ਐਸ.ਏ.ਐਸ. ਨਗਰ-ਇਕ ਗੰਭੀਰ ਬਿਮਾਰੀ ਸਧਾਰਨ ਪਰਿਵਾਰ ਨੂੰ ਵਿੱਤੀ ਬੇਯਕੀਨੀ ਵੱਲ ਧੱਕ ਸਕਦੀ ਹੈ, ਪਰ ਪੰਜਾਬ ਵਿੱਚ ਹੁਣ ਲੱਖਾਂ ਘਰਾਂ ਤੱਕ 10 ਲੱਖ ਰੁਪਏ ਦੀ ਸਿਹਤ ਸੁਰੱਖਿਆ ਯੋਜਨਾ ਪਹੁੰਚ ਚੁੱਕੀ ਹੈ। ਮੋਹਾਲੀ ਵਿੱਚ ‘ਮੁੱਖ ਮੰਤਰੀ ਸਿਹਤ ਯੋਜਨਾ’ ਦੇ ਕਾਰਡ ਵੰਡ ਸਮਾਰੋਹ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਕਿਵੇਂ 1.26 ਕਰੋੜ ਸਿਹਤ ਕਾਰਡਾਂ ਨੇ 54 ਲੱਖ ਪਰਿਵਾਰਾਂ ਨੂੰ ਸਿਹਤ ਸੁਰੱਖਿਆ ਪ੍ਰਦਾਨ ਕੀਤੀ ਹੈ, ਜਿਸ ਤਹਿਤ ਹੁਣ ਤੱਕ 7 ਲੱਖ ਤੋਂ ਵੱਧ ਮਰੀਜ਼ਾਂ ਦੇ ਇਲਾਜ 'ਤੇ 1, 310 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ।
ਇਸ ਨੂੰ ਦੁਨੀਆ ਦੀ ਇਕਲੌਤੀ ਬਿਨਾਂ ਸ਼ਰਤ ਵਾਲੀ ਅਤੇ ਪੂਰੀ ਤਰ੍ਹਾਂ ਮੁਫਤ ਸਿਹਤ ਸੰਭਾਲ ਸਕੀਮ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਪਹਿਲਕਦਮੀ ਯਕੀਨੀ ਬਣਾਉਂਦੀ ਹੈ ਕਿ ਪਰਿਵਾਰ ਬਿਨਾਂ ਕਿਸੇ ਖਰਚੇ ਦੀ ਚਿੰਤਾ ਕੀਤੇ ਇਲਾਜ ਕਰਵਾ ਸਕਣ, ਜਦਕਿ ਆਮ ਆਦਮੀ ਕਲੀਨਿਕ ਸੂਬੇ ਭਰ ਵਿੱਚ ਕਿਫਾਇਤੀ ਸਿਹਤ ਸਹੂਲਤਾਂ ਨੂੰ ਹੋਰ ਮਜ਼ਬੂਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਵੱਡਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਹਰ ਨਾਗਰਿਕ ਸਿਹਤਮੰਦ ਰਹੇ ਅਤੇ 'ਰੰਗਲਾ ਪੰਜਾਬ' ਸਿਰਜਿਆ ਜਾਵੇ।
ਐਕਸ 'ਤੇ ਇਸ ਯੋਜਨਾ ਦੀ ਸ਼ੁਰੂਆਤ ਬਾਰੇ ਸਾਂਝੇ ਕੀਤੇ ਸ਼ਬਦਾਂ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅੱਜ ਮੋਹਾਲੀ ਵਿਖੇ ‘ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਵੰਡ ਸਮਾਰੋਹ’ ਦੌਰਾਨ ਮੈਂ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਪੰਜਾਬ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਸਾਡੀ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ। ਅੱਜ ਲਾਭਪਾਤਰੀਆਂ ਨੂੰ ਸਿਹਤ ਕਾਰਡ ਵੰਡੇ ਗਏ, ਜਿਸ ਨਾਲ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਸਹੂਲਤ ਮਿਲੀ ਹੈ। ਸਮਾਗਮ ਵਿੱਚ ਪਹੁੰਚੇ ਲੋਕਾਂ ਨੇ ਵੀ ਸਰਕਾਰ ਦੇ ਇਸ ਉਪਰਾਲੇ ਦੀ ਤਹਿ ਦਿਲੋਂ ਸ਼ਲਾਘਾ ਕੀਤੀ ਹੈ। ਸਾਡਾ ਟੀਚਾ ਹਰ ਨਾਗਰਿਕ ਨੂੰ ਸਿਹਤਮੰਦ ਰੱਖਣਾ ਅਤੇ ‘ਰੰਗਲਾ ਪੰਜਾਬ’ ਬਣਾਉਣਾ ਹੈ। ਇਨਕਲਾਬ ਜ਼ਿੰਦਾਬਾਦ।”
ਇੱਥੇ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਵੰਡ ਸਮਾਰੋਹ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸਕੀਮ ਲਾਭਪਾਤਰੀਆਂ ਤੋਂ ਇੱਕ ਵੀ ਪੈਸਾ ਲਏ ਬਿਨਾਂ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਉਂਦੀ ਹੈ। ਉਨ੍ਹਾਂ ਕਿਹਾ, “ਜਿੱਥੇ ਵਿਦੇਸ਼ਾਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਡਾਕਟਰੀ ਸਹੂਲਤਾਂ ਲੈਣ ਤੋਂ ਪਹਿਲਾਂ ਸਿਹਤ ਬੀਮਾ ਕਰਵਾਉਣਾ ਪੈਂਦਾ ਹੈ ਅਤੇ ਪ੍ਰੀਮੀਅਮ ਦੇਣਾ ਪੈਂਦਾ ਹੈ, ਉੱਥੇ ਹੀ ਪੰਜਾਬ ਲਾਭਪਾਤਰੀਆਂ 'ਤੇ ਕੋਈ ਵਿੱਤੀ ਬੋਝ ਪਾਏ ਬਿਨਾਂ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਮੁਹੱਈਆ ਕਰਵਾ ਰਿਹਾ ਹੈ।"
ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਸਾਡਾ ਉਦੇਸ਼ ਸਿਰਫ਼ ਇਲਾਜ ਮੁਹੱਈਆ ਕਰਵਾਉਣਾ ਹੀ ਨਹੀਂ ਹੈ, ਸਗੋਂ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਪਰਿਵਾਰ ਬਿਮਾਰੀ ਕਾਰਨ ਕਰਜ਼ੇ ਜਾਂ ਵਿੱਤੀ ਸੰਕਟ ਵਿੱਚ ਨਾ ਫਸੇ। ਸਿਹਤ ਸਹੂਲਤਾਂ ਕੋਈ ਅਜਿਹੀ ਐਸ਼ੋ-ਆਰਾਮ ਦੀ ਚੀਜ਼ ਨਹੀਂ ਬਣਨੀ ਚਾਹੀਦੀ ਜੋ ਸਿਰਫ਼ ਅਮੀਰਾਂ ਨੂੰ ਹੀ ਮਿਲ ਸਕੇ।”
