ਨਵੀਂ ਦਿੱਲੀ - ਸਿੱਖ ਧਰਮ ਦੀਆਂ ਮਹਾਨ ਪਰੰਪਰਾਵਾਂ, ਇਤਿਹਾਸ, ਸੱਭਿਆਚਾਰ ਅਤੇ ਮਨੁੱਖਤਾ ਦੀ ਸੇਵਾ ਦੇ ਫਲਸਫੇ ਨੂੰ ਨੇੜਿਓਂ ਸਮਝਣ ਲਈ ਸਵਿਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਇੱਕ ਉੱਚ-ਪੱਧਰੀ ਵਫ਼ਦ ਨੇ ਡੈਨੀਕਨ ਸਥਿਤ ਗੁਰਦੁਆਰਾ ਸਾਹਿਬ ਦਾ ਵਿਸ਼ੇਸ਼ ਦੌਰਾ ਕੀਤਾ। ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਇਸ ਸੁੰਦਰ ਰਵਾਇਤ ਤਹਿਤ ਪਹੁੰਚੇ ਵਫ਼ਦ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਥਾਨਕ ਸਿੱਖ ਸੰਗਤ ਵੱਲੋਂ ਨਿੱਘੇ ਮਾਹੌਲ ਵਿੱਚ ਸਵਾਗਤ ਕੀਤਾ ਗਿਆ। ਇਸ ਮੌਕੇ ਭਾਈ ਪ੍ਰਿਤਪਾਲ ਸਿੰਘ ਖਾਲਸਾ ਨੇ ਵਿਦਿਆਰਥੀਆਂ ਨੂੰ ਸਿੱਖੀ ਦੇ ਬੁਨਿਆਦੀ ਸਿਧਾਂਤਾਂ—ਨਾਮ ਜਪਣਾ, ਕਿਰਤ ਕਰਨੀ ਅਤੇ ਵੰਡ ਛਕਣਾ—ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਬ-ਸਾਂਝੀਵਾਲਤਾ ਅਤੇ ਬਰਾਬਰੀ ਦੇ ਸੰਦੇਸ਼ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਸਿੱਖ ਇਤਿਹਾਸ ਵਿੱਚ ਧਰਮ, ਹੱਕ-ਸੱਚ ਅਤੇ ਮਨੁੱਖਤਾ ਦੀ ਰੱਖਿਆ ਲਈ ਦਿੱਤੀਆਂ ਮਹਾਨ ਕੁਰਬਾਨੀਆਂ ਬਾਰੇ ਵੀ ਵਿਸਥਾਰ ਨਾਲ ਚਾਨਣਾ ਪਾਇਆ। ਭਾਈ ਪ੍ਰਿਤਪਾਲ ਸਿੰਘ ਖਾਲਸਾ ਦੀ ਇਸ ਜਾਣਕਾਰੀ ਤੋਂ ਪ੍ਰਭਾਵਿਤ ਹੋ ਕੇ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕਰਦਿਆਂ ਧੰਨਵਾਦ ਕੀਤਾ। ਦੌਰੇ ਦੌਰਾਨ ਵਿਦਿਆਰਥੀਆਂ ਨੇ ਗੁਰਦੁਆਰਾ ਸਾਹਿਬ ਦੀ ਮਰਯਾਦਾ ਨੂੰ ਨੇੜਿਓਂ ਦੇਖਣ ਦੇ ਨਾਲ ਹਜ਼ੂਰੀ ਰਾਗੀ ਭਾਈ ਪੂਰਨ ਸਿੰਘ ਅਤੇ ਭਾਈ ਅਮਰਜੀਤ ਸਿੰਘ ਦੇ ਜੱਥੇ ਵੱਲੋਂ ਕੀਤੇ ਜਾ ਰਹੇ ਰਸਭਿੰਨੇ ਗੁਰਬਾਣੀ ਕੀਰਤਨ ਦਾ ਸਰਵਣ ਕੀਤਾ। ਇਸ ਉਪਰੰਤ ਉਨ੍ਹਾਂ ਨੇ ਸਿੱਖ ਪੰਥ ਦੀ ਵਿਲੱਖਣ ਸੰਸਥਾ ਗੁਰੂ ਕਾ ਲੰਗਰ ਵਿੱਚ ਸੰਗਤ ਨਾਲ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ। ਇੱਥੇ ਕਿਸੇ ਵੀ ਜਾਤ, ਧਰਮ ਜਾਂ ਸਮਾਜਿਕ ਪਿਛੋਕੜ ਦਾ ਕੋਈ ਭੇਦ ਨਹੀਂ ਸੀ, ਜੋ ਸਿੱਖੀ ਦੀ ਬਰਾਬਰੀ ਅਤੇ ਸਾਂਝੀਵਾਲਤਾ ਦੀ ਭਾਵਨਾ ਦਾ ਪ੍ਰਤੱਖ ਰੂਪ ਸੀ। ਲੰਗਰ ਦੀ ਸੇਵਾ ਭਾਈ ਜਗਦੀਪ ਸਿੰਘ ਬਿੱਲਾ ਵੱਲੋਂ ਸ਼ਰਧਾ ਨਾਲ ਨਿਭਾਈ ਗਈ, ਜਦਕਿ ਸਮੁੱਚੇ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਭਾਈ ਕਰਨੈਲ ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਵਿਦਿਆਰਥੀਆਂ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਮਹਿਮਾਨਨਿਵਾਜ਼ੀ, ਬਰਾਬਰੀ ਦੀ ਭਾਵਨਾ ਅਤੇ ਲੰਗਰ ਦੀ ਪਰੰਪਰਾ ਨੇ ਉਨ੍ਹਾਂ ਨੂੰ ਡੂੰਘਾਈ ਨਾਲ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਅਨੁਸਾਰ ਮਨੁੱਖਤਾ ਨੂੰ ਇੱਕ ਪਰਿਵਾਰ ਮੰਨਣ ਦਾ ਇਹ ਵਿਚਾਰ ਅੱਜ ਦੀ ਦੁਨੀਆ ਲਈ ਬੇਹੱਦ ਪ੍ਰੇਰਣਾਦਾਇਕ ਹੈ। ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਨੇ ਕਿਹਾ ਕਿ ਸਵਿਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਪਿਛਲੇ ਕਈ ਸਾਲਾਂ ਤੋਂ ਇੱਥੇ ਲਗਾਤਾਰ ਆਉਣਾ ਵੱਖ-ਵੱਖ ਧਰਮਾਂ ਅਤੇ ਸੱਭਿਆਚਾਰਾਂ ਦਰਮਿਆਨ ਵਧ ਰਹੀ ਸਾਂਝ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਅਜਿਹੇ ਦੌਰੇ ਆਪਸੀ ਸਮਝ, ਸਤਿਕਾਰ, ਅਮਨ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ। ਵਿਦਿਆਰਥੀਆਂ ਨੇ ਵੀ ਇਸ ਯਾਤਰਾ ਨੂੰ ਆਪਣੇ ਲਈ ਇੱਕ ਯਾਦਗਾਰ ਅਤੇ ਸਿੱਖਿਆਦਾਇਕ ਤਜਰਬਾ ਦੱਸਿਆ। ਦੌਰੇ ਦੇ ਅੰਤ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਯਾਦਗਾਰੀ ਸਨਮਾਨ ਦੇ ਕੇ ਵਿਦਾਇਗੀ ਦਿੱਤੀ ਗਈ। ਇਸ ਤਰ੍ਹਾਂ ਡੈਨੀਕਨ ਗੁਰਦੁਆਰਾ ਸਾਹਿਬ ਦਾ ਇਹ ਦੌਰਾ ਸਿੱਖ ਧਰਮ ਦੀ ਸੇਵਾ, ਸਾਂਝੀਵਾਲਤਾ, ਬਰਾਬਰੀ ਅਤੇ ਮਨੁੱਖਤਾ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਨਵੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਵਾਲਾ ਸਾਰਥਕ ਉਪਰਾਲਾ ਬਣਿਆ।