ਨਵੀਂ ਦਿੱਲੀ- ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ, ਫਤਿਹ ਨਗਰ, ਜੇਲ੍ਹ ਰੋਡ, ਨਵੀਂ ਦਿੱਲੀ ਵਿਖੇ ਜੁਲਾਈ ਮਹੀਨੇ ਦੌਰਾਨ ਲੜੀਵਾਰ ਕੀਰਤਨ ਸਮਾਗਮ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਏ ਜਾਣਗੇ। ਸਮਾਗਮਾਂ ਦੌਰਾਨ ਪੰਥ ਪ੍ਰਸਿੱਧ ਰਾਗੀ ਜਥੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਸਮਾਗਮਾਂ ਦੀ ਸ਼ੁਰੂਆਤ 4 ਅਤੇ 5 ਜੁਲਾਈ ਨੂੰ ਭਾਈ ਸ਼ੁਭਦੀਪ ਸਿੰਘ ਜੀ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ) ਦੇ ਕੀਰਤਨ ਨਾਲ ਹੋਵੇਗੀ। ਇਸ ਤੋਂ ਬਾਅਦ 7 ਜੁਲਾਈ ਨੂੰ ਭਾਈ ਜਗਜੀਤ ਸਿੰਘ (ਦਿੱਲੀ ਵਾਲੇ), 12 ਜੁਲਾਈ ਨੂੰ ਭਾਈ ਸਰੂਪ ਸਿੰਘ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ), 16 ਅਤੇ 17 ਜੁਲਾਈ ਨੂੰ ਮੁੜ ਭਾਈ ਸ਼ੁਭਦੀਪ ਸਿੰਘ, 17 ਜੁਲਾਈ ਨੂੰ ਭਾਈ ਸਰਬਜੀਤ ਸਿੰਘ ਜੀ (ਪਟਨਾ ਸਾਹਿਬ ਵਾਲੇ) ਅਤੇ 26 ਜੁਲਾਈ ਨੂੰ ਭਾਈ ਜਸਕਰਨ ਸਿੰਘ ਵੱਲੋਂ ਗੁਰਬਾਣੀ ਕੀਰਤਨ ਕੀਤਾ ਜਾਵੇਗਾ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਮਨੁੱਖਤਾ ਦੇ ਭਲੇ ਲਈ ਧਾਰਮਿਕ, ਸਮਾਜਿਕ ਅਤੇ ਲੋਕ ਭਲਾਈ ਨਾਲ ਸੰਬੰਧਿਤ ਵੱਖ-ਵੱਖ ਸੇਵਾਵਾਂ ਨਿਰੰਤਰ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਅਤੇ ਲੋੜਵੰਦ ਲੋਕ ਲਾਹਾ ਲੈ ਰਹੇ ਹਨ। ਕਮੇਟੀ ਨੇ ਕਿਹਾ ਕਿ ਗੁਰੂ ਘਰ ਦੀਆਂ ਇਹ ਸੇਵਾਵਾਂ ਭਵਿੱਖ ਵਿੱਚ ਵੀ ਪੂਰੀ ਤਨਦੇਹੀ ਅਤੇ ਸਮਰਪਣ ਭਾਵਨਾ ਨਾਲ ਜਾਰੀ ਰਹਿਣਗੀਆਂ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਗਮੋਹਨ ਸਿੰਘ ਆਨੰਦ, ਮੀਤ ਪ੍ਰਧਾਨ ਸਰਦਾਰ ਤਰਵਿੰਦਰ ਪਾਲ ਸਿੰਘ, ਸਕੱਤਰ ਸਰਦਾਰ ਮਨਮੋਹਨ ਸਿੰਘ, ਮੀਤ ਸਕੱਤਰ ਸਰਦਾਰ ਦਵਿੰਦਰ ਸਿੰਘ ਭਸੀਨ ਅਤੇ ਖਜਾਨਚੀ ਸਰਦਾਰ ਗੁਰਮੀਤ ਸਿੰਘ ਜੱਗੀ ਨੇ ਸਮੂਹ ਗੁਰੂ-ਪਿਆਰੀ ਸੰਗਤ ਨੂੰ ਪਰਿਵਾਰ ਸਮੇਤ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਗੁਰਬਾਣੀ ਕੀਰਤਨ ਦਾ ਲਾਹਾ ਲੈਣ ਦੀ ਅਪੀਲ ਕੀਤੀ ਹੈ।