ਲੁਧਿਆਣਾ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਜਪਾ ‘ਤੇ ਤਿੱਖਾ ਹਮਲਾ ਬੋਲਦਿਆਂ, ਉਸਦੀ ਕਾਰਗੁਜ਼ਾਰੀ ‘ਤੇ ਕੜੀ ਟਿੱਪਣੀ ਕੀਤੀ ਹੈ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦਾ ਹਵਾਲਾ ਦਿੰਦਿਆਂ, ਵੜਿੰਗ ਨੇ ਕਿਹਾ ਕਿ ਦਿੱਲੀ ਤੋਂ ਆਉਣ ਵਾਲੇ ਭਾਜਪਾ ਆਗੂ ਪੰਜਾਬ ਵਿੱਚ ਸਿਰਫ਼ ਕਾਂਗਰਸ ਨੂੰ ਗਾਲਾਂ ਕੱਢਣ ਦੇ ਏਜੰਡੇ ਨਾਲ ਆਉਂਦੇ ਹਨ। ਉਨ੍ਹਾਂ ਨੇ ਲਾਲ ਕ੍ਰਿਸ਼ਨ ਅਡਵਾਨੀ ਦੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਦਾ ਜ਼ਿਕਰ ਕਰਦਿਆਂ, ਕਿਸਾਨਾਂ ਦੇ ਮੁੱਦੇ, 1984 ਦੇ ਪੀੜਤਾਂ ਨੂੰ ਇਨਸਾਫ਼ ਅਤੇ ਨਸ਼ਿਆਂ ਦੇ ਮਸਲੇ ‘ਤੇ ਸਰਕਾਰ ਦੀ ਨਾਕਾਮੀ ਉਜਾਗਰ ਕੀਤਾ ਅਤੇ ਭਾਜਪਾ ‘ਤੇ ਜਖ਼ਮਾਂ, ਧਰਮ ਅਤੇ ਜਾਤ ਨਾਲ ਰਾਜਨੀਤੀ ਕਰਨ ਦੇ ਦੋਸ਼ ਲਗਾਏ।
ਵੜਿੰਗ ਨੇ ਭਾਜਪਾ ਨੂੰ ਕਿਹਾ ਕਿ ਸਾਡੇ ਜਖ਼ਮਾਂ ਨੂੰ ਨਾ ਖੁਰਚੋ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਮਾਈ ਕੰਟਰੀ ਮਾਈ ਲਾਈਫ ਲਾਲ ਕ੍ਰਿਸ਼ਨ ਅਡਵਾਨੀ ਦੀ ਕਿਤਾਬ ਹੈ। ਉਸ ਕਿਤਾਬ ਵਿੱਚ ਲਿਖਿਆ ਗਿਆ ਹੈ ਕਿ ਅਸੀਂ ਉਸ ਸਮੇਂ ਦੀ ਸਰਕਾਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਮਲਾ ਕਰਨ ਲਈ ਮਜਬੂਰ ਕੀਤਾ ਸੀ। ਇਹ ਕਿਤਾਬ ਅੱਜ ਵੀ ਬਾਜ਼ਾਰ ਵਿੱਚ ਮਿਲਦੀ ਹੈ। ਉਹ ਭਾਜਪਾ ਆਗੂਆਂ ਨੂੰ ਕਹਿਣਾ ਚਾਹੁੰਦੇ ਹਨ ਕਿ ਉਹ ਇਸਨੂੰ ਪੜ੍ਹ ਕੇ ਇਸ ਬਾਰੇ ਸਪਸ਼ਟੀਕਰਨ ਦੇਣ।
ਉਨ੍ਹਾਂ ਕਿਹਾ ਕਿ ਸ਼ਾਇਦ ਅਸੀਂ 1984 ਨੂੰ ਆਪਣੇ ਅੱਖਾਂ ਨਾਲ ਨਹੀਂ ਦੇਖਿਆ, ਕਿਉਂਕਿ ਉਸ ਵੇਲੇ ਅਸੀਂ ਬੱਚੇ ਸੀ, ਪਰ ਅਸੀਂ ਉਹੋ ਜਿਹੀ ਸਥਿਤੀ ਦੇਖੀ ਹੈ, ਜੋ ਤੁਸੀਂ ਕਿਸਾਨਾਂ ਲਈ ਸਰਹੱਦਾਂ ‘ਤੇ ਬਣਾਈ ਸੀ। ਉੱਥੇ 700 ਤੋਂ ਵੱਧ ਕਿਸਾਨ ਮਾਰੇ ਗਏ ਜਾਂ ਜ਼ਖ਼ਮੀ ਹੋਏ। ਉਨ੍ਹਾਂ ਦੇ ਸਿਰ ਵਿੱਚ ਗੋਲੀਆਂ ਮਾਰਨ ਤੋਂ ਬਾਅਦ ਵੀ ਤੁਸੀਂ ਐਫ.ਆਈ.ਆਰ ਦਰਜ ਕਰਨ ਨਹੀਂ ਦਿੱਤੀ।
ਸੂਬਾ ਕਾਂਗਰਸ ਪ੍ਰਧਾਨ ਨੇ ਭਾਜਪਾ ‘ਤੇ ਤੰਜ ਕਰਦਿਆਂ ਕਿਹਾ ਕਿ ਤੁਸੀਂ ਕਹਿੰਦੇ ਹੋ ਕਿ 1984 ਲਈ ਇਨਸਾਫ਼ ਦਿਵਾਓਗੇ। ਤੁਸੀਂ 12 ਸਾਲ ਤੋਂ ਸੱਤਾ ਵਿੱਚ ਹੋ, ਫਿਰ ਦਿਓ ਇਨਸਾਫ਼। ਇਨ੍ਹਾਂ ਨੂੰ ਮੁਆਵਜ਼ਾ ਕਾਫ਼ੀ ਪਹਿਲਾਂ ਮਿਲਣਾ ਚਾਹੀਦਾ ਸੀ, ਪਰ ਅਜੇ ਤੱਕ ਨਹੀਂ ਦਿੱਤਾ ਗਿਆ। ਜੇਕਰ ਦੇਸ਼ ਦਾ ਪ੍ਰਧਾਨ ਮੰਤਰੀ ਮੁਆਵਜ਼ਾ ਨਹੀਂ ਦੇਵੇਗਾ ਤਾਂ ਫਿਰ ਕੌਣ ਦੇਵੇਗਾ?
ਇਸੇ ਤਰ੍ਹਾਂ, ਧਰਮ ਪਰਿਵਰਤਨ ਦੇ ਮਸਲੇ ‘ਤੇ ਭਾਜਪਾ ਨੂੰ ਘੇਰਦਿਆਂ, ਵੜਿੰਗ ਨੇ ਕਿਹਾ ਕਿ ਪਾਰਟੀ ਕਹਿੰਦੀ ਹੈ ਕਿ ਜੇਕਰ ਉਸਦੀ ਸਰਕਾਰ ਆਈ, ਤਾਂ ਇਹ ਮਸਲਾ ਹੱਲ ਕੀਤਾ ਜਾਵੇਗਾ। ਲੇਕਿਨ 12 ਸਾਲਾਂ ਤੋਂ ਜੇਕਰ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਧਰਮ ਪਰਿਵਰਤਨ ਰੋਕਣ ਵਿੱਚ ਅਸਫਲ ਰਹੇ ਹਨ, ਤਾਂ ਫਿਰ ਕਦੋਂ ਕਾਰਵਾਈ ਕਰੋਗੇ?
ਵੜਿੰਗ ਨੇ ਨਸ਼ਿਆਂ ਦੇ ਵਧ ਰਹੇ ਸੰਕਟ ‘ਤੇ ਗੱਲ ਕਰਦਿਆਂ, ਕਿਹਾ ਕਿ ਜਿੱਥੇ ਸੂਬੇ ਦੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਹੈ, ਉੱਥੇ ਹੀ ਵੱਡੀ ਜ਼ਿੰਮੇਵਾਰੀ ਭਾਜਪਾ ‘ਤੇ ਵੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕਹਿੰਦੀ ਹੈ ਕਿ ਨਸ਼ੇ ਖਤਮ ਕਰ ਦੇਵੇਗੀ, ਪਰ ਹਕੀਕਤ ਇਹ ਹੈ ਕਿ ਨਸ਼ੇ ਪੰਜਾਬ ਦੀ ਸਰਹੱਦਾਂ ਰਾਹੀਂ ਬਿਨਾਂ ਰੋਕਟੋਕ ਆ ਰਹੇ ਹਨ। ਉਨ੍ਹਾਂ ਕਿਹਾ ਕਿ ਤਰਨਤਾਰਨ ਤੋਂ ਲੈ ਕੇ ਫਾਜਿਲਕਾ ਤੱਕ ਡਰੋਨ ਰਾਹੀਂ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਹੋ ਰਹੀ ਹੈ ਅਤੇ ਕੇਂਦਰ ਸਰਕਾਰ ਦੇ ਅਧੀਨ ਕੰਮ ਕਰ ਰਹੀ ਬੀ ਐੱਸ ਐਫ ਇਸਨੂੰ ਰੋਕਣ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਲਾਪਰਵਾਹੀ ਨੇ ਪੰਜਾਬ ਦਾ ਸੰਕਟ ਹੋਰ ਗੰਭੀਰ ਕੀਤਾ ਹੈ ਅਤੇ ਭਾਜਪਾ ਦੇ ਖੋਖਲੇ ਵਾਅਦਿਆਂ ਨੂੰ ਬੇਨਕਾਬ ਕੀਤਾ ਹੈ।
ਵੜਿੰਗ ਨੇ ਕਿਹਾ ਕਿ ਭਾਜਪਾ ਪੰਜਾਬ ਦੀ ਸਥਿਤੀ ਨੂੰ ਖਰਾਬ ਕਰਨ ਵਿੱਚ ਆਪਣੀ ਭੂਮਿਕਾ ਤੋਂ ਇਨਕਾਰ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਹਰ ਕੋਈ ਭਾਜਪਾ ਦਾ ਤਰੀਕਾ ਜਾਣਦਾ ਹੈ, ਪਹਿਲਾਂ ਅੱਗ ਲਗਾਉ ਅਤੇ ਫਿਰ ਪਾਣੀ ਪਾਉਣ ਦਾ ਨਾਟਕ ਕਰੋ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਤੰਜ ਕਰਦਿਆਂ, ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਸਿਆਸਤ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਇਸ ਤਰ੍ਹਾਂ ਦੇ ਹਥਕੰਡਿਆਂ ਨਾਲ ਗੁੰਮਰਾਹ ਨਹੀਂ ਹੋਣਗੇ।
ਵੜਿੰਗ ਨੇ ਸਿੱਧੂ ਮੂਸੇਵਾਲੇ ਦਾ ਜ਼ਿਕਰ ਕਰਦਿਆਂ, ਕਿਹਾ ਕਿ ਤੁਸੀਂ ਇਨਸਾਫ਼ ਦੀ ਗੱਲ ਕਰਦੇ ਹੋ? ਤੁਸੀਂ ਮੂਸੇਵਾਲਾ ਨੂੰ ਅਜੇ ਤੱਕ ਇਨਸਾਫ਼ ਨਹੀਂ ਦਿਵਾਇਆ। ਜਿਸ ਨੇ ਉਸਦੀ ਹੱਤਿਆ ਕੀਤੀ ਉਹ ਸਾਬਰਮਤੀ ਕੇਂਦਰੀ ਜੇਲ੍ਹ, ਗੁਜਰਾਤ ਵਿੱਚ ਬੈਠਾ ਹੈ। ਉਹ ਅੱਜ ਵੀ ਉਸਦੇ ਪਿਤਾ ਨੂੰ ਧਮਕੀਆਂ ਦਿੰਦਾ ਹੈ ਅਤੇ ਤੁਸੀਂ ਕਾਨੂੰਨ ਬਣਾਇਆ ਹੈ ਕਿ ਉਹ ਗੁਜਰਾਤ ਵਿੱਚ ਹੀ ਰਹੇਗਾ।
ਇਸ ਮੌਕੇ ਪੰਜਾਬ ਸਾਬਕਾ ਮੰਤਰੀ ਰਾਕੇਸ਼ ਪਾਂਡੇ, ਸਾਬਕਾ ਵਿਧਾਇਕ ਸੰਜੇ ਤਲਵਾੜ, ਕੁਲਦੀਪ ਸਿੰਘ ਵੈਦ, ਸਿਮਰਜੀਤ ਸਿੰਘ ਬੈਂਸ, ਸਾਬਕਾ ਜਿਲ੍ਹਾ ਕਾਂਗਰਸ ਲੁਧਿਆਣਾ ਸ਼ਹਿਰੀ ਪ੍ਰਧਾਨ ਪਵਨ ਦੀਵਾਨ ਅਤੇ ਸਾਬਕਾ ਚੇਅਰਮੈਨ ਹਾਊਸਫੈਡ ਪੰਜਾਬ ਕੇ.ਕੇ ਬਾਵਾ ਵੀ ਮੌਜੂਦ ਸਨ।