ਚੰਡੀਗੜ੍ਹ-ਭਾਰਤੀ ਜਨਤਾ ਪਾਰਟੀ ਨੇ ਅੱਜ ਪੰਜਾਬ ਭਰ ਦੇ ਜ਼ਿਲ੍ਹਾ ਹੈਡਕੁਆਰਟਰਾਂ ‘ਤੇ ਧਰਨੇ ਦਿੱਤੇ, ਜਿਨ੍ਹਾਂ ਵਿੱਚ ਸਾਬਕਾ ਆਪ ਮੰਤਰੀ ਲਾਲਜੀਤ ਸਿੰਘ ਭੁੱਲਰ ਖਿਲਾਫ ਜਾਂਚ ਸੀਬੀਆਈ ਨੂੰ ਦੇਣ ਦੀ ਮੰਗ ਕੀਤੀ ਗਈ। ਇਸ ਦੌਰਾਨ ਸੂਬਾ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਪਟਿਆਲਾ ਵਿੱਚ ਲਾਲਜੀਤ ਸਿੰਘ ਭੁੱਲਰ ਦਾ ਪੁਤਲਾ ਵੀ ਸਾੜਿਆ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਲਾਲਜੀਤ ਸਿੰਘ ਭੁੱਲਰ ਦੀ ਗ੍ਰਿਫਤਾਰੀ ਦਰਅਸਲ ਉਸ ਵੇਲੇ ਹੋਈ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਕੇਸ ਦੀ ਜਾਂਚ ਸੀਬੀਆਈ ਨੂੰ ਦੇਣ ਦਾ ਸੰਕੇਤ ਦਿੱਤਾ ਅਤੇ ਭਾਜਪਾ ਵੱਲੋਂ ਇਸ ਮਾਮਲੇ ‘ਤੇ ਬਣੇ ਦਬਾਅ ਕਾਰਨ ਇਹ ਕਦਮ ਚੁੱਕਿਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਸੂਬਾ ਸਰਕਾਰ ਨਹੀਂ ਚਾਹੁੰਦੀ ਕਿ ਕੇਸ ਸੀਬੀਆਈ ਕੋਲ ਜਾਵੇ ਕਿਉਂਕਿ ਇਸ ਨਾਲ ਦਿੱਲੀ ਸਮੇਤ ਆਪ ਆਗੂਆਂ ਨਾਲ ਜੁੜੀਆਂ ਕਈ ਪਰਤਾਂ ਖੁਲ੍ਹ ਜਾਣਗੀਆਂ ਅਤੇ ਇਹ ਵੀ ਸਾਹਮਣੇ ਆਵੇਗਾ ਕਿ ਮੰਤਰੀਆਂ ਵੱਲੋਂ ਇਕੱਠਾ ਕੀਤਾ ਗਿਆ ਪੈਸਾ ਕਿੱਥੇ ਭੇਜਿਆ ਜਾਂਦਾ ਸੀ।
ਜਾਖੜ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਡੀਆਈਜੀ ਭੁੱਲਰ ਦੇ ਕੇਸ ਵਿੱਚ ਪੰਜਾਬ ਸਰਕਾਰ ਨੇ ਜਾਂਚ ਸੀਬੀਆਈ ਕੋਲ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਵੀ ਗ੍ਰਿਫਤਾਰੀ ਇਸੇ ਮਕਸਦ ਨਾਲ ਕੀਤੀ ਗਈ ਹੈ ਤਾਂ ਜੋ ਕੇਸ ਨੂੰ ਲੰਮਾ ਖਿੱਚਿਆ ਜਾ ਸਕੇ। ਹਾਲਾਂਕਿ ਉਨ੍ਹਾਂ ਕਿਹਾ ਕਿ ਭਾਜਪਾ ਅਜਿਹਾ ਨਹੀਂ ਹੋਣ ਦੇਵੇਗੀ ਅਤੇ ਪਾਰਟੀ ਪੂਰਾ ਨਿਆਂ ਮਿਲਣ ਤੱਕ ਸੰਘਰਸ਼ ਕਰਦੀ ਰਹੇਗੀ ਅਤੇ ਪੀੜਤ ਪਰਿਵਾਰ ਦੇ ਨਾਲ ਡੱਟ ਕੇ ਖੜੀ ਰਹੇਗੀ।
ਭਾਜਪਾ ਸੂਬਾ ਪ੍ਰਧਾਨ ਨੇ ਮੰਗ ਕੀਤੀ ਕਿ ਇਸ ਕੇਸ ਦੀ ਜਾਂਚ ਸੀਬੀਆਈ ਕਰੇ ਅਤੇ ਸੁਣਵਾਈ ਫਾਸਟ ਟਰੈਕ ਕੋਰਟ ਵਿੱਚ ਹੋਵੇ ਤਾਂ ਜੋ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਜ਼ਾ ਮਿਲੇ ਅਤੇ ਪਰਿਵਾਰ ਨੂੰ ਨਿਆਂ ਮਿਲ ਸਕੇ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸਰਕਾਰ ਕੇਸ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਪੀੜਤ ਪਰਿਵਾਰ ‘ਤੇ ਅਜੇ ਵੀ ਦਬਾਅ ਬਣਾਇਆ ਜਾ ਰਿਹਾ ਹੈ।