ਨਵੀਂ ਦਿੱਲੀ - ਸਿੱਖ ਬ੍ਰਦਰਹੁੱਡ ਇੰਟਰਨੈਸ਼ਨਲ ਦੇ ਮੁਖੀ ਗੁਨਜੀਤ ਸਿੰਘ ਬਖ਼ਸ਼ੀ ਨੇ ਕਿਹਾ ਕਿ ਸਿੱਖ ਕੌਮ ਦੇ ਨਾਮ ’ਤੇ ਵੱਖਵਾਦ ਅਤੇ ਨੌਜਵਾਨਾਂ ਨੂੰ ਭੜਕਾਉਣ ਵਾਲੀਆਂ ਜਥੇਬੰਦੀਆਂ ਪੰਥ ਦੀ ਸੇਵਾ ਨਹੀਂ ਕਰ ਰਹੀਆਂ। ਉਨ੍ਹਾਂ ਕਿਹਾ ਕਿ ਜੂਨ 1984 ਦੀਆਂ ਘਟਨਾਵਾਂ ਹਰ ਸਿੱਖ ਲਈ ਦੁਖਦਾਈ ਹਨ, ਪਰ ਇਸ ਦਰਦ ਨੂੰ ਨਫ਼ਰਤ ਜਾਂ ਟਕਰਾਅ ਲਈ ਵਰਤਣਾ ਠੀਕ ਨਹੀਂ। ਕੁਝ ਗਰਮ ਖਿਆਲੀ ਧੜੇ ਭਾਵਨਾਤਮਕ ਨਾਰਿਆਂ ਰਾਹੀਂ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਬਖ਼ਸ਼ੀ ਨੇ ਕਿਹਾ ਕਿ ਇਨ੍ਹਾਂ ਧੜਿਆਂ ਵਿੱਚ ਆਪਸੀ ਏਕਤਾ ਅਤੇ ਸਾਂਝੀ ਸੋਚ ਦੀ ਘਾਟ ਹੈ। ਕੋਈ ਚੋਣੀ ਰਾਜਨੀਤੀ, ਕੋਈ ਰੈਫਰੈਂਡਮ ਅਤੇ ਕੋਈ ਹਥਿਆਰਬੰਦ ਸੰਘਰਸ਼ ਦੀ ਗੱਲ ਕਰਦਾ ਹੈ, ਜਿਸ ਨਾਲ ਉਨ੍ਹਾਂ ਦੀ ਅਸਪੱਸ਼ਟ ਦਿਸ਼ਾ ਸਾਹਮਣੇ ਆਉਂਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਸੇਵਾ, ਭਾਈਚਾਰੇ, ਨਿਆਂ ਅਤੇ “ਸਰਬੱਤ ਦਾ ਭਲਾ” ਦਾ ਸੰਦੇਸ਼ ਦਿੰਦਾ ਹੈ। ਸਿੱਖ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਅਤੇ ਕੱਟੜਪੰਥੀ ਪ੍ਰਚਾਰ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਅਤੇ ਸਿੱਖ ਕੌਮ ਦੀ ਤਰੱਕੀ ਸਿੱਖਿਆ, ਰੋਜ਼ਗਾਰ, ਸਮਾਜਿਕ ਸੁਧਾਰ ਅਤੇ ਪੰਥਕ ਏਕਤਾ ਵਿੱਚ ਹੈ। ਨੌਜਵਾਨਾਂ ਨੂੰ ਅਜਿਹੇ ਤੱਤਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਇਤਿਹਾਸਕ ਘਟਨਾਵਾਂ ਦੀ ਆੜ ਵਿੱਚ ਆਪਣੀਆਂ ਰਾਜਨੀਤਿਕ ਮਨਸ਼ਾਵਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੇ ਹਨ।