ਉਨ੍ਹਾਂ ਕਿਹਾ, “ਵਿਦੇਸ਼ਾਂ ਵਿੱਚ, ਲੋਕਾਂ ਨੂੰ ਆਮ ਤੌਰ 'ਤੇ ਪ੍ਰੀਮੀਅਮ ਭਰ ਕੇ ਸਿਹਤ ਬੀਮਾ ਕਰਵਾਉਣਾ ਪੈਂਦਾ ਹੈ। ਪੰਜਾਬ ਵਿੱਚ ਸਾਡੀ ਸਰਕਾਰ ਲੋਕਾਂ 'ਤੇ ਅਜਿਹਾ ਕੋਈ ਵਿੱਤੀ ਬੋਝ ਪਾਏ ਬਿਨਾਂ ਇਹ ਸਿਹਤ ਸਹੂਲਤ ਪ੍ਰਦਾਨ ਕਰ ਰਹੀ ਹੈ। ਅਸੀਂ ਇਹ ਯਕੀਨੀ ਬਣਾਇਆ ਹੈ ਕਿ ਲੋਕ ਇਸ ਗੱਲ ਦੀ ਚਿੰਤਾ ਕੀਤੇ ਬਿਨਾਂ ਇਲਾਜ ਕਰਵਾ ਸਕਣ ਕਿ ਉਨ੍ਹਾਂ ਦੀ ਜੇਬ ਵਿੱਚ ਪੈਸੇ ਹਨ ਜਾਂ ਨਹੀਂ। ਕਿਸੇ ਵੀ ਪਰਿਵਾਰ ਨੂੰ ਵਿੱਤੀ ਤੰਗੀ ਕਾਰਨ ਆਪਣਾ ਇਲਾਜ ਟਾਲਣ ਜਾਂ ਛੱਡਣਾ ਨਾ ਪਵੇ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮਹਿੰਗਾ ਇਲਾਜ ਇੱਕ ਗਰੀਬ ਪਰਿਵਾਰ ਨੂੰ ਅਜਿਹੀ ਹਾਲਤ ਵਿੱਚ ਧੱਕ ਸਕਦਾ ਹੈ ਜਿੱਥੇ ਉਸ ਨੂੰ ਮਹਿੰਗੇ ਮੈਡੀਕਲ ਬਿੱਲਾਂ ਜਾਂ ਜ਼ਿੰਦਗੀ ਵਿੱਚੋਂ, ਕਿਸੇ ਇੱਕ ਦੀ ਚੋਣ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਅਸੀਂ ਹੁਣ ਇਸ ਸਥਿਤੀ ਨੂੰ ਬਦਲ ਦਿੱਤਾ ਹੈ। ਅੱਜ ਲੋਕ ਆਪਣੀ ਪਸੰਦ ਦੇ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਤੋਂ ਇਲਾਜ ਕਰਵਾ ਸਕਦੇ ਹਨ। ਇਹ ਸਕੀਮ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਉਂਦੀ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਸਿਹਤ ਅਤੇ ਵਿੱਤੀ ਸੁਰੱਖਿਆ, ਦੋਵੇਂ ਪ੍ਰਦਾਨ ਕਰਨ ਵੱਲ ਇੱਕ ਵੱਡਾ ਕਦਮ ਹੈ। ਇਸ ਦਾ ਲਾਭ ਲੈਣ ਲਈ ਕੋਈ ਸ਼ਰਤਾਂ ਨਹੀਂ ਹਨ।”
ਮੁੱਖ ਮੰਤਰੀ ਨੇ ਕਿਹਾ, “ਸਾਡੀ ਸਰਕਾਰ ਦੀ ਸਿਹਤ ਸੰਭਾਲ ਪਹਿਲਕਦਮੀ ਆਮ ਆਦਮੀ ਨੂੰ ਸ਼ਾਸਨ ਦੇ ਕੇਂਦਰ ਵਿੱਚ ਰੱਖਣ ਦੇ ਸਾਡੇ ਵਿਆਪਕ ਫਲਸਫੇ ਨੂੰ ਦਰਸਾਉਂਦੀ ਹੈ। ਅਸੀਂ ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਸਮਝਦੇ ਹਾਂ ਕਿਉਂਕਿ ਸਾਡੀਆਂ ਨੀਤੀਆਂ ਉਨ੍ਹਾਂ ਦੀਆਂ ਰੋਜ਼ਾਨਾ ਲੋੜਾਂ ਦੇ ਆਲੇ-ਦੁਆਲੇ ਤਿਆਰ ਕੀਤੀਆਂ ਗਈਆਂ ਹਨ।”
ਆਪਣੇ ਸਿਆਸੀ ਵਿਰੋਧੀਆਂ 'ਤੇ ਤਨਜ਼ ਕੱਸਦਿਆਂ ਉਨ੍ਹਾਂ ਕਿਹਾ, ''ਜੇਕਰ ਇਲਾਜ ਸਹੀ ਹੋਵੇ ਤਾਂ ਡਾਕਟਰ ਬਦਲਣ ਦੀ ਲੋੜ ਨਹੀਂ ਹੁੰਦੀ। ਇਸੇ ਤਰ੍ਹਾਂ ਜੇਕਰ ਸਰਕਾਰ ਲੋਕ ਪੱਖੀ ਹੋਵੇ ਤਾਂ ਉਸ ਨੂੰ ਬਦਲਣ ਦੀ ਲੋੜ ਨਹੀਂ ਹੈ।''
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਤਬਦੀਲੀ ਸਿਰਫ਼ ਸਿਹਤ ਸੰਭਾਲ ਤੱਕ ਹੀ ਸੀਮਤ ਨਹੀਂ ਹੈ। 'ਰੰਗਲੇ ਪੰਜਾਬ' ਦੇ ਰੰਗ ਵੱਖ-ਵੱਖ ਖੇਤਰਾਂ 'ਚ ਨਜ਼ਰ ਆਉਣ ਲੱਗ ਪਏ ਹਨ। ਪੰਜਾਬ ਬੇਅੰਤ ਸੰਭਾਵਨਾਵਾਂ ਵਾਲੀ ਪਵਿੱਤਰ ਧਰਤੀ ਹੈ ਅਤੇ ਅਸੀਂ ਸੂਬੇ ਦੇ ਅੰਦਰ ਹੀ ਆਪਣੇ ਲੋਕਾਂ ਲਈ ਮੌਕੇ ਪੈਦਾ ਕਰਕੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੰਮ ਕਰ ਰਹੇ ਹਾਂ।”
ਮੁੱਖ ਮੰਤਰੀ ਨੇ ਕਿਹਾ, “ਅਸੀਂ ਇੱਕ ਖੁਸ਼ਹਾਲ ਅਤੇ ਰੰਗਲਾ ਪੰਜਾਬ ਸਿਰਜਣਾ ਚਾਹੁੰਦੇ ਹਾਂ। ਸਾਨੂੰ ਕੈਲੀਫੋਰਨੀਆ ਨਹੀਂ ਚਾਹੀਦਾ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਮਜ਼ਬੂਤ ਹੋਵੇ ਤਾਂ ਜੋ ਸਾਡੇ ਨੌਜਵਾਨ ਇੱਥੇ ਆਪਣਾ ਭਵਿੱਖ ਬਣਾ ਸਕਣ।''
ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਜਿਹੜੇ ਲੋਕ ਆਮ ਲੋਕਾਂ ਨੂੰ ਰਾਹਤ ਦੇਣ 'ਚ ਅਸਫਲ ਰਹੇ, ਉਹ ਹੁਣ ਉਨ੍ਹਾਂ ਸਕੀਮਾਂ 'ਤੇ ਸਵਾਲ ਉਠਾ ਰਹੇ ਹਨ ਜਿਨ੍ਹਾਂ ਦਾ ਸਾਰੇ ਪਰਿਵਾਰਾਂ ਨੂੰ ਸਿੱਧਾ ਫਾਇਦਾ ਹੋ ਰਿਹਾ ਹੈ। ਲੋਕ ਖੁਦ ਉਨ੍ਹਾਂ ਸਰਕਾਰਾਂ ਵਿਚਕਾਰ ਫਰਕ ਦੇਖ ਸਕਦੇ ਹਨ ਜਿਨ੍ਹਾਂ ਨੇ ਸਿਰਫ਼ ਐਲਾਨ ਕੀਤੇ ਸਨ ਅਤੇ ਉਸ ਸਰਕਾਰ ਵਿਚਕਾਰ, ਜੋ ਜ਼ਮੀਨੀ ਪੱਧਰ 'ਤੇ ਲਾਭ ਪਹੁੰਚਾ ਰਹੀ ਹੈ।"
ਮੁੱਖ ਮੰਤਰੀ ਨੇ ਕੇਂਦਰ 'ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ, "ਕੇਂਦਰ ਨੇ ਪੰਜਾਬ ਦੇ ਬਣਦੇ ਫੰਡ ਰੋਕ ਲਏ ਹਨ, ਪਰ ਅਸੀਂ ਲੋਕਾਂ ਨੂੰ ਸਹੂਲਤਾਂ ਦੇਣੀਆਂ ਬੰਦ ਨਹੀਂ ਕੀਤੀਆਂ। ਇਸ ਦੇ ਬਾਵਜੂਦ, ਅਸੀਂ ਆਪਣੀਆਂ ਭਲਾਈ ਸਕੀਮਾਂ ਅਤੇ ਵਿਕਾਸ ਕਾਰਜ ਜਾਰੀ ਰੱਖੇ ਹਨ।"
ਉਨ੍ਹਾਂ ਕਿਹਾ, “ਅਸੀਂ ਲੀਕੇਜ ਨੂੰ ਬੰਦ ਕੀਤਾ ਹੈ ਅਤੇ ਇਹ ਯਕੀਨੀ ਬਣਾਇਆ ਹੈ ਕਿ ਜਨਤਾ ਦੇ ਪੈਸੇ ਦੀ ਵਰਤੋਂ ਲੋਕ ਭਲਾਈ ਲਈ ਹੋਵੇ। ਅਸੀਂ ਕਦੇ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ। ਇਸ ਦੀ ਬਜਾਏ ਅਸੀਂ ਸਰਕਾਰੀ ਸਰੋਤਾਂ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਇਆ ਹੈ।”
ਉਨ੍ਹਾਂ ਕਿਹਾ, “ਅਸੀਂ ਮੁਲਾਜ਼ਮਾਂ ਪ੍ਰਤੀ ਆਪਣੀਆਂ ਵਚਨਬੱਧਤਾਵਾਂ ਨੂੰ ਵੀ ਪੂਰਾ ਕਰ ਰਹੇ ਹਾਂ ਅਤੇ ਉਨ੍ਹਾਂ ਦੇ ਬਣਦੇ ਬਕਾਏ ਦੀ ਅਦਾਇਗੀ ਨੂੰ ਯਕੀਨੀ ਬਣਾ ਰਹੇ ਹਾਂ।” ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਐਲਾਨ ਕੀਤਾ ਕਿ ਸਰਕਾਰੀ ਮੁਲਾਜ਼ਮਾਂ ਨੂੰ ਵੀ ਦੀਵਾਲੀ ਦਾ ਤੋਹਫ਼ਾ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ, “ਪਿਛਲੀਆਂ ਸਰਕਾਰਾਂ ਵੇਲੇ ਤਾਕਤਵਰ ਲੋਕਾਂ ਨੇ ਸਰਕਾਰੀ ਸਕੀਮਾਂ ਦਾ ਲਾਭ ਉਠਾਇਆ। ਸਾਡੀ ਸਰਕਾਰ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ ਕਿ ਇਨ੍ਹਾਂ ਦਾ ਲਾਭ ਆਮ ਨਾਗਰਿਕਾਂ ਤੱਕ ਪਹੁੰਚੇ।”
ਬਿਨਾਂ ਸ਼ਰਤਾਂ ਅਤੇ ਬਿਨਾਂ ਕਿਸੇ ਕੀਮਤ ਦੇ ਇਲਾਜ ਪ੍ਰਦਾਨ ਕਰ ਰਹੀ ਹੈ। ਦੁਨੀਆ ਵਿੱਚ ਇਹ ਆਪਣੇ ਆਪ ਦੀ ਇਕਲੌਤੀ ਸਕੀਮ ਹੈ।"
ਇਸ ਦੌਰਾਨ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਦੱਸਿਆ ਕਿ ਸਮੇਂ ਸਿਰ ਇਲਾਜ ਨਾਲ ਪੇਚੀਦਗੀਆਂ ਨੂੰ ਰੋਕਿਆ ਜਾ ਸਕਦਾ ਹੈ, ਰਿਕਵਰੀ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ ਅਤੇ ਪਰਿਵਾਰਾਂ ਲਈ ਬਿਮਾਰੀ ਦੇ ਲੰਬੇ ਸਮੇਂ ਦੇ ਖਰਚੇ ਨੂੰ ਘਟਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ, “ਇਹ ਸਿਹਤ ਯੋਜਨਾ ਡਾਇਲਸਿਸ, ਦਿਲ ਦੇ ਇਲਾਜ, ਕੈਂਸਰ ਦੇ ਇਲਾਜ, ਗੋਡੇ ਬਦਲਣ, ਮੋਤੀਆਬਿੰਦ ਦੀ ਸਰਜਰੀ, ਸੀ-ਸੈਕਸ਼ਨ ਡਿਲੀਵਰੀ, ਟਰਾਂਸਪਲਾਂਟ ਸੇਵਾਵਾਂ ਅਤੇ ਐਮਰਜੈਂਸੀ ਦੇਖਭਾਲ ਸਮੇਤ ਜ਼ਰੂਰੀ ਸੇਵਾਵਾਂ ਤੱਕ ਪਹੁੰਚ ਵਿੱਚ ਸਹਾਇਤਾ ਕਰ ਰਹੀ ਹੈ।”
ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਰਾਜਿੰਦਰਾ ਹਸਪਤਾਲ, ਪਟਿਆਲਾ ਵਿਖੇ ਪਹਿਲਾ ਕਿਡਨੀ ਟਰਾਂਸਪਲਾਂਟ ਪੂਰੀ ਤਰ੍ਹਾਂ ਨਾਲ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕੀਤਾ ਗਿਆ ਸੀ ਅਤੇ ਐੱਮ.ਐੱਮ.ਐੱਸ.ਵਾਈ ਤਹਿਤ 37 ਸਾਲਾ ਔਰਤ ਦੇ ਦਿਲ ਦੀ ਸਫ਼ਲ ਸਰਜਰੀ 'ਤੇ ਵੀ ਚਾਨਣਾ ਪਾਇਆ। ਉਨ੍ਹਾਂ ਅੱਗੇ ਕਿਹਾ, "ਇਹ ਪੰਜਾਬ ਸਰਕਾਰ ਵੱਲੋਂ ਆਪਣੇ ਅਦਾਰਿਆਂ ਨੂੰ ਅਪਗ੍ਰੇਡ ਕਰਨ ਦੇ ਯਤਨਾਂ ਨੂੰ ਦਰਸਾਉਂਦਾ ਹੈ ਤਾਂ ਜੋ ਸੂਬੇ ਦੇ ਲੋਕਾਂ ਨੂੰ ਅਡਵਾਂਸ ਸੁਪਰ-ਸਪੈਸ਼ਲਿਟੀ ਸੇਵਾਵਾਂ ਉਪਲਬਧ ਕਰਵਾਈਆਂ ਜਾ ਸਕਣ।"
ਇਸ ਮੌਕੇ ਕੈਬਨਿਟ ਮੰਤਰੀ ਡਾ: ਬਲਬੀਰ ਸਿੰਘ, ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਅਤੇ ਹੋਰ ਵੀ ਹਾਜ਼ਰ ਸਨ।