ਲੁਧਿਆਣਾ-ਸੰਪੂਰਨ ਗੁਰਸਿੱਖ, ਤਿੰਨ ਉਲੰਪਿਕਸ ਦੋ ਗੋਲਡ ਮੈਡਲ ਜੇਤੂ ਹਾਕੀ ਖਿਡਾਰੀ ਸ. ਬਲਬੀਰ ਸਿੰਘ ਸੀਨੀਅਰ ਦੀ ਤਸਵੀਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀਨ ਪ੍ਰਧਾਨ ਸ. ਗੋਬਿੰਦ ਸਿੰਘ ਲੌਂਗੋਵਾਲ ਦੇ ਐਲਾਨ ਦੇ ਬਾਵਜੂਦ ਵੀ ਅੱਜ ਤੀਕ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਕਿਉਂ ਨਹੀਂ ਲੱਗ ਸਕੀ? ਇਸ ਦਾ ਉੱਤਰ ਦੇਸ਼ ਬਦੇਸ਼ ਵਿੱਚ ਵੱਸਦੀਆਂ ਸਿੱਖ ਸੰਗਤਾਂ ਮੰਗਦੀਆਂ ਹਨ।
“ਗੋਲਡਨ ਹੈਟ ਟਰਿੱਕ” ਦੇ ਸਰਵੋਤਮ ਸਨਮਾਨ ਨਾਲ ਜਾਣੇ ਜਾਂਦੇ ਸ. ਬਲਬੀਰ ਸਿੰਘ ਸੀਨੀਅਰ ਦੀ ਜੀਵਨੀ ਲਿਖਣ ਵਾਲੇ ਖੇਡ ਲਿਖਾਰੀ ਪ੍ਰਿੰਸੀਪਲ ਸਰਵਣ ਸਿੰਘ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਵਰਤਮਾਨ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਜੀ ਨੂੰ ਅਪੀਲ ਕੀਤੀ ਹੈ ਕਿ ਇਸ ਮਾਣ ਮੱਤੇ ਸਿੱਖੀ ਸਰੂਪ ਵਾਲੇ ਖਿਡਾਰੀ ਦੀ ਤਸਵੀਰ ਤੁਰੰਤ ਕੇਂਦਰੀ ਸਿੱਖ ਅਜਾਇਬਘਰ ਵਿੱਚ ਸ਼ੁਸ਼ੋਭਿਤ ਕੀਤੀ ਜਾਵੇ। ਇਹ ਵੀ ਪਤਾ ਲੱਗਾ ਹੈ ਕਿ ਪਰਿਵਾਰ ਕੋਲੋਂ ਤਸਵੀਰ ਹਾਸਲ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੇਂਟਿੰਗ ਵੀ ਤਿਆਰ ਕਰਵਾ ਚੁੱਕੀ ਹੈ। ਇਹ ਸਭ ਕੁਝ ਲੋੜੀਂਦਾ ਮਤਾ ਪਾਸ ਹੋਣ ਤੋਂ ਮਗਰੋਂ ਹੀ ਕੀਤਾ ਗਿਆ ਸੀ।
ਸੂਚਨਾ ਹਿਤ ਦੱਸਿਆ ਜਾਂਦਾ ਹੈ ਕਿ 25 ਮਈ 2020 ਨੂੰ ਜਦੋਂ ਓਲੰਪਿਕ ਖੇਡਾਂ ਦੇ ਸਿਰਮੌਰ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਦਾ ਜਦ ਦੇਹਾਂਤ ਹੋਇਆ ਸੀ ਤਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਨੇ ਅਖ਼ਬਾਰਾਂ `ਚ ਬਿਆਨ ਦਿੱਤਾ ਸੀ ਕਿ ਗੁਰਸਿੱਖ ਖਿਡਾਰੀ ਬਲਬੀਰ ਸਿੰਘ ਦਾ ਚਿੱਤਰ ਕੇਂਦਰੀ ਸਿੱਖ ਅਜਾਇਬ ਘਰ `ਚ ਸਸ਼ੋਭਿਤ ਕੀਤਾ ਜਾਵੇਗਾ। ਬਲਬੀਰ ਸਿੰਘ ਨੇ ਹਾਕੀ ਦੀ ਖੇਡ ਦੇ ਨਾਲ-ਨਾਲ ਵਿਸ਼ਵ ਭਰ `ਚ ਸਿੱਖ ਸਰੂਪ ਦੀ ਪ੍ਰਦਰਸ਼ਨੀ ਕਰ ਕੇ ਸਿੱਖੀ ਦੀ ਵੀ ਸੇਵਾ ਕੀਤੀ ਹੈ। ਇਸ ਚਿੱਤਰ ਨਾਲ ਸਿੱਖ ਨੌਜੁਆਨਾਂ ਨੂੰ ਸਾਬਤ ਸਰੂਪ ਰਹਿਣ ਤੇ ਖੇਡਣ ਦੀ ਪ੍ਰੇਰਨਾ ਮਿਲੇਗੀ। ਬਲਬੀਰ ਸਿੰਘ ਦੀ ਸਪੁੱਤਰੀ ਬੀਬੀ ਸੁਸ਼ਬੀਰ ਕੌਰ ਵੱਲੋਂ ਲੋੜੀਂਦਾ ਚਿੱਤਰ ਸ਼੍ਰੋਮਣੀ ਕਮੇਟੀ ਨੂੰ ਪਹੁੰਚਾਇਆ ਹੋਇਐ ਪਰ ਉਹ ਅੱਜ ਤਕ ਵੀ ਕੇਂਦਰੀ ਸਿੱਖ ਅਜਾਇਬ ਘਰ ਸ਼੍ਰੀ ਅੰਮ੍ਹਿਤਸਰ ਸਾਹਿਬ ਵਿਚ ਸਸ਼ੋਭਿਤ ਨਹੀਂ ਕੀਤਾ ਗਿਆ ਜਦ ਕਿ ਲੌਂਗੋਵਾਲ ਜੀ ਦੇ ਬਿਆਨ ਤੋਂ ਬਾਅਦ ਕਈ ਹੋਰ ਵਿਅਕਤੀਆਂ ਦੇ ਚਿੱਤਰ ਸਸ਼ੋਭਿਤ ਕੀਤੇ ਜਾ ਚੁੱਕੇ ਹਨ ਪਰ ਚਿੱਠੀ ਪੱਤਰ ਕਰਨ ਦੇ ਬਾਵਜੂਦ ਬਲਬੀਰ ਸਿੰਘ ਦਾ ਚਿੱਤਰ ਹਾਲੇ ਤਕ ਵੀ ਸਜਾਇਆ ਨਹੀਂ ਕੀਤਾ ਗਿਆ।
ਏਥੇ ਇਹ ਦੱਸਣਾ ਯੋਗ ਹੋਵੇਗਾ ਕਿ ਪੰਜਾਬ ਸਰਕਾਰ ਨੇ ਆਪਣਾ ਫਰਜ਼ ਸਮਝਦਿਆਂ ਮੁਹਾਲੀ ਵਾਲੇ ਹਾਕੀ ਸਟੇਡੀਅਮ ਦਾ ਨਾਂ ‘ਸ. ਬਲਬੀਰ ਸਿੰਘ ਸੀਨੀਅਰ ਸਟੇਡੀਅਮ’ ਰੱਖ ਦਿੱਤਾ ਹੈ ਅਤੇ ਪੰਜਾਬ ਦੇ ਹੋਣਹਾਰ ਖਿਡਾਰੀਆਂ ਲਈ ‘ਬਲਬੀਰ ਸਿੰਘ ਸੀਨੀਅਰ ਵਜ਼ੀਫ਼ਾ ਸਕੀਮ’ ਸ਼ੁਰੂ ਕਰਨ ਦਾ ਵੀ ਫੈਸਲਾ ਕੀਤਾ ਹੈ।
ਬਲਬੀਰ ਸਿੰਘ ਬਾਰੇ ਵੀ ਸੰਖੇਪ ਜਾਣਕਾਰੀ ਦੇਂਦਿਆਂ ਪ੍ਰਿੰਸੀਪਲ ਸਰਵਣ ਸਿੰਘ ਤੇ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ
ਸ. ਬਲਬੀਰ ਸਿੰਘ ਸੀਨੀਅਰ ਦਾ ਜਨਮ 31 ਦਸੰਬਰ 1923 ਨੂੰ ਪਿੰਡ ਹਰੀਪੁਰ ਖ਼ਾਲਸਾ, ਤਹਿਸੀਲ ਫਿਲੌਰ (ਜਲੰਧਰ)ਵਿਖੇ ਸੁਤੰਤਰਤਾ ਸੰਗਰਾਮੀ ਗਿਆਨੀ ਦਲੀਪ ਸਿੰਘ ਦੇ ਘਰ ਹੋਇਆ ਸੀ ਜੋ ਬਾਅਦ ਵਿਚ ਮੋਗਾ ਵਿਖੇ ਅਧਿਆਪਕ ਵੀ ਰਹੇ। ਸ. ਬਲਬੀਰ ਸਿੰਘ ਨੇ ਮੋਗਾ ਤੋਂ ਹੀ ਹਾਕੀ ਖੇਡਣੀ ਸ਼ੁਰੂ ਕੀਤੀ ਜਿਸ ਕਰਕੇ ਮੋਗੇ ਵਾਲਾ ਬਲਬੀਰ ਵੀ ਕਿਹਾ ਜਾਂਦਾ ਰਿਹਾ। ਹਾਕੀ ਦੀ ਖੇਡ ਦੇ ‘ਗੋਲ ਕਿੰਗ’ ਨੇ ਓਲੰਪਿਕ ਖੇਡਾਂ `ਚੋਂ ਤਿੰਨ ਗੋਲਡ ਮੈਡਲ ਜਿੱਤੇ ਤੇ ਉਸ ਨੂੰ ‘ਗੋਲਡਨ ਹੈਟ ਟ੍ਰਿਕ’ ਵਾਲਾ ਬਲਬੀਰ ਵੀ ਕਿਹਾ ਜਾਂਦੈ। ਹੈਲਸਿੰਕੀ-1952 ਦੀਆਂ ਓਲੰਪਿਕ ਖੇਡਾਂ ਦੇ ਸੈਮੀ ਫਾਈਨਲ ਤੇ ਫਾਈਨਲ ਮੈਚਾਂ `ਚ ਭਾਰਤੀ ਟੀਮ ਦੇ ਕੁਲ 9 ਗੋਲਾਂ ਵਿਚੋਂ 8 ਗੋਲ ਉਸ ਦੀ ਸਟਿੱਕ ਨਾਲ ਹੋਏ ਸਨ। ਫਾਈਨਲ ਮੈਚ ਵਿਚ ਭਾਰਤੀ ਟੀਮ ਦੇ 6 ਗੋਲਾਂ `ਚੋਂ ਉਸ ਦੇ 5 ਗੋਲ ਸਨ ਜੋ ਓਲੰਪਿਕ ਖੇਡਾਂ ਦਾ ਅਜੇ ਤਕ ਰਿਕਾਰਡ ਹੈ। 1957 ਵਿਚ ਉਸ ਨੂੰ ਭਾਰਤੀ ਖਿਡਾਰੀਆਂ ਵਿਚੋਂ ਸਭ ਤੋਂ ਪਹਿਲਾਂ ਪਦਮ ਸ਼੍ਰੀ ਪੁੁਰਸਕਾਰ ਦਿੱਤਾ ਗਿਆ। ਉਹ ਹਾਕੀ ਖੇਡ ਕੇ, ਕੋਚਿੰਗ ਦੇ ਕੇ, ਮੈਨੇਜਰੀ ਕਰ ਕੇ, ਕੋਚਿੰਗ ਦੀ ਕਿਤਾਬ ਲਿਖ ਕੇ ਤੇ ਪੰਜਾਬ ਦਾ ਖੇਡ ਡਾਇਰੈਕਟਰ ਬਣ ਕੇ ਹਰ ਪੱਖੋਂ ਖੇਡਾਂ ਦੀ ਪ੍ਰਮੋਸ਼ਨ ਕਰਦਾ ਰਿਹਾ।
ਭਾਰਤ ਨੇ ਓਲੰਪਿਕ ਖੇਡਾਂ `ਚੋਂ ਹੁਣ ਤਕ ਹਾਕੀ ਦੇ ਅੱਠ ਗੋਲਡ ਮੈਡਲ ਜਿੱਤੇ ਹਨ ਪਰ ਹਾਕੀ ਦਾ ਵਿਸ਼ਵ ਕੱਪ ਇਕੋ ਵਾਰ ਜਿੱਤਿਆ ਜੋ 1975 ਵਿਚ ਕੁਆਲਾਲੰਪੁਰ ਖੇਡਿਆ ਗਿਆ। ਉਦੋਂ ਟੀਮ ਦਾ ਮੁੱਖ ਕੋਚ/ਮੈਨੇਜਰ ਬਲਬੀਰ ਸਿੰਘ ਹੀ ਸੀ ਜੋ 25 ਮਈ 2020 ਨੂੰ ਅਕਾਲ ਚਲਾਣਾ ਕਰ ਗਿਆ। 2012 ਵਿਚ ਲੰਡਨ ਦੀਆਂ ਓਲੰਪਿਕ ਖੇਡਾਂ ਮੌਕੇ ਜਿਹੜੇ 16 ‘ਆਈਕੋਨਿਕ ਓਲੰਪੀਅਨ’ ਚੁਣੇ ਗਏ, ਹਾਕੀ ਦਾ ਸਿਰਫ਼ ਉਹੀ ਇਕੋ-ਇਕ ਖਿਡਾਰੀ ਸੀ ਜਿਸ ਨੂੰ ਇਹ ਮਾਣ ਮਿਲਿਆ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਤਾਂ ਉਸ ਨੂੰ ਓਲੰਪਿਕ ਰਤਨ ਬਣਾ ਹੀ ਦਿੱਤਾ ਹੈ, ਭਾਰਤ ਸਰਕਾਰ ਪਤਾ ਨਹੀਂ ਕਦੋਂ ਭਾਰਤ ਰਤਨ ਬਣਾਵੇ?
ਬਲਬੀਰ ਸਿੰਘ ਆਖ਼ਰੀ ਸਾਹਾਂ ਤਕ ਕਹਿੰਦਾ ਰਿਹਾ, “ਜਿਵੇਂ ਮੈਚ ਬਰਾਬਰ ਰਹਿ ਜਾਣ ਪਿੱਛੋਂ ਐਕਸਟਰਾ ਟਾਈਮ ਦਿੱਤਾ ਜਾਂਦੈ, ਐਕਸਟਰਾ ਟਾਈਮ ਵਿਚ ਮੈਚ ਬਰਾਬਰ ਰਹੇ ਤਾਂ ਗੋਲਡਨ ਗੋਲ ਦਾ ਸਮਾਂ ਹੁੰਦੈ, ਉਵੇਂ ਮੈਂ ਵੀ ਹੁਣ ਗੋਲਡਨ ਗੋਲ ਦੀ ਉਡੀਕ ਵਿਚ ਹਾਂ!” ਗੋਲਡਨ ਗੋਲ ਤਾਂ ਕਦੋਂ ਦਾ ਹੋ ਚੁੱਕੈ। ਭਾਰਤ ਸਰਕਾਰ ਪਤਾ ਨਹੀਂ ਹੁਣ ਕਿਹੜੇ ‘ਗੋਲਡਨ ਗੋਲ’ ਦੀ ਉਡੀਕ ਵਿਚ ਹੈ? ਤੇ ਸਿੱਖਾਂ ਦੀ ਸਰਬਉੱਚ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਵੀ ਆਪਣੇ ਗੁਰਸਿੱਖ ਖਿਡਾਰੀ ਦਾ ਚਿੱਤਰ ਸਸ਼ੋਭਿਤ ਕਰਨ `ਚ ਹੁਣ ਕਾਹਦੀ ਉਡੀਕ ਹੈ?
ਸ. ਬਲਬੀਰ ਸਿੰਘ ਸੀਨੀਅਰ ਦੀ ਛੇਵੀਂ ਬਰਸੀ (25 ਮਈ 2023) ਵੀ ਲੰਘ ਚੁੱਕੀ ਹੈ ਅਤੇ ਪ੍ਰਧਾਨ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨਾਲ ਵੀ ਪਰਿਵਾਰ ਵੱਲੋਂ ਲਗਾਤਾਰ ਚਿੱਠੀ ਪੱਤਰ ਹੋ ਚੁੱਕਾ ਹੈ।
ਭਾਰਤ ਸਰਕਾਰ ਵੱਲੋਂ ਤਾਂ ਸਚਿਨ ਤੈਂਦੁਲਕਰ ਨੂੰ ਭਾਰਤ ਰਤਨ ਪੁਰਸਕਾਰ ਦੇਣਾ ਤੇ ਸ. ਬਲਬੀਰ ਸਿੰਘ ਨੂੰ ਅੱਖੋਂ ਪਰੋਖੇ ਕਰਨਾ ਤਾਂ ਸਮਝ ਵਿਚ ਆਉਂਦਾ ਹੈ, ਪਰ ਸ਼੍ਰੋਮਣੀ ਗੁਰਦਵਾਰਾ ਕਮੇਟੀ ਵੱਲੋਂ ਵਿਸ਼ਵ ਦੇ ਅੱਵਲ ਨੰਬਰ ਗੁਰਸਿੱਖ ਹਾਕੀ ਖਿਡਾਰੀ ਦਾ ਚਿੱਤਰ ਗੁਰਮਤਾ ਕਰਕੇ ਵੀ ਨਾ ਲਾਉਣਾ ਸਮਝ ਵਿਚ ਨਹੀਂ ਆ ਰਿਹਾ।
ਕੈਨੇਡਾ ਦੇ ਵੱਡੇ ਗੁਰਦਵਾਰੇ ਉਨਟਾਰੀਓ ਖਾਲਸਾ ਦਰਬਾਰ ਟੋਰੰਟੋ ਦੀ ਲਾਇਬ੍ਰੇਰੀ ਵਿਚ ਬਲਬੀਰ ਸਿੰਘ ਦਾ ਚਿੱਤਰ ਸਜਾਇਆ ਹੋਇਐ। ਜੇਕਰ ਬਲਬੀਰ ਸਿੰਘ ਦੇ ਗੁਰਸਿੱਖ ਹੋਣ ਵਿਚ ਕੋਈ ਸ਼ੰਕਾ ਹੋਵੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੱਸ ਦੇਣਾ ਚਾਹੀਦਾ ਹੈ ਤਾਂ ਜੋ ਬਲਬੀਰ ਸਿੰਘ ਧੀ ਸੁਸ਼ਬੀਰ ਕੌਰ ਦਾ ਪਰਿਵਾਰ ਤੇ ਵਿਸ਼ਵ ਭਰ ਵਿੱਚ ਵੱਸਦੇ ਸਿੱਖ ਵਾਰ ਵਾਰ ਬੇਨਤੀਆਂ ਕਰਨੀਆਂ ਬੰਦ ਕਰ ਦੇਈਏ।