ਨਵੀਂ ਦਿੱਲੀ - ਆਗਰਾ ਦੀ ਐਮਪੀਐਮਐਲਏ ਅਦਾਲਤ ਅੰਦਰ ਬੀਤੇ ਦਿਨ ਅਭਿਨੇਤਰੀ ਅਤੇ ਹਿਮਾਚਲ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੇ ਮਾਮਲੇ 'ਚ ਸੁਣਵਾਈ ਹੋਈ। ਅਦਾਕਾਰਾ ਅਦਾਲਤ 'ਚ ਪੇਸ਼ ਨਹੀਂ ਹੋਈ ਤੇ ਨਾ ਹੀ ਉਸ ਦਾ ਵਕੀਲ ਪਹੁੰਚਿਆ। ਇਸ ਤੋਂ ਪਹਿਲਾਂ 12 ਨਵੰਬਰ ਨੂੰ ਵੀ ਅਦਾਲਤ ਵਿੱਚ ਸੁਣਵਾਈ ਹੋਈ ਸੀ ਅਤੇ ਅਦਾਕਾਰਾ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਸੀ। ਨੋਟਿਸ ਦੇ ਅਨੁਸਾਰ 28 ਨਵੰਬਰ ਨੂੰ, ਭਾਜਪਾ ਦੇ ਸੰਸਦ ਮੈਂਬਰ ਨੇ ਆਪਣੇ ਵਕੀਲ ਦੁਆਰਾ ਜਾਂ ਕਿਸੇ ਵਕੀਲ ਦੇ ਜ਼ਰੀਏ ਐਮਪੀਐਮਐਲਏ ਅਦਾਲਤ ਵਿੱਚ ਆਪਣਾ ਪੱਖ ਪੇਸ਼ ਕਰਨਾ ਸੀ, ਵਿਸ਼ੇਸ਼ ਅਦਾਲਤ ਦੇ ਐਮਪੀਐਮਐਲਏ ਜਸਟਿਸ ਅਨੁਜ ਕੁਮਾਰ ਸਿੰਘ ਵਲੋਂ ਨੋਟਿਸ ਜਾਰੀ ਹੋਣ ਤੋਂ ਬਾਅਦ ਵੀ ਅਭਿਨੇਤਰੀ ਕੰਗਨਾ ਰਣੌਤ ਨਾ ਤਾਂ ਸੁਣਵਾਈ 'ਤੇ ਆਈ ਅਤੇ ਨਾ ਹੀ ਉਸ ਦੀ ਤਰਫੋਂ ਕੋਈ ਵਕੀਲ ਅਦਾਲਤ 'ਚ ਪੇਸ਼ ਹੋਇਆ। ਅਦਾਲਤ ਅਗਲੀ ਸੁਣਵਾਈ ਤੋਂ ਬਾਅਦ ਆਪਣਾ ਹੁਕਮ ਕੀ ਜਾਰੀ ਕਰਦੀ ਹੈ ਉਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ । ਇਸ ਸਬੰਧੀ ਆਗਰਾ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਵਕੀਲ ਰਮਾਸ਼ੰਕਰ ਸ਼ਰਮਾ ਨੇ ਬੀਤੀ 11 ਸਤੰਬਰ ਨੂੰ ਵਿਸ਼ੇਸ਼ ਜੱਜ ਐਮਪੀਐਮਐਲਏ ਅਦਾਲਤ ਵਿੱਚ ਕੰਗਨਾ ਰਣੌਤ ਖ਼ਿਲਾਫ਼ ਦੇਸ਼ ਧ੍ਰੋਹ ਅਤੇ ਅਪਮਾਨ ਦੀਆਂ ਧਾਰਾਵਾਂ ਤਹਿਤ ਕੇਸ ਦਾਇਰ ਕੀਤਾ ਸੀ। ਦੋਸ਼ ਲਾਇਆ ਗਿਆ ਸੀ ਕਿ ਭਾਜਪਾ ਦੀ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੇ ਬੀਤੀ 26 ਅਗਸਤ ਨੂੰ ਇੱਕ ਇੰਟਰਵਿਊ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਕਾਤਲ ਦੱਸਿਆ ਸੀ ਅਤੇ ਉਨ੍ਹਾਂ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵੀ ਵਰਤੀ ਸੀ। ਅਦਾਲਤ ਅੰਦਰ ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 12 ਦਸੰਬਰ ਲਈ ਤੈਅ ਕੀਤੀ ਗਈ ਹੈ ।