਖੇਡ ਵਿਗਿਆਨ ਖੋਜ, ਹਾਈ-ਪਰਫਾਰਮੈਂਸ
ਐਥਲੀਟ ਡਿਵੈਪਮੈਂਟ, ਇੰਜਰੀ ਪਰੀਵੈਂਸ਼ਨ ਸਟੱਡੀ ਅਤੇ ਖੇਡ ਖੇਤਰ ਵਿੱਚ ਸ਼ਾਸਨ ਸੁਧਾਰਾਂ ਦੇ ਖੇਤਰ ‘ਚ ਅਰਥਪੂਰਨ ਯੋਗਦਾਨ ਪਾਉਣਾ ਹੈ ਤਾਂ ਜੋ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕੀਤਾ ਜਾ ਸਕੇ।
ਵਾਈਸ ਚਾਂਸਲਰ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪ੍ਰੋਗਰਾਮ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦੇ ਨਵੇਂ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਦੇ ਨਾਲ ਨਾਲ ਯੂਨੀਵਰਸਿਟੀ ਐਕਟ ਅਧੀਨ ਕਾਨੂੰਨੀ ਪ੍ਰਬੰਧਾਂ ਅਤੇ ਪੰਜਾਬ ਸਰਕਾਰ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰੇਗਾ।
ਪਾਰਦਰਸ਼ਤਾ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਯੂਨੀਵਰਸਿਟੀ ਸਮਰਪਿਤ ਖੋਜ ਸ਼ਾਸਨ ਢਾਂਚੇ ਸਥਾਪਤ ਕਰੇਗੀ, ਜਿਸ ਵਿੱਚ ਇੱਕ ਖੋਜ ਡਿਗਰੀ ਕਮੇਟੀ (ਆਰਡੀਸੀ), ਵਿਭਾਗੀ ਖੋਜ ਕਮੇਟੀਆਂ (ਡੀਆਰਸੀ), ਖੋਜ ਸਲਾਹਕਾਰ ਕਮੇਟੀਆਂ (ਆਰਏਸੀ), ਇੱਕ ਯੂਨੀਵਰਸਿਟੀ ਖੋਜ ਨੈਤਿਕਤਾ ਕਮੇਟੀ ਅਤੇ ਸਾਹਿਤ/ਕੰਮ ਦੀ ਚੋਰੀ ਸਬੰਧੀ ਨਿਗਰਾਨ ਪ੍ਰਣਾਲੀ ਸ਼ਾਮਲ ਹੋਵੇਗੀ।
ਡਾ. ਗਿੱਲ ਨੇ ਦੱਸਿਆ ਕਿ ਪਹਿਲੇ ਸਾਲ ਦੌਰਾਨ ਦਾਖਲੇ ਲਈ ਸੀਟਾਂ ਦੀ ਗਿਣਤੀ ਸੀਮਤ ਅਤੇ ਪੂਰੀ ਤਰ੍ਹਾਂ ਸੁਪਰਵਾਈਜ਼ਰ ਯੋਗਤਾ, ਪ੍ਰਯੋਗਸ਼ਾਲਾ ਦੀ ਤਿਆਰੀ ਅਤੇ ਖੋਜ ਬੁਨਿਆਦੀ ਢਾਂਚੇ ਦੀ ਉਪਲਬਧਤਾ 'ਤੇ ਅਧਾਰਤ ਹੋਵੇਗੀ।
ਲਾਗੂਕਰਨ ਯੋਜਨਾ ਦੇ ਹਿੱਸੇ ਵਜੋਂ ਡਰਾਫਟ ਪੀਐਚਡੀ ਆਰਡੀਨੈਂਸ ਅਤੇ ਨਿਯਮਾਂ ਨੂੰ ਕਾਨੂੰਨੀ ਪ੍ਰਵਾਨਗੀ ਲਈ ਅਕਾਦਮਿਕ ਕੌਂਸਲ ਅਤੇ ਕਾਰਜਕਾਰੀ ਕੌਂਸਲ ਦੇ ਸਾਹਮਣੇ ਰੱਖਿਆ ਜਾਵੇਗਾ। ਦਾਖਲਿਆਂ ਦੀ ਨੋਟੀਫਿਕੇਸ਼ਨ ਤੋਂ ਪਹਿਲਾਂ ਬੁਨਿਆਦੀ ਢਾਂਚੇ ਦੀ ਤਿਆਰੀ ਸਬੰਧੀ ਸਰਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ।
ਪੰਜ ਸਾਲਾ ਦ੍ਰਿਸ਼ਟੀਕੋਣ ਦੀ ਰੂਪਰੇਖਾ ਬਾਰੇ ਦੱਸਦਿਆਂ ਡਾ. ਗਿੱਲ ਨੇ ਕਿਹਾ ਕਿ ਯੂਨੀਵਰਸਿਟੀ ਦਾ ਉਦੇਸ਼ ਉੱਚ-ਗੁਣਵੱਤਾ ਵਾਲੀ ਡਾਕਟਰੇਟ ਖੋਜ ਕਰਕੇ ਇਸਨੂੰ ਮਾਨਤਾ ਪ੍ਰਾਪਤ ਸੂਚੀਬੱਧ ਜਰਨਲਸ ਵਿੱਚ ਪ੍ਰਕਾਸ਼ਤ ਕਰਨਾ, ਇੱਕ ਵਿਸ਼ੇਸ਼ ਖੋਜ ਲੈਬਾਟਰੀ ਸਥਾਪਤ ਕਰਨਾ ਅਤੇ ਰਾਸ਼ਟਰੀ ਖੇਡ ਸੰਸਥਾਵਾਂ ਤੇ ਖੋਜ ਸੰਸਥਾਵਾਂ ਨਾਲ ਸਹਿਯੋਗ ਵਿਕਸਤ ਕਰਨਾ ਹੈ।
ਡਾ. ਗਿੱਲ ਨੇ ਅੱਗੇ ਕਿਹਾ ਕਿ ਪੀਐਚਡੀ ਪ੍ਰੋਗਰਾਮ ਦੀ ਸ਼ੁਰੂਆਤ ਐਮਬੀਐਸਪੀਐਸਯੂ ਲਈ ਕਿਸੇ ਮੀਲ ਪੱਥਰ ਤੋਂ ਘੱਟ ਨਹੀਂ ਹੈ, ਜੋ ਪੰਜਾਬ ਅਤੇ ਦੇਸ਼ ਭਰ ਵਿੱਚ ਖੇਡ ਰਿਸਰਚ ਲਈ ਉੱਤਮਤਾ ਦੇ ਇੱਕ ਭਰੋਸੇਯੋਗ ਕੇਂਦਰ ਵਜੋਂ ਉਭਰਨ ਪ੍ਰਤੀ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤੀ ਦੇਵੇਗਾ।