ਅੰਮ੍ਰਿਤਸਰ -ਸ਼ੋ੍ਰਮਣੀ ਕਮੇਟੀ ਵਲੋ ਤਿਆਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਜਾਰੀ ਨਵੇ ਨਾਨਕਸ਼ਾਹੀ ਸਾਲ 558 ਦਾ ਕੈਲੰਡਰ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਕੈਲੰਡਰ ਵਿਚ ਇਸ ਵਾਰ ਮਲ ਮਾਸ (ਵਾਧੂ ਮਹੀਨਾ) ਆ ਜਾਣ ਕਾਰਨ ਨਾਨਕਸ਼ਾਹੀ ਸਾਲ 558 ਦੇ ਕੈਲੰਡਰ ਵਜੋ ਪ੍ਰਚਾਰਿਆ ਜਾ ਰਿਹਾ ਕੈਲੰਡਰ ਵਿਚ 12 ਦੀ ਬਜਾਏ 13 ਮਹੀਨੇ ਦਾ ਕੈਲੰਡਰ ਬਣ ਗਿਆ ਹੈ। ਮਲ ਮਾਸ ਆ ਜਾਣ ਕਾਰਨ ਜੇਠ ਦਾ ਮਹੀਨਾ ਵੀ 64 ਦਿਨ ਦਾ ਦਿਖਾਇਆ ਗਿਆ ਹੈ।ਸ੍ਰੀ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਜੋ ਕਿ ਚੰਦਰਮਾਂ ਕੈਲੰਡਰ ਅਨੁਸਾਰ ਜੇਠ ਸੁਦੀ ਚੌਥ ਨੂੰ ਮਨਾਇਆ ਜਾਂਦਾ ਹੈ । ਇਸ ਵਾਰ ਦੋ ਵਾਰੀ ਜੇਠ ਸੁਦੀ ਚੌਥ 20 ਮਈ ਤੇ 18 ਜੂਨ ਨੂੰ ਆਈ ਹੈ। ਵਿਦਵਾਨਾਂ ਨੇ ਰਾਏ ਕਰਕੇ 18 ਜੂਨ ਨੂੰ ਸ੍ਰੀ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਤਹਿ ਕੀਤਾ ਹੈ।ਇਸ ਕੈਲੰਡਰ ਨੂੰ ਤਿਆਰ ਕਰਨ ਲਈ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਕ ਸਬ ਕਮੇਟੀ ਦਾ ਗਠਨ ਕੀਤਾ ਸੀ ਜਿਸ ਵਿਚ ਸ਼ੋ੍ਰਮਣੀ ਕਮੇਟੀ ਮੈਂਬਰ ਸ੍ਰ ਅਮਰਜੀਤ ਸਿੰਘ ਚਾਵਲਾ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ, ਭਾਈ ਅਵਤਾਰ ਸਿੰਘ ਵਣਵਾਲਾ, ਭਾਈ ਸੁਖਵਰਸ਼ ਸਿੰਘ ਪਨੂੰ ਨੂੰ ਸ਼ਾਮਲ ਕੀਤਾ ਗਿਆ ਸੀ। ਸਿੱਖ ਇਤਿਹਾਸ ਰਿਸਰਚ ਬੋਰਡ ਦੇ ਸ੍ਰ ਰਾਜਵਿੰਦਰ ਸਿੰਘ ਜੋਗਾ ਨੂੰ ਇਸ ਕੈਲੰਡਰ ਕਮੇਟੀ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਸੀ। ਕੈਲੰਡਰ ਬਾਰੇ ਗਲ ਕਰਦਿਆਂ ਰਾਜਵਿੰਦਰ ਸਿੰਘ ਜੋਗਾ ਨੇ ਦਸਿਆ ਕਿ ਇਸ ਬਾਰੇ ਮਾਹਿਰਾ ਦੀ ਰਾਏ ਲੈ ਕੇ ਹੀ ਕੈਲੰਡਰ ਤਿਆਰ ਕੀਤਾ ਗਿਆ ਹੈ। ਕੈਲੰਡਰ ਜਾਰੀ ਕਰਨ ਤੋ ਪਹਿਲਾਂ ਅਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਦੇ ਨਾਲ ਨਾਲ ਕੈਲੰਡਰ ਮਾਹਿਰਾਂ ਲੰਮੀਆਂ ਚਰਚਾਵਾਂ ਵੀ ਹੋਈਆਂ। ਕੈਲੰਡਰ ਕਮੇਟੀ ਦੇ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ ਨੇ ਕਿਹਾ ਕਿ ਕੈਲੰਡਰ ਨੂੰ ਲੈ ਕੇ ਕਿਸੇ ਕਿਸਮ ਦਾ ਵਿਵਾਦ ਨਹੀ ਹੈ। ਪਿਛਲੇ ਸਾਲ ਤੋ ਅਸੀ ਕੈਲੰਡਰ ਵਿਚ ਵਦੀ ਸੁਦੀ ਸ਼ਾਮਲ ਕੀਤੀ ਸੀ ਜਿਸ ਤੋ ਬਾਅਦ ਕੈਲੰਡਰ ਚਰਚਾ ਦਾ ਵਿਸ਼ਾ ਬਣਿਆ ਹੈ। ਅਸੀ ਕੈਲੰਡਰ ਦਾ ਖਰੜਾ ਤਿਆਰ ਕਰਕੇ ਪ੍ਰਧਾਨ ਸ਼ੋ੍ਰਮਣੀ ਕਮੇਟੀ ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲ ਭੇਜਿਆ ਸੀ ਤੇ ਜਥੇਦਾਰ ਨੇ ਜੋ ਫਾਇਨਲ ਕੀਤਾ ਅਸੀ ਉਸ ਨੂੰ ਮੰਨ ਕੇ ਇਹ ਕੈਲੰਡਰ ਜਾਰੀ ਕੀਤਾ।ਦਸਣਯੋਗ ਹੈ ਕਿ ਕੈਲੰਡਰ ਦੇ ਜਾਣਕਾਰਾਂ ਮੁਤਾਬਿਕ ਸਿੱਖ ਕੈਲੰਡਰ ਚੰਦਰਮਾਂ, ਸੂਰਜੀ ਤੇ ਈਸਵੀ ਦੇ ਅਧਾਰ ਤੇ ਚਲਦਾ ਹੈ।ਇਸ ਵਿਚ ਗੁਰੂ ਸਾਹਿਬਾਨ ਦੇ ਨਾਲ ਸੰਬਧਤ ਦਿਹਾੜੇ ਜਿੰਨਾ; ਵਿਚ ਪ੍ਰਕਾਸ਼ ਪੁਰਬ, ਗੁਰਤਾਗੱਦੀ ਪੁਰਬ ਅਤੇ ਜ਼ੋਤੀ ਜ਼ੋਤਿ ਦਿਹਾੜਾ ਚੰਦਰਮਾਂ ਕੈਲੰਡਰ ਅਨੁਸਾਰ, ਗੁਰੂ ਪ੍ਰਵਾਰਾਂ ਦੇ ਜਨਮ ਦਿਹਾੜੇ ਤੇ ਸਚਖੰਡ ਪਿਆਣਾ ਦਿਹਾੜਾ ਸੂਰਜੀ ਕੈਲੰਡਰ ਮੁਤਾਬਿਕ ਮੰਨੇ ਜਾਂਦੇ ਹਨ। ਇਸੇ ਤਰਾਂ ਨਾਲ ਸਿੱਖ ਸ਼ਹੀਦਾਂ ਤੇ ਹੋਰ ਸਾਕਿਆ ਤੇ ਮੋਰਚਿਆਂ ਨਾਲ ਸਬੰਧਤ ਦਿਹਾੜੇ ਈਸਵੀ ਕੈਲੰਡਰ ਮੁਤਾਬਿਕ ਤਹਿ ਕੀਤੇ ਜਾਂਦੇ ਹਨ।