ਮਾਨਸਾ- ਪੰਜਾਬ 'ਚ ਕਤਲ, ਫਿਰੌਤੀ, ਲੁੱਟ-ਖੋਹ ਦੀਆਂ ਨਿੱਤ ਦਿਨ ਹੋ ਰਹੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਸੂਬੇ 'ਚ ਚਿੱਟੇ ਦਿਨ ਅਪਰਾਧੀ ਕਿਸੇ ਨੂੰ ਵੀ ਕਤਲ ਕਰਕੇ ਫਰਾਰ ਹੋ ਜਾਂਦੇ ਹਨ। ਤਾਜ਼ਾ ਮਾਮਲਾ, ਮਾਨਸਾ ਦੇ ਸਰਦੂਲਗੜ੍ਹ ਤੋਂ ਸਾਹਮਣੇ ਆਇਆ ਹੈ, ਜਿਥੇ ਬਦਮਾਸ਼ਾਂ ਨੇ ਇੱਕ ਵਪਾਰੀ ਅਤੇ ਉਸ ਦੇ ਮੁਲਾਜ਼ਮ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਵਪਾਰੀ ਤੇ ਉਸ ਦੇ ਮੁਲਾਜ਼ਮਾਂ ਨੂੰ ਉਸ ਦੇ ਫਾਰਮ ਹਾਊਸ 'ਤੇ ਮੁਲਜ਼ਮਾਂ ਨੇ ਗੋਲੀਆਂ ਨਾਲ ਭੁੰਨਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ, ਜਸਵੀਰ ਕੁਮਾਰ ਉਰਫ਼ ਕਾਕਾ, ਅਤੇ ਉਸਦਾ ਮੁਲਾਜਮ ਬਲਦੇਵ, ਪੌਦਿਆਂ ਦੀ ਦੇਖਭਾਲ ਲਈ ਰੋਜ਼ਾਨਾ ਫਾਰਮ ਹਾਊਸ ਜਾਂਦੇ ਸਨ।
ਰਿਪੋਰਟਾਂ ਅਨੁਸਾਰ, ਸ਼ਹਿਰ ਨਿਵਾਸੀ ਜਸਵੀਰ ਕੁਮਾਰ ਉਰਫ਼ ਕਾਕਾ (47) ਆਪਣੇ ਮਾਲੀ ਬਲਦੇਵ (45) ਨਾਲ ਰੋਜ਼ਾਨਾ ਸੈਲਰ ਰੋਡ 'ਤੇ ਸਥਿਤ ਆਪਣੇ ਫਾਰਮ ਹਾਊਸ 'ਤੇ ਪੌਦਿਆਂ ਦੀ ਦੇਖਭਾਲ ਲਈ ਆਉਂਦਾ ਸੀ। ਅੱਜ ਸਵੇਰੇ, ਜਦੋਂ ਉਹ ਆਪਣੇ ਮੁਲਾਜਮ ਬਲਦੇਵ ਨਾਲ ਫਾਰਮ ਹਾਊਸ ਪਹੁੰਚ ਰਿਹਾ ਸੀ, ਤਾਂ ਅਣਪਛਾਤੇ ਹਮਲਾਵਰਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੇ ਸਿਰ ਅਤੇ ਅੱਖ 'ਤੇ ਸੱਟ ਲੱਗੀ। ਸਰਦੂਲਗੜ੍ਹ ਪੁਲਿਸ ਹਮਲਾਵਰਾਂ ਦੀ ਪਛਾਣ ਅਤੇ ਉਨ੍ਹਾਂ ਦੋਵਾਂ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਐਸਐਸਪੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਦੋ ਲੋਕਾਂ ਦਾ ਕਤਲ ਕੀਤਾ ਗਿਆ ਹੈ। ਪੁਲਿਸ ਦੀ ਇੱਕ ਫੋਰੈਂਸਿਕ ਟੀਮ ਵੀ ਮੌਕੇ 'ਤੇ ਪਹੁੰਚੀ ਹੈ ਅਤੇ ਹਰ ਪਹਿਲੂ ਤੋਂ ਸਬੂਤ ਇਕੱਠੇ ਕਰ ਰਹੀ ਹੈ।