ਅੰਮ੍ਰਿਤਸਰ- ਸਿੱਖ ਕੌਮ ਦੇ ਮਹਾਨ ਜਰਨੈਲ, ਸ੍ਰੀ ਅਕਾਲ ਤਖ਼ਤ ਸਾਹਿਬ ਨਿਧੜਕ ਜਥੇਦਾਰ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਛੇਵੇਂ ਮੁਖੀ ਅਕਾਲੀ ਬਾਬਾ ਫੂਲਾ ਸਿੰਘ ਜੀ 203ਵੀਂ ਸਲਾਨਾ ਬਰਸੀ ਸਰਧਾ ਭਾਵਨਾ ਸਤਿਕਾਰ ਨਾਲ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਮਨਾਈ ਗਈ। ਇਸ ਸਮੇਂ ਬਾਬਾ ਹਰਜੀਤ ਸਿੰਘ ਖੰਡਾ ਖੜਕੇਗਾ, ਬੀਬੀ ਹਰਪ੍ਰੀਤ ਕੌਰ ਸੁਖਮਨੀ ਸੇਵਾ ਸੁਸਾਇਟੀ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਸਿੱਖ ਪੰਥ ਦੇ ਪ੍ਰਸਿੱਧ ਕਵੀਸ਼ਰ ਭਾਈ ਧਰਮ ਸਿੰਘ, ਭਾਈ ਸੁਖਜੀਤ ਸਿੰਘ ਕੱਨ੍ਹਈਆ ਕਥਾਵਾਚਕ ਨੇ ਸੰਗਤ ਨੂੰ ਸਿੱਖ ਇਤਿਹਾਸ ਸਰਵਣ ਕਰਵਾਇਆ।
ਬੁੱਢਾ ਦਲ ਦੇ ਮੈਨੇਜਰ ਸ. ਪਰਮਜੀਤ ਸਿੰਘ ਬਾਜਵਾ ਵੱਲੋਂ ਜਾਰੀ ਇਕ ਲਿਖਤੀ ਪ੍ਰੈਸ ਬਿਆਨ ਵਿੱਚ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਬਾਬਾ ਫੂਲਾ ਸਿੰਘ ਖਾਲਸਾ ਰਾਜ ਦੇ ਥੰਮ੍ਹ ਸਨ, ਜਿਨ੍ਹਾਂ ਦੀ ਸ਼ਹਾਦਤ ਮੌਕੇ ਮਹਾਰਾਜਾ ਰਣਜੀਤ ਸਿੰਘ ਨੇ ਵਿਰਾਗ ਵਿੱਚ ਆ ਕੇ ਕਿਹਾ ਸੀ ਕਿ ਸਿੱਖ ਰਾਜ ਦਾ ਇਕ ਮਹਾਨ ਨਾਇਕ ਤੁਰ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਜੀ ਦਾ ਸਾਰਾ ਜੀਵਨ ਖਾਲਸਾ ਰਾਜ ਅਤੇ ਸਿੱਖ ਪੰਥ ਦੀ ਸਲਾਮਤੀ ਵਾਸਤੇ ਸੀ, ਜਿਸ ਨੂੰ ਵਰਤਮਾਨ ਪੀੜ੍ਹੀ ਦੇ ਰੂਬਰੂ ਕਰਵਾਉਣਾ ਬਹੁਤ ਅਹਿਮ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸ਼ਬਦ ਬਾਬਾ ਫੂਲਾ ਸਿੰਘ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਦੀ ਜਰਨੈਲੀ ਦਿੱਖ ਨੂੰ ਹੂਬਹੂ ਪ੍ਰਭਾਸ਼ਤ ਕਰਦਾ ਹੈ। ਅਕਾਲੀ ਹੋਣਾ ਆਮ ਗੱਲ ਨਹੀਂ ਹੈ, ਇਹ ਦੈਵੀ ਗੁਣਾਂ ਅਤੇ ਇਕ ਕਰਤਾਰੀ ਸ਼ਕਤੀ ਦਾ ਲਖਾਇਕ ਹੈ। ਅੱਜ ਅਕਾਲੀ ਬਾਬਾ ਫੂਲਾ ਸਿੰਘ ਦੇ ਕਿਰਦਾਰ ਨੂੰ ਸਮਝਣ ਅਤੇ ਸਿੱਖ ਚੇਤਨਤਾ ਦਾ ਹਿੱਸਾ ਬਣਾਉਣ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਸਿੱਖ ਨੌਜੁਆਨੀ ਨੂੰ ਆਪਣੇ ਇਤਿਹਾਸ ਤੋਂ ਸੇਧ ਲੈਣ ਦੀ ਹੋਰ ਵੀ ਜ਼ਿਆਦਾ ਜ਼ਰੂਰਤ ਹੈ, ਕਿਉਂਕਿ ਅੱਜ ਦੇ ਸ਼ੋਸ਼ਲ ਮੀਡੀਆ ਯੁੱਗ ਅੰਦਰ ਕੱਚਘਰੜ ਅਤੇ ਅਗਿਆਨੀ ਲੋਕਾਂ ਵੱਲੋਂ ਪਰੋਸਿਆ ਜਾ ਰਿਹਾ ਵਿਚਾਰ ਸਮਾਜ ਲਈ ਬਹੁਤ ਖਤਰਨਾਕ ਸਾਬਤ ਹੋ ਰਿਹਾ ਹੈ। ਸਿੱਖ ਰਹਿਣੀ, ਗੁਰੂ ਹੁਕਮ ਅਤੇ ਸਿੱਖ ਪ੍ਰੰਪਰਾਵਾਂ ਦੀ ਲੋੜ। ਇਸ ਸੰਦਰਭ ਵਿਚ ਅਕਾਲੀ ਬਾਬਾ ਫੂਲਾ ਸਿੰਘ ਦੀ ਦੇਣ ਨੂੰ ਸਮਰਪਤ ਹੋਣ ਦੀ ਲੋੜ ਹੈ। ਉਨ੍ਹਾਂ ਨਾਲ ਹੀ ਸਮੂਹ ਦੇਸ਼ ਵਿਦੇਸ਼ ਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਨਾਨਕਸਾਹੀ ਸੰਮਤ 558 ਚੇਤ ਮਹੀਨੇ ਦੀ ਚੜਦੀ ਸੰਗਰਾਂਦ ਤੇ ਨਵੇਂ ਸਾਲ ਦੀ ਵਧਾਈ ਦਿਤੀ।
ਇਸ ਦੌਰਾਨ ਸ. ਭਗਵਾਨ ਸਿੰਘ ਜੌਹਲ ਸਟੇਜ ਦੀ ਸੇਵਾ ਨਿਭਾੳਂਦਿਆਂ ਕਿਹਾ ਕਿ ਦਲ ਨੂੰ ਇਸ ਗੱਲ ਦਾ ਮਾਣ ਹੈ ਕਿ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਛੇਵੇਂ ਜਥੇਦਾਰ ਸਨ। ਉਨ੍ਹਾਂ ਵੱਲੋਂ ਕੀਤੀਆਂ ਪੰਥਕ ਸੇਵਾਵਾਂ ਅੱਜ ਵੀ ਸਿੱਖ ਇਤਿਹਾਸ ਦੀ ਮਿਸਾਲ ਹੈ। ਉਦਾਹਰਣਾਂ ਵਜੋਂ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦਾ ਨਾਂ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਹਮੇਸ਼ਾ ਹੀ ਸਿੱਖ ਪੰਥ ਦੀ ਮੋਹਰੀ ਹੋ ਕੇ ਅਗਵਾਈ ਕਰਦਾ ਰਿਹਾ ਹੈ ਅਤੇ ਇਸ ਦੀ ਉਦਾਹਰਣ ਹੈ ਕਿ ਦਲ ਪੰਥ ਦੇ ਦਸ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬਤੌਰ ਜਥੇਦਾਰ ਕੌਮ ਦੀ ਅਗਵਾਈ ਕਰਦੇ ਰਹੇ।
ਇਸ ਸਮੇਂ ਸਿੰਘ ਸਾਹਿਬ ਗਿ. ਗੁਰਬਚਨ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਬਾਬਾ ਗੁਰਮੇਲ ਸਿੰਘ ਇੰਚਾਰਜ਼ ਬੁੱਢਾ ਦਲ ਕਨੇਡਾ, ਬਾਬਾ ਜਸਵਿੰਦਰ ਸਿੰਘ ਜੱਸੀ ਇੰਚਾਰਜ਼ ਬੁੱਢਾ ਦਲ ਯੂ.ਐਸ.ਏ, ਬਾਬਾ ਸਤਨਾਮ ਸਿੰਘ ਖਡੂਰ ਸਾਹਿਬ ਵਾਲੇ, ਬਾਬਾ ਇੰਦਰਬੀਰ ਸਿੰਘ ਸਤਲਾਣੀ ਸਾਹਿਬ ਵਾਲੇ, ਬਾਬਾ ਮਨਜੀਤ ਸਿੰਘ ਗੁਰ ਨਾਨਕ ਦਲ ਮੜੀਆਂ ਵਾਲੇ, ਸ. ਇੰਦਰਪਾਲ ਸਿੰਘ ਫੌਜੀ ਹਜ਼ੂਰ ਸਾਹਿਬ, ਸ. ਐਸ.ਪੀ ਸਿੰਘ, ਸ. ਹਰਪਾਲ ਸਿੰਘ ਆਹਲੂਵਾਲੀਆ, ਬਾਬਾ ਕੁਲਦੀਪ ਸਿੰਘ ਕੋਟਦੂਲਾ, ਸ. ਹਰਦਿਆਲ ਸਿੰਘ ਬਾਜਵਾ ਆੜਤੀ, ਬਾਬਾ ਭਗਤ ਸਿੰਘ, ਬਾਬਾ ਜੋਗਾ ਸਿੰਘ ਹਨੂੰਮਾਨਗੜ੍ਹ, ਬਾਬਾ ਬਲਦੇਵ ਸਿੰਘ ਢੋਡੀਵਿੰਡ, ਬਾਬਾ ਗੁਰਮੁਖ ਸਿੰਘ, ਬਾਬਾ ਸੁਖਦੇਵ ਸਿੰਘ ਸੁੱਖਾ, ਬਾਬਾ ਗੁਰਪ੍ਰੀਤ ਸਿੰਘ, ਬਾਬਾ ਸ਼ੇਰ ਸਿੰਘ, ਬਾਬਾ ਜੋਗਾ ਸਿੰਘ, ਬਾਬਾ ਅਮਰੀਕ ਸਿੰਘ, ਬਾਬਾ ਗੁਰਲਾਲ ਸਿੰਘ, ਬਾਬਾ ਗਗਨਦੀਪ ਸਿੰਘ ਆਦਿ ਹਾਜ਼ਰ ਸਨ